ਕੁਦਰਤੀ ਖੇਤੀ ਕੀ ਹੈ ? ਕੁਦਰਤੀ ਖੇਤੀ ਕਿਉਂ ਜ਼ਰੂਰੀ ਹੈ ? ਕੀ ਪੂਰੀ ਤਰ੍ਹਾਂ ਕੁਦਰਤੀ ਖੇਤੀ ਸੰਭਵ ਹੈ? ਇਹ ਸਵਾਲ ਇਸ ਸਮੇਂ ਬਹੁਤ ਅਹਿਮ ਸਵਾਲ ਹਨ।
ਖੇਤੀਬਾੜੀ ਆਪਣਾ ਇੱਕ ਪੜਾਅ ਪੂਰਾ ਕਰ ਚੁੱਕੀ ਹੈ ਅਤੇ ਹੁਣ ਨਵੇਂ ਪੜਾਅ ਵਿੱਚ ਦਾਖਲ ਹੋਣ ਜਾ ਰਹੀ ਹੈ। ਰਸਾਇਣਾਂ ਦੀ ਵਰਤੋਂ ਨੇ ਭੂਮੀ, ਹਵਾ, ਪਾਣੀ ਅਤੇ ਪੂਰੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਤਪਾਦਨ ਵਿਚ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਬਹੁਤ ਵਾਧਾ ਹੋਇਆ ਪਰ ਇਸਦੇ ਨਾਲ ਹੀ ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ ਦੀ ਵਰਤੋਂ ਅਤੇ ਉਸ ਨਾਲ ਹੋਣ ਵਾਲੇ ਪ੍ਰਦੂਸ਼ਣ ਵਿਚ ਵੀ ਵਾਧਾ ਹੋ ਰਿਹਾ ਹੈ । ਇਸ ਸਦੀ ਦੇ ਅੰਤ ਤੱਕ ਦੁਨੀਆਂ ਦੀ ਜਨਸੰਖਿਆ ਇਕ ਹਜ਼ਾਰ ਕਰੋੜ ਦੇ ਹੋਣ ਦੀ ਸੰਭਾਵਨਾ ਹੈ। ਅੱਜ ਅਸੀਂ ਜਿਸ ਪੜਾਅ ਉੱਤੇ ਆ ਗਏ ਹਾਂ ਉਥੇ ਉਤਪਾਦਨ ਦੇ ਵਿੱਚ ਹੋਰ ਵਾਧਾ ਤਕਰੀਬਨ ਅਸੰਭਵ ਜਾਪਦਾ ਹੈ। ਕਿਉਂਕਿ ਰਸਾਇਣਾਂ ਦੀ ਵੱਧ ਵਰਤੋਂ ਨੇ ਮਿੱਟੀ ਦੀ ਸਿਹਤ ਬੁਰੀ ਤਰ੍ਹਾਂ ਵਿਗਾੜ ਦਿੱਤੀ ਹੈ।ਇਕੱਲੀ ਮਿੱਟੀ ਦੀ ਸਿਹਤ ਹੀ ਨਹੀਂ ਸਗੋਂ ਇਸ ਮਿੱਟੀ ਚੋਂ ਪੈਦਾ ਹੋਣ ਵਾਲੀ ਫਸਲ ਵੀ ਤੰਦਰੁਸਤ ਨਹੀਂ ਹੁੰਦੀ। ਜਦੋਂ ਪੌਦਾ ਤੰਦਰੁਸਤ ਮਿੱਟੀ ਵਿੱਚ ਉੱਗਦਾ ਹੈ, ਤਾਂ ਉਹ ਸਿਹਤ ਦਿੰਦਾ ਹੈ ਅਤੇ ਜਦੋਂ ਇਹੀ ਪੌਦਾ ਬੀਮਾਰ ਮਿੱਟੀ ਵਿਚ ਉਗਦਾ ਹੈ ਤਾਂ ਇਸ ਨਾਲ ਬਿਮਾਰੀਆਂ ਲੱਗਦੀਆਂ ਹਨ। ਮਿੱਟੀ ਨੂੰ ਬੀਮਾਰ ਕਰਕੇ ਤੰਦਰੁਸਤੀ ਦੀ ਗੱਲ ਕਰਨੀ ਇਹ ਹਾਸੋਹੀਣੀ ਗੱਲ ਹੈ |
ਕੁਦਰਤੀ ਖੇਤੀ ਬਾਰੇ ਗੱਲ ਹੋਣੀ ਸ਼ੁਰੂ ਹੋ ਗਈ ਹੈ ਭਾਂਵੇ ਕਿ ਖੇਤੀ ਕਰਨ ਦੇ ਤੌਰ ਤਰੀਕਿਆਂ ਕੁਦਰਤੀ ਅਤੇ ਗ਼ੈਰ-ਕੁਦਰਤੀ ਨੂੰ ਲੈ ਕੇ ਕੁਝ ਸਵਾਲ ਹਨ । ਕੁਦਰਤੀ ਖੇਤੀ ਉਹ ਖੇਤੀ ਹੈ ਜਿਸ ਵਿਚ ਲੋਕ ਕੁਦਰਤ ਵਰਗੇ ਹਨ ਅਤੇ ਕੁਦਰਤ ਦੀ ਸਿਆਣਪ ਮੁਤਾਬਕ ਖੇਤੀ ਕਰਦੇ ਹਨ, ਸਥਾਨਕ ਸਾਧਨਾਂ ਨੂੰ ਤਰਜੀਹ ਦਿੰਦੇ ਹਨ, ਹਵਾ, ਪਾਣੀ, ਮਿੱਟੀ ਨੂੰ ਵੀ ਕੁਦਰਤ ਦਾ ਜੀਅ ਮੰਨਦੇ ਹਨ। ਕੁਦਰਤੀ ਖੇਤੀ ਨਾਲ ਜ਼ਮੀਨ ਆਏ ਸਾਲ ਹੋਰ ਉਪਜਾਊ ਹੁੰਦੀ ਹੈ, ਝਾੜ ਵੱਧਦਾ ਹੈ, ਪੌਸ਼ਟਿਕਤਾ ਵੱਧਦੀ ਹੈ, ਜੋ ਅੱਜ ਦੀ ਰਸਾਇਣ ਖੇਤੀ ਲਈ ਵੱਡੀਆਂ ਚੁਣੌਤੀਆਂ ਹਨ। ਭਾਵੇਂ ਕਿ ਅੱਜ ਦੇ ਸਮੇਂ ਵਿੱਚ ਕੁਦਰਤੀ ਖੇਤੀ ਅਤੇ ਰਸਾਇਣਕ ਖੇਤੀ ਦੇ ਝਾੜ ਵਿੱਚ ਬਹੁਤ ਵੱਡਾ ਫਰਕ ਹੈ, ਪਰ ਇਸ ਵਕਤ ਕੁਦਰਤੀ ਖੇਤੀ ਜ਼ਮੀਨ, ਪਾਣੀ, ਹਵਾ ਅਤੇ ਸਿਹਤ ਕਾਰਨ ਸਮੇਂ ਦੀ ਜ਼ਰੂਰਤ ਬਣ ਚੁੱਕੀ ਹੈ।