ਰੋਮ (18 ਮਾਰਚ, 2015): ਇਟਲੀ ਦੇ ਸਿੱਖਾਂ ਵੱਲੋਂ ਸਿੱਖ ਕੱਕਾਰਾਂ ਨੂੰ ਇਟਲੀ ਵਿੱਚ ਲੰਮੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਦੇ ਫਲਸਰੂਪ ਕਿਪਾਨ ਨੂੰ ਕਾਨੂੰਨੀ ਪ੍ਰਵਾਨਗੀ ਮਿਲਣ ਕਰਕੇ ਹੁਣ ਇਟਲੀ ਰਹਿੰਦੇ ਸਿੱਖ ਜਨਤਕ ਥਾਂਵਾ ਤੇ ਇਕ ਨਿਸਚਿਤ ਅਕਾਰ ਦੀ ਕਿਰਪਾਨ ਪਹਿਨ ਕੇ ਆਮ ਤੁਰ-ਫਿਰ ਸਕਣਗੇ।
ਇਸ ਮਸਲੇ ਬਾਰੇ ਜਾਣਕਾਰੀ ਦਿੰਦਿਆ ਸ:ਕਰਮਜੀਤ ਸਿੰਘ ਢਿੱਲੋ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਟਾਲੀਅਨ ਇੰਜਨੀਅਰ ਦੁਆਰਾ ਕ੍ਰਿਪਾਨ ਦਾ ਸਾਇਜ ਪਾਸ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ ਹੁਣ ਇਟਲੀ ਦੇ ਸਿੱਖ 6 ਸੈਂਟੀਮੀਟਰ ਵਾਲੀ ਅਤੇ 4 ਸੈਂਟੀਮੀਟਰ ਦੇ ਮੁੱਠੇ ਵਾਲੀ (ਕੁੱਲ ਮਿਲਾ ਕੇ 10 ਸੈਂਟੀਮੀਟਰ)ਵਾਲੀ ਕਿਰਪਾਨ ਜਨਤਕ ਥਾਂਵਾ ਤੇ ਵੀ ਪਹਿਨ ਸਕਣਗੇ।
ਸ:ਢਿੱਲੋ ਨੇ ਇਸ ਦਿਸ਼ਾ ਵਿੱਚ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕੁੱਝ ਪੰਥਕ ਸ਼ਖਸ਼ੀਅਤਾਂ ਦੁਆਰਾ ਦਿੱਤੇ ਜਾ ਰਹੇ ਵਡਮੁੱਲੇ ਸਹਿਯੋਗ ਲਈ ਉਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ।ਸ:ਢਿੱਲੋ ਨੇ ਅੱਗੇ ਕਿਹਾ ਕਿ “ਸੱਚੇ ਪਾਤਸ਼ਾਹ ਦੀ ਅਪਾਰ ਕ੍ਰਿਪਾ ਤੇ ਮਿਹਰ ਸਦਕਾ ਅੱਜ ਇਟਲੀ ਦੀ ਸਿੱਖ ਕੌੰਮ ਉਸ ਮਹਾਨ ਕਾਰਜ ਨੂੰ ਫਤਿਹ ਕਰਨ ਜਾ ਰਹੀ ਹੈ ਜਿਸ ਦੀ ਸਿੱਖ ਸੰਗਤਾਂ ਨੂੰ ਲੰਬੇ ਸਮੇਂ ਤੋਂ ਉਡੀਕ ਸੀ।
ਉਨਾਂ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਕਿਹਾ।
ਉਨਾ੍ ਦੱਸਿਆ ਕਿ ਇਸੇ ਸਬੰਧ ਵਿੱਚ ਹੋਰ ਵਿਚਾਰ ਵਟਾਂਦਰੇ ਕਰਨ ਦੇ ਲਈ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੀ ਇਕ ਅਹਿਮ ਮੀਟਿੰਗ ਮਿਤੀ 21 ਅਪ੍ਰੈਲ ਨੂੰ ਸ਼ਾਮ 7 ਵਜੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਵਿਖੇ ਰੱਖੀ ਗਈ ਹੈ।
ਉਨਾ੍ ਨੇ ਇਟਲੀ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਹੁਦੇਦਾਰਾਂ ਤੇ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਵਧ-ਚੜ ਕੇ ਪਹੁੰਚਣ ਲਈ ਨਿਮਰਤਾ ਸਾਹਿਤ ਪੁਰਜੋਰ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਦੇ ਲਈ ਵੱਖ ਵੱਖ ਜਥੇਬੰਦੀਆਾਂ ਆਪੋ ਆਪਣੇ ਪੱਧਰ ਤੇ ਚਿਰੋਕਣੀ ਯਤਨ ਕਰਦੀਆਂ ਆ ਰਹੀਆਂ ਹਨ।ਕੁੱਝ ਸਮਾਂ ਪਹਿਲਾ ਸਿੱਖ ਇਟਲੀ ਦੀ ਅਦਾਲਤ ਵਿੱਚ ਇਹ ਕੇਸ ਹਾਰ ਗਏ ਸਨ ।ਪ੍ਰੰਤੂ ਸ:ਕਰਮਜੀਤ ਸਿੰਘ ਢਿੱਲੋ ਨੇ ਇਕ ਵਾਰ ਫੇਰ ਤੋ ਇਹ ਮੁੱਦਾ ਇਟਾਲੀਅਨ ਮਨਿਸਟਰੀ ਕੋਲ ਪ੍ਰਭਾਵਸ਼ਾਲੀ ਢੰਗ ਦੇ ਨਾਲ਼ ਉਠਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਤਿਕਾਰ ਦਿਵਾਉਣ ਦੇ ਲਈ ਉਪਰਾਲਾ ਕੀਤਾ ਹੈ।