ਅੰਮ੍ਰਿਤਸਰ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਵਿੱਚ ਕਿਹਾ ਕਿ ਬਰਗਾੜੀ ਮੋਰਚੇ ਨੂੰ ਚਲਾਉਣ ਵਾਲੇ ਮੁਤਵਾਜ਼ੀ ਜਥੇਦਾਰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. ਦੇ ਕਥਿਤ ਕਰਿੰਦੇ ਹਨ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਮੌਜੂਦਾ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਰਾਹੀਂ ਜਸਟਿਸ ਰਣਜੀਤ ਸਿੰਘ ਦਾ ਲੇਖਾ ਬਦਲਵਾਇਆ ਹੈ। ਸੁਖਬੀਰ ਸਿੰਘ ਬਾਦਲ ਆਪਣੀ ਘਰਵਾਲੀ ਹਰਸਿਮਰਤ ਕੌਰ ਬਾਦਲ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵਿਵਾਦਤ ਡੇਰਾ ਸੱਚਾ ਸੌਦਾ (ਸਿਰਸਾ) ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਜਥੇਦਾਰਾਂ ਕੋਲੋਂ ਮਾਫੀ ਦਿਵਾਉਣ, ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪੈਰੋਕਾਰਾਂ ਵਿਰੁਧ ਕਾਰਵਾਈ ਨਾ ਹੋਣ ਦੇਣ ਅਤੇ ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਦੀ ਮੰਗ ਕਰਨ ਵਾਲੇ ਸਿੱਖਾਂ ਨੂੰ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕਰਨ ਦੇ ਮਾਮਲਿਆਂ ਵਿੱਚ ਤਤਕਾਲੀ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਪਿਤਾ ਤੇ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਭੂਮਿਕਾ ਉਜਾਗਰ ਕੀਤੀ ਹੈ ਜਿਸ ਤੋਂ ਸਮੁੱਚਾ ਬਾਦਲ ਦਲ ਹੜਬੜਾਇਆ ਹੋਇਆ ਹੈ। ਇਸੇ ਕਰਕੇ ਬਾਦਲ ਦਲ ਵੱਲੋਂ ਹਰ ਹਰਭਾ ਵਰਤ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਜਾਂਚ ਦੇ ਲੇਖੇ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।
ਕਿਸੇ ਵੀ ਮਾਮਲੇ ਵਿੱਚ ਵਿਦੇਸ਼ੀ ਤਾਕਤਾਂ ਅਤੇ ਖਾਸ ਕਰਕੇ ਆਈ. ਐਸ. ਆਈ. ਦਾ ਹੱਥ ਹੋਣ ਦੇ ਦੋਸ਼ ਲਾਉਣੇ ਪੰਜਾਬ ਦੇ ਭਾਰਤ ਨਿਵਾਜ਼ ਸਿਆਸਦਾਨਾਂ ਦਾ ਜਿਵੇਂ ਨਿਤ ਕਰਮ ਹੀ ਬਣ ਗਿਆ ਹੈ। ਜ਼ਿਕਰਯੋਗ ਹੈ ਕਿ 2015 ਵਿੱਚ ਵੀ ਸ਼੍ਰੋ.ਅ.ਦ. (ਬਾਦਲ) ਨੇ ਬੇਅਦਬੀ ਮਾਮਲਿਆਂ ਪਿੱਛੇ ਵੀ ‘ਵਿਦੇਸ਼ੀ ਤਾਕਤਾਂ’ ਦਾ ਹੱਥ ਦੱਸਿਆ ਸੀ ਪਰ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਇਹ ਅਤਿ ਘਿਨਾਉਣਾ ਜ਼ੁਰਮ ਉਸੇ ਡੇਰੇ ਸਿਰਸੇ ਦੇ ਪੈਰੋਕਾਰਾਂ ਨੇ ਕੀਤਾ ਸੀ ਜਿਸ ਕੋਲੋਂ ਬਾਦਲਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਿਮਾਇਤ ਲਈ ਸੀ। ਇਸ ਡੇਰੇ ਦੇ ਜਿਸ ਮੁਖੀ (ਗੁਰਮੀਤ ਰਾਮ ਰਹੀਮ) ਨੂੰ ਬਾਦਲਾਂ ਨੇ ਆਪਣੇ ਲਾਏ ‘ਜਥੇਦਾਰਾਂ’ ਕੋਲੋਂ ਮਾਫੀ ਦਵਾਈ ਸੀ ੳਹ ਡੇਰਾ ਮੁਖੀ ਇਸ ਵੇਲੇ ਬਲਾਤਕਾਰ ਦੇ ਮਾਮਲੇ ਵਿੱਚ ਸਜਾ ਭੁਗਤ ਰਿਹਾ ਹੈ।