ਇਸ਼ਰਤ ਜਹਾਂ ਝੂਠਾ ਪੁਲਿਸ ਮੁਕਾਬਲਾ

ਖਾਸ ਖਬਰਾਂ

ਇਸ਼ਰਤ ਜਹਾਂ ਝੂਠਾ ਪੁਲਿਸ ਮੁਕਾਬਲਾ: ਸਾਬਕਾ ਆਈਪੀਐੱਸ ਡੀ ਜੀ ਵਣਜਾਰਾ ਨੂੰ ਮਿਲੀ ਜ਼ਮਾਨਤ  

By ਸਿੱਖ ਸਿਆਸਤ ਬਿਊਰੋ

February 19, 2015

ਅਹਿਮਦਾਬਾਦ (18 ਫਰਵਰੀ, 2015): ਅਹਿਮਦਾਵਾਦ ਦੀ ਪੁਲਿਸ ਵੱਲੋਂ ਇਸ਼ਰਤ ਜਹਾਂ ਤੇ ਤਿੰਨ ਹੋਰ ਨੂੰ ਸਾਲ 2004 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ‘ਚ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਬਕਾ ਆਈਪੀਐਸ ਅਧਿਕਾਰੀ ਡੀ ਜੀ ਵੰਜ਼ਾਰਾ ਨੂੰ ਜ਼ਮਾਨਤ ਦੇ ਦਿੱਤੀ ਹੈ।

ਰਿਹਾਅ ਹੋਣ ਮਗਰੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਵੰਜ਼ਾਰਾ ਨੇ ਕਿਹਾ ਕਿ ਉਸ ਲਈ ਅਤੇ ਗੁਜਰਾਤ ਪੁਲੀਸ ਦੇ ਹੋਰਨਾਂ ਅਧਿਕਾਰੀਆਂ ਲਈ ‘ਅੱਛੇ (ਚੰਗੇ) ਦਿਨ’ ਆ ਗਏ ਹਨ। ਗੁਜਰਾਤ ਪੁਲੀਸ ਦੇ ਇਸ ਸਾਬਕਾ ਮੁਖੀ ਨੇ ਕਿਹਾ ਸੀ ਕਿ ਉਸ ਨੂੰ ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਨੂੰ ‘ਸਿਆਸੀ ਰੰਜ਼ਿਸ਼’ ਤਹਿਤ ਫਸਾਇਆ ਗਿਆ ਸੀ।

ਜੇਲ੍ਹ ਤੋਂ ਬਾਹਰ ਆਉਂਦੇ ਹੀ ਵਣਜਾਰਾ ਨੇ ਗੁਜਰਾਤ ਪੁਲਿਸ ਦਾ ਖੁੱਲ੍ਹ ਦੇ ਬਚਾਅ ਕੀਤਾ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੰਜਾਰਾ ਨੇ ਕਿਹਾ ਕਿ ਗੁਜਰਾਤ ਪੁਲਿਸ ਨੇ ਕੁਝ ਵੀ ਗਲਤ ਨਹੀਂ ਕੀਤਾ। ਗੁਜਰਾਤ ਪੁਲਿਸ ਨੇ ਨਾਗਰਿਕਾਂ ਦੀ ਰੱਖਿਆ ਕੀਤੀ ਹੈ। ਵਣਜਾਰਾ ਨੇ ਕਿਹਾ ਕਿ ਕਰੀਬ 8 ਸਾਲ ਤੋਂ ਗੁਜਰਾਤ ਪੁਲਿਸ ਦੇ 32 ਕਰਮੀ ਜੇਲ੍ਹ ‘ਚ ਹਨ, ਉਹ ਸਾਰੇ ਨਿਰਦੋਸ਼ ਹਨ।

ਜ਼ਿਕਰਯੋਗ ਹੈ ਕਿ ਬੰਬਈ ਦੀ ਇਸ਼ਰਤ ਜਹਾਂ ਨੂੰ ਗਜਰਾਤ ਦੇ ਅਹਿਮਦਾਬਾਦ ਪੁਲਿਸ ਦੀ ਕਰਾਈਮ ਬਰਾਂਚ ਵੱਲੋ ਤਿੰਨ ਹੋਰ ਵਿਅਕਤੀਆਂ ਸਮੇਤ 15 ਜੂਨ 2004 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।ਗੁਜਰਾਤ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਸ਼ਰਤ ਸਮੇਤ ਮੁਕਾਬਲੇ ਵਿੱਚ ਮਾਰ ਗਏ ਵਿਅਕਤੀ ਲਸ਼ਕਰ – ਏ – ਤੋਇਬਾ ਨਾਲ ਸਬੰਧਿਤ ਹਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦਾ ਪਲਾਨ ਬਣਾ ਰਹੇ ਸਨ।

ਇਸ ਝੂਠੇ ਪੁਲਿਸ ਮੁਕਾਬਲੇ ਨੂੰ ਬਦਨਾਮ ਪੁਲਿਸ ਅਫ਼ਸਰ ਡੀ. ਜੀ. ਵਣਜਾਰਾ ਜੋ ਉਸ ਸਮੇ ਡੀ. ਆਈ. ਜੀ. ਦੇ ਅਹੁਦੇ ‘ਤੇ ਤਾਇਨਾਤ ਸੀ , ਦੀ ਅਗਵਾਈ ਵਿੱਚ ਅੰਜ਼ਾਮ ਦਿੱਤਾ ਗਿਆ ਸੀ । ਡੀ.ਜੀ. ਵਣਜਾਰਾ ‘ਤੇ ਚਰਚਿਤ “ਸ਼ੋਰਾਬੂਦੀਨ ਸ਼ੇਖ਼ ” ਝੁਠੇ ਪੁਲਿਸ ਮੁਕਾਬਲੇ ਦਾ ਵੀ ਕੇਸ ਦਰਜ਼ ਹੈ।

ਸੀਬੀਆਈ ਨੇ ਆਪਣੀ ਜਾਂਚ ਵਿੱਚ ਕਿਹਾ ਸੀ ਕਿ ਫਰਜ਼ੀ ਮੁਕਾਬਲੇ ਤੋਂ ਪਹਿਲਾਂ ਇਸ਼ਰਤ ਤੇ ਹੋਰ ਯੁਵਕ ਗੁਜਰਾਤ ਪੁਲੀਸ ਦੀ ਹਿਰਾਸਤ ਵਿੱਚ ਸਨ। ਇਸ ਤੋਂ ਬਾਅਦ ਚਾਰਾਂ ਨੂੰ ਅੱਖਾਂ ਬੰਨ੍ਹ ਕੇ ਕੋਟਰਪੁਰ ਨੇੜੇ ਇੱਕ ਵਾਟਰ ਵਰਕਸ ਕੋਲ ਲੈ ਜਾਇਆ ਗਿਆ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: