ਆਮ ਖਬਰਾਂ

ਜਗਦੀਸ਼ ਗਗਨੇਜਾ ਕੇਸ: ਜੇਲ੍ਹ ਚੋਂ ਲਿਆਂਦੇ ਸ਼ਿਵ ਸੈਨਾ ਵਾਲੇ ਵਾਪਸ ਜੇਲ੍ਹ ਭੇਜੇ

By ਸਿੱਖ ਸਿਆਸਤ ਬਿਊਰੋ

September 01, 2016

ਜਲੰਧਰ: ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ’ਤੇ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚੋਂ ਜਲੰਧਰ ਲਿਆਂਦੇ ਗਏ ਚਾਰ ਸ਼ਿਵ ਸੈਨਕਾਂ ਤੋਂ ਪੁਲਿਸ ਸੱਤ ਦਿਨਾਂ ਦੇ ਰਿਮਾਂਡ ਦੌਰਾਨ ਕੋਈ ਗੱਲ ਸਾਹਮਣੇ ਨਹੀਂ ਲਿਆ ਸਕੀ। ਪੁਲਿਸ ਨੇ ਬੁੱਧਵਾਰ ਬਾਅਦ ਦੁਪਹਿਰ ਇਨ੍ਹਾਂ ਚਾਰਾਂ ਵਿੱਚੋਂ ਤਿੰਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਇਨ੍ਹਾਂ ਵਿੱਚੋਂ ਸਮਰ ਡਿਸੂਜ਼ਾ ਨੂੰ ਪੁਲਿਸ ਨੇ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਸੀ।

ਸੱਤ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਪੁਲਿਸ ਦੇ ਪੱਲੇ ਕੁਝ ਵੀ ਨਾ ਪੈਣ ’ਤੇ ਇਹ ਸਾਰੀ ਰਿਮਾਂਡ ਦੀ ਖੇਡ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ। ਸ਼ਿਵ ਸੈਨਾ ਪੰਜਾਬ ਦੇ ਸਾਬਕਾ ਯੂਥ ਪ੍ਰਧਾਨ ਅਮਿਤ ਅਰੋੜਾ ਅਤੇ ਉਸ ਦੇ ਸਾਥੀਆਂ ਮਨੀ, ਭਾਰਤੀ ਸੰਧੂ ਅਤੇ ਸਮਰ ਡਿਸੂਜ਼ਾ ਕੋਲੋਂ ਪੁਲਿਸ ਅਧਿਕਾਰੀਆਂ ਨੇ ਰਿਮਾਂਡ ਦੌਰਾਨ ਪੁੱਛ-ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਗਗਨੇਜਾ ਗੋਲੀ ਕਾਂਡ ਦੀ ਆਈ.ਜੀ. ਪੱਧਰ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ’ਤੇ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਸੀ।

ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦੇ ਆਗੂ ਜਗਦੀਸ਼ ਗਗਨੇਜਾ ਨੂੰ 6 ਅਗਸਤ ਦੀ ਰਾਤ ਨੂੰ ਕਰੀਬ 8.00 ਵਜੇ ਜੋਤੀ ਚੌਕ ਨੇੜੇ ਉਦੋਂ ਗੋਲੀਆਂ ਮਾਰ ਦਿੱਤੀਆਂ ਸਨ ਜਦੋਂ ਉਹ ਆਪਣੀ ਪਤਨੀ ਨਾਲ ਖਰੀਦੋ-ਫਰੋਖਤ ਲਈ ਆਇਆ ਹੋਇਆ ਸੀ। ਗਗਨੇਜਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਹੁਣ ਤੱਕ ਦੋ ਗੋਲੀਆਂ ਤਾਂ ਅਪਰੇਸ਼ਨ ਕਰਕੇ ਉਨ੍ਹਾਂ ਦੇ ਸਰੀਰ ਵਿੱਚੋਂ ਕੱਢ ਦਿੱਤੀਆਂ ਸਨ ਪਰ ਇੱਕ ਗੋਲੀ ਅਜੇ ਵੀ ਕੱਢਣੀ ਬਾਕੀ ਹੈ। ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਚੱਲ ਰਿਹਾ ਹੈ।

ਸਿੱਖ ਹਲਕਿਆਂ ਵਿਚ ਇਸ ਰਿਮਾਂਡ ਨੂੰ ਸ਼ੱਕ ਦੇ ਘੇਰੇ ਵਿਚ ਰੱਖਿਆ ਜਾ ਰਿਹਾ ਹੈ। ਮੰਨਿਆ ਇਹ ਜਾ ਰਿਹਾ ਹੈ ਕਿ ਪੁਲਿਸ ਨੇ ਆਪਣੇ ਆਪ ਨੂੰ ਧਰਮ ਨਿਰਪੱਖ ਦਿਖਾਉਣ ਲਈ ਹੀ ਸ਼ਿਵ ਸੈਨਾ ਵਾਲਿਆਂ ਦਾ ਰਿਮਾਂਡ ਲਿਆ, ਨਹੀਂ ਤਾਂ ਅਜਿਹੇ ਮਾਮਲਿਆਂ ਵਿਚ ਬਿਨਾਂ ਜਾਂਚ ਤੋਂ ਹੀ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਸ਼ੁਰੂ ਹੋ ਜਾਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: