ਲੁਧਿਆਣਾ: ਮੁੱਖ ਮੰਤਰੀ ਬੇਅੰਤ ਸਿੰਘ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਈਂ ਕਈ ਮਾਮਲੇ ਦਰਜ਼ ਕੀਤੇ ਗਏ ਸਨ, ਜੋ ਕਿ ਹੁਣ ਇਕ-ਇਕ ਕਰਕੇ ਅਦਾਲਤਾਂ ਵਿਚ ਬਰੀ ਹੁੰਦੇ ਜਾ ਰਹੇ ਹਨ। ਇਸੇ ਕੜੀ ਤਹਿਤ ਸ਼ੁੱਕਰਵਾਰ (23 ਨਵੰਬਰ ਨੂੰ) ਲੁਧਿਆਣੇ ਦੀ ਇਕ ਅਦਾਲਤ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਰਜ਼ ਮੁਕਦਮਾ ਐਫ.ਆਈ.ਆਰ. ਨੰ. 134/1995 (ਠਾਣਾ ਕੋਤਵਾਲੀ, ਲੁਧਿਆਣਾ) ਬਰੀ ਕਰ ਦਿੱਤਾ ਗਿਆ।
ਇਸ ਮਾਮਲੇ ਵਿਚ ਪੁਲਿਸ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਬਾਰੂਦ ਅਤੇ ਹਥਿਆਰਾਂ ਦੀ ਬਰਾਮਦਗੀ ਵਿਖਾਈ ਗਈ ਸੀ।
ਭਾਈ ਜਵਤਾਰ ਸਿੰਘ ਹਵਾਰੇ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਦੋਸ਼ਾਂ ਵਿਚ ਬਿਆਨੀਆਂ ਚੀਜਾਂ ਦੀ ਬਰਾਮਦਗੀ ਨੂੰ ਅਦਾਲਤ ਵਿਚ ਸਾਬਤ ਨਹੀਂ ਕਰ ਸਕੀ ਅਤੇ ਇਸ ਮਾਮਲੇ ਵਿਚ ਦੋ ਦਹਾਕੇ ਤੋਂ ਵੱਧ ਸਮਾਂ ਹਿਰਾਸਤੀ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ।
ਉਹਨਾਂ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ, ਜੋ ਕਿ ਬੇਅੰਤ ਸਿੰਘ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਉਮਰ ਕੈਦੀ ਵਜੋਂ ਕੈਦ ਹਨ ਵਿਰੁਧ ਹੁਣ ਇਕ ਹੋਰ ਮਾਮਲਾ ਹੀ ਬਾਕੀ ਰਹਿ ਗਿਆ ਹੈ ਜਿਸ ਦਾ ਫੈਸਲਾ ਛੈਤੀ ਹੀ ਆਉਣ ਦੀ ਆਸ ਹੈ। ਇਸ ਬਾਕੀ ਬਚੇ ਮਾਮਲੇ ਦੀ ਸੁਣਵਾਈ ਸ਼ਨਿੱਚਰਵਾਰ (23 ਨਵੰਬਰ ਨੂੰ) ਹੋਣੀ ਹੈ।