ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਲੀ ਨਾਰੀਮਨ ਨੇ ਜ਼ੋਰ ਦੇ ਕੇ ਕਿਹਾ, “ਕੀ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਭਾਰਤ ‘ਚ ਹਿੰਦੂ ਰਾਜ ਦੀ ਸ਼ੁਰੂਆਤ ਹੈ?”
ਆਫ ਦਾ ਕਫ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਲੀ ਨਾਰੀਮਨ ਨੇ ਮੀਡੀਆ ਦੇ ਲੋਕਾਂ ਤੋਂ ਪੁੱਛਿਆ ਕਿ ਉਨ੍ਹਾਂ ਮੋਦੀ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਕਿ ਯੋਗੀ ਆਦਿਤਨਾਥ ਦੀ ਨਿਯੁਕਤੀ ਨਾਲ ਭਾਰਤ ਦਾ ਸੰਵਿਧਾਨ ਖਤਰੇ ਵਿਚ ਹੈ।
ਮੀਡੀਆ ‘ਚ ਛਪੀ ਖ਼ਬਰ ਮੁਤਾਬਕ ਨਾਰੀਮਨ ਨੇ ਕਿਹਾ, “ਭਾਰਤ ਦਾ ਸੰਵਿਧਾਨ ਖਤਰੇ ਵਿਚ ਹੈ। ਉੱਤਰ ਪ੍ਰਦੇਸ਼ ‘ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿੱਤ ਦੇ ਕੇਕ ‘ਤੇ ਚੇਰੀ ਵਾਂਗ ਇਕ ਪੁਜਾਰੀ ਨੂੰ ਸਜਾ ਦਿੱਤਾ ਹੈ। ਇਹ ਇਕ ਸੰਕੇਤ ਹੈ। ਜੇ ਤੁਸੀਂ ਇਸ ਨੂੰ ਨਹੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਉਸ ਸਿਆਸੀ ਦਲ (ਭਾਜਪਾ) ਦਾ ਬੁਲਾਰਾ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡੀ ਅੱਖਾਂ ਦੀ ਜਾਂਚ ਹੋਣੀ ਚਾਹੀਦੀ ਹੈ।”
ਉਨ੍ਹਾਂ ਅੱਗੇ ਕਿਹਾ, “ਸੁਨੇਹਾ ਬਹੁਤ ਸਪੱਸ਼ਟ ਹੈ। ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ ਹਾਲੇ ਸੋਚਣਾ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਤੀਆਂ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਮੈਂ ਸ਼ਰੇਆਮ ਇਹ ਗੱਲ ਕਹਿੰਦਾ ਹਾਂ।”
ਫਲੀ ਨਾਰੀਮਨ ਦਾ ਮੰਨਣਾ ਹੈ ਕਿ ਭਾਰਤ ਦਾ ਸੰਵਿਧਾਨ ਹਾਲੇ ਵੀ ਇਕ ਤਾਕਤ ਹੈ।
ਨਾਰੀਮਨ ਨੇ ਮੀਡੀਆ ਦੇ ਅਸਫਲ ਹੋਣ ‘ਤੇ ਕਿਹਾ ਕਿ ਕਿਉਂ ਨਹੀਂ ਕਿਸੇ ਵੀ ਮੁੱਖ ਚੈਨਲ ਦੇ ਪੱਤਰਕਾਰ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਪੁੱਛਿਆ ਗਿਆ, “ਕੀ ਇਹ ਹਿੰਦੂ ਰਾਜ ਦੀ ਸ਼ੁਰੂਆਤ ਹੈ”। ਨਾਰੀਮਨ ਨੇ ਮੀਡੀਆ ਨੂੰ ਕਿਹਾ ਕਿ ਘੱਟੋ ਘੱਟ ਉਸਨੂੰ (ਮੋਦੀ ਨੂੰ) ਇਹ ਪੁੱਛੋ ਤਾਂ ਜੋ ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਗੋਰਖਪੁਰ ਤੋਂ ਸੰਸਦ ਮੈਂਬਰ ਅਤੇ ਹਿੰਦੂਵਾਦੀ ਵਿਚਾਰਧਾਰਾ ਦੇ ਬਿੰਬ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Is Appointment Of Yogi Adityanath Beginning Of Hindutva State, Questions Jurist Fali Nariman …