ਸ਼ਹੀਦ ਭਾਈ ਜਗਜੀਤ ਸਿੰਘ ਜੰਮੂ

ਸਿੱਖ ਖਬਰਾਂ

ਜੰਮੂ ਪੁਲਿਸ ਨੇ ਸਿੱਖ ਨੌਜਵਾਨ ਨੂੰ ਸਿਰ ਵਿਚ ਗੋਲੀ ਮਾਰ ਕੇ ਸ਼ਹੀਦ ਕੀਤਾ; ਰਾਣੀਬਾਗ ਇਲਾਕੇ ਵਿਚ ਕਰਫਿਊ ਲਗਾਇਆ

By ਸਿੱਖ ਸਿਆਸਤ ਬਿਊਰੋ

June 04, 2015

ਜੰਮੂ: ਜੰਮੂ ਵਿਚ ਪੁਲਿਸ ਵਲੋਂ “ਘੱਲੂਘਾਰਾ ਜੂਨ 1984 – ਸ਼ਹੀਦੀ ਸਮਾਗਮ” ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਬੋਰਡ ਉਤਾਰਨ ਉਤੇ ਬਣਿਆ ਤਣਾਅ ਅੱਜ ਉਸ ਸਮੇਂ ਭਿਅੰਕਰ ਰੂਪ ਧਾਰ ਗਿਆ ਜਦੋਂ ਕਿ ਜੰਮੂ ਪੁਲਿਸ ਵਲੋਂ ਰਾਤੋ-ਰਾਤ ਸਾਰੇ ਬੋਰਡ ਉਤਾਰ ਕੇ ਸਵੇਰੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਣੀਬਾਗ ਇਕਾਲੇ ਵਿਚ ਪੁਲਿਸ ਕਾਰਵਾਈ ਦਾ ਵਿਰੋਧ ਕਰਦੇ ਸਿੱਖਾਂ ਉੱਤੇ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ ਜਿਸ ਵਿਚ ਇਕ ਸਿੱਖ ਨੌਜਵਾਨ ਭਾਈ ਜਗਜੀਤ ਸਿੰਘ ਵਾਸੀ ਰਣਬੀਰ ਸਿੰਘ ਪੁਰਾ (ਜੰਮੂ) ਦੀ ਸਿਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਕੁਝ ਹੋਰ ਸਿੱਖ ਨੌਜਵਾਨ ਗੰਭੀਰ ਜਖਮੀ ਹੋ ਗਏ। ਬਾਅਦ ਵਿਚ ਇਸ ਇਕਾਲੇ ਵਿਚ ਕਰਫਿਊ ਲਗਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨ (3 ਜੂਨ ਨੂੰ) ਸਤਵਾੜੀ ਠਾਣਾ ਮੁਖੀ ਕੁਲਵਿੰਦਰ ਚੌਧਰੀ ਵਲੋਂ “ਘੱਲੂਘਾਰਾ ਜੂਨ 1984 – ਸ਼ਹੀਦੀ ਸਮਾਗਮ” ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲਾ ਬੋਰਡ ਉਤਾਰਨ ਉੱਤੇ ਸਿੱਖ ਨੌਜਵਾਨਾਂ ਅਤੇ ਜੰਮੂ ਪੁਲਿਸ ਦਰਮਿਆਨ ਟਕਰਾਅ ਹੋ ਗਿਆ ਸੀ, ਜਿਸ ਵਿਚ ਪੁਲਿਸ ਠਾਣਾਮੁਖੀ ਕੁਵਿੰਦਰ ਚੌਧਰੀ ਸਮੇਤ ਇੱਕ ਸਬ-ਇੰਸਪੈਕਟਰ ਦੀ ਸਿੱਖ ਨੌਜਵਾਨਾਂ ਵਲੋਂ ਖਿੱਚ ਧੁਹ ਕੀਤੀ ਗਈ ਸੀ।

ਘਟਨਾ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਪੁਲਿਸ ਵਲੋਂ ਸਿੱਖ ਸ਼ਹੀਦਾਂ ਦਾ ਅਪਮਾਨ ਕਰਨ ਦੇ ਰੋਸ ਵਿਚ ਸੜਕ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਉੱਤੇ ਜੰਮੂ ਦਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਐਸ. ਡੀ. ਐਮ. ਤੇ ਡੀ. ਸੀ. ਸਮੇਤ ਪੁਲਿਸ ਅਫਸਰਾਂ ਨੇ ਦੋਸ਼ੀ ਠਾਣੇਦਾਰ ਨੂੰ ਮੁਅੱਤਲ ਕਰਨ ਤੇ ਸਮਾਗਮ ਵਿਚ ਵਿਘਨ ਨਾ ਪਾਉਣ ਦਾ ਭਰੋਸਾ ਦਿਵਾਇਆ ਸੀ।

ਸਮਾਗਮ ਦੇ ਪ੍ਰਬੰਧਕਾਂ ਵਿਚੋਂ ਇੱਕ ਨੇ ਸਿੱਖ ਸਿਆਸਤ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਹ ਸ਼ਹੀਦੀ ਸਮਾਗਮ ਬੀਤੇ ਦੋ ਦਹਾਕਿਆ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਇਹਾ ਕਿ ਇਸ ਵਾਰ ਕੁਝ ਦਿਨਾਂ ਤੋਂ ਸਥਾਨਕ ਸ਼ਿਵ ਸੈਨਾ ਕਾਰਕੁੰਨ ਸਮਾਗਮ ਦਾ ਵਿਰੋਧ ਕਰ ਰਹੇ ਸਨ। 3 ਜੂਨ ਨੂੰ ਸ਼ਿਵ ਸੈਨਾ ਕਾਰਕੁੰਨ ਠਾਣੇਦਾਰ ਕੁਲਵਿੰਦਰ ਠਾਕੁਰ ਨੂੰ ਨਾਲ ਲੈ ਕੇ ਸ਼ਹੀਦੀ ਸਮਾਗਮ ਦੇ ਬੋਰਡ ਉਤਾਰਨ ਆਏ ਸਨ, ਜਿਸ ਦਾ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਸੀ।

ਜ਼ਿਕਰਯੋਗ ਹੈ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਉੱਤੇ ਸਿੱਖਾਂ ਨੇ ਬੀਤੀ ਸ਼ਾਮ ਆਪਣਾ ਧਰਨਾ ਚੁੱਕ ਲਿਆ ਸੀ।

ਪਰ 3 ਅਤੇ 4 ਜੂਨ ਦਰਮਿਆਨੀ ਰਾਤ ਨੂੰ ਪੁਲਿਸ ਨੇ ਰਾਤੋ-ਰਾਤ ਸ਼ਹੀਦੀ ਸਮਾਗਮ ਵਾਲੇ ਬੋਰਡ ਲਾਹ ਦਿੱਤੇ ਤੇ ਸਵੇਰ ਵੇਲੇ ਤੱਕ ਬੋਰਡਾਂ ਵਾਲੀ ਥਾਂ ਉੱਤੇ ਪੁਲਿਸ ਦੀਆਂ ਟੋਲੀਆਂ ਪਹਿਰਾ ਦੇ ਰਹੀਆਂ ਸਨ। ਜਦੋਂ (4 ਜੂਨ) ਸਵੇਰ ਨੂੰ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਿੱਖ ਸੰਗਤਾਂ, ਜਿਨ੍ਹਾਂ ਵਿਚ ਨੌਜਵਾਨ ਕਾਫੀ ਗਿਣਤੀ ਵਿਚ ਸਨ, ਨੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ। ਪੁਲਿਸ ਵਲੋਂ ਸਿੱਖ ਨੌਜਵਾਨਾਂ ਨੂੰ ਫੜਨ ਤੇ ਮਾਰਨ-ਕੁੱਟਣ ਦੀ ਕੋਸ਼ਿਸ਼ ਤੋਂ ਮਾਹੌਲ ਵਿਗੜ ਗਿਆ ਤੇ ਪੁਲਿਸ ਨੇ ਸਿੱਖ ਨੌਜਵਾਨਾਂ ਨੂੰ ਦਬਾਉਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਨੌਜਵਾਨਾਂ ਉੱਤੇ ਹਮਲਾ ਕਰਨ ਵਾਲਿਆਂ ਵਿਚ ਪੁਲਿਸ ਦੇ ਨਾਲ-ਨਾਲ ਸੀ. ਆਰ. ਪੀ ਕਰਮਚਾਰੀ ਤੇ ਸ਼ਿਵ ਸੈਨਾ ਕਾਰਕੁੰਨ ਵੀ ਸ਼ਾਮਲ ਸਨ। ਕੁਝ ਰਿਪੋਰਟਾਂ ਅਨੁਸਾਰ ਪੁਲਿਸ ਨੇ ਸਿੱਖ ਜਵਾਨਾਂ ਨੂੰ ਪਿੱਛਾ ਕਰਕੇ ਅਤੇ ਘਰਾਂ ਵਿਚੋਂ ਕੱਢ ਕੇ ਵੀ ਕੁੱਟ-ਮਾਰ ਕੀਤੀ। ਇਸ ਦੌਰਾਨ ਇਕ ਸਿੱਖ ਨੌਜਵਾਨ ਭਾਈ ਜਗਜੀਤ ਸਿੰਘ ਦੇ ਸਿਰ ਵਿਚ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਤੋਂ ਇਲਾਵਾ ਕੁਝ ਹੋਰ (ਚਾਰ-ਪੰਜ) ਨੌਜਵਾਨ ਗੰਭੀਰ ਜਖਮੀ ਹੋਏ ਹਨ।

ਪ੍ਰਸ਼ਾਸਨ ਨੇ ਰਾਣੀਬਾਗ ਇਲਾਕੇ ਵਿਚ ਕਰਫਿਊ ਲਗਾ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਇਸ ਇਕਾਲੇ ਵਿਚ ਮੀਡੀਆ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਉਧਰ ਸਿੱਖ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸ਼ਹੀਦੀ ਸਮਾਗਮ ਹਰ ਹਾਲਤ ਵਿਚ ਕਰਨਗੇ। ਖਬਰ ਲਿਖੇ ਜਾਣ ਤੋਂ ਪਹਿਲਾਂ ਮਿਲੀ ਆਖਰੀ ਜਾਣਕਾਰੀ ਮੁਤਾਬਕ ਸਮਾਗਮ ਕਰਵਾਉਣ ਅਤੇ ਅੱਜ ਦੇ ਸਾਰੇ ਘਰਨਾਕ੍ਰਮ ਬਾਰੇ ਸਿੱਖ ਸੰਗਤਾਂ ਦੀ ਇਕੱਰਤਾ ਜਾਰੀ ਸੀ।

Read this news in English: 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: