ਮੁਲਾਕਾਤਾਂ » ਸਿੱਖ ਖਬਰਾਂ

ਮਹਾਂਰਾਜਾ ਦਲੀਪ ਸਿੰਘ ‘ਤੇ ਬਣੀ ਫਿਲਮ “ਦਾ ਬਲੈਕ ਪ੍ਰਿੰਸ” ਬਾਰੇ ਸਤਿੰਦਰ ਸਰਤਾਜ ਨਾਲ ਖਾਸ ਮੁਲਾਕਾਤ

June 28, 2017 | By

– ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬੀ ਗਾਇਕ ਅਤੇ ਸ਼ਾਇਰ ਸਤਿੰਦਰ ਸਰਤਾਜ ਨੇ ‘ਦ ਬਲੈਕ ਪ੍ਰਿੰਸ ਫਿਲਮ ਵਿਚ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਵਜੋਂ ਨਾਇਕ ਦੀ ਭੂਮਿਕਾ ਨਿਭਾਈ ਹੈ। ਸਰਤਾਜ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦਿਆਂ 19ਵੀਂ ਸਦੀ ਦੇ ਇਸ ਨਾਟਕ ਵਿਚ ਜਬਰਦਸਤ ਪੇਸ਼ਕਰੀ ਦਿੱਤੀ ਹੈ। ਇਹ ਫਿਲਮ ਉਸ ਨਾਬਾਲਗ ਬੱਚੇ ਦੀ ਕਹਾਣੀ ਹੈ ਜਿਸ ਨੂੰ ਬਚਪਨ ਵਿਚ ਉਸ ਦੀ ਮਾਂ ਤੋਂ ਵੱਖ ਕਰਕੇ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਜਬਰਦਸਤੀ ਉਸ ਨੂੰ ਇੰਗਲੈਂਡ ਭੇਜਿਆ ਗਿਆ। ਸੱਚੀ ਕਹਾਣੀ ‘ਤੇ ਅਧਾਰਿਤ ਕਵੀ ਰਾਜ ਵੱਲੋਂ ਨਿਰਦੇਸ਼ਤ ਇਹ ਫਿਲਮ ਦਸਦੀ ਹੈ ਕਿ ਕਿਵੇਂ ਇਕ ਸੰਵੇਦਨਸ਼ੀਲ ਅਤੇ ਬੁੱਧੀਮਾਨ ਨੌਜਵਾਨ ਨੇ ਬਰਤਾਨਵੀ ਸਭਿਆਚਾਰ ਵਿਚ ਆਪਣੀ ਜਵਾਨੀ ਦੇ ਦਿਨ ਬਿਤਾਏ ਅਤੇ ਮਹਾਰਾਣੀ ਵਿਕਟੋਰੀਆ ਨਾਲ ਨੇੜ੍ਹਲੇ ਸਬੰਧ ਰਹੇ ਪਰ ਅਖ਼ੀਰ ਉਹ ਆਪਣੀ ਤਾਕਤ ਨਾਲ ਆਪਣੀ ਜੜ੍ਹਾਂ ਅਤੇ ਹੋਣੀ ਨਾਲ ਜਾ ਮਿਲਿਆ। ਆਪਣੀ ਸਲਤਨਤ ਅਤੇ ਵਿਰਾਸਤ ਮੁੜ ਹਾਸਲ ਕਰਨ ਲਈ ਲੜਦੇ ਹੋਏ ਦਲੀਪ ਸਿੰਘ ਨੇ ਬਰਤਾਨਵੀ ਸਾਮਰਾਜ ਦੀ ਵੱਡੀ ਤਾਕਤ ਦਾ ਸਾਹਮਣਾ ਕੀਤਾ। ਇਹ ਸਾਡੇ ਸਮਿਆਂ ਦੀ ਅਜਿਹੀ ਕਥਾ ਹੈ ਜਿਸ ਵਿਚ ਇਕ ਵਿਅਕਤੀ ਵਿਸ਼ੇਸ਼ ਨੇ ਸਾਰੀਆਂ ਔਕੜਾਂ ਦੇ ਖਿਲਾਫ਼ ਹੌਂਸਲੇ ਦਾ ਪ੍ਰਗਟਾਵਾ ਕੀਤਾ ਅਤੇ ਜਿਸ ਨੂੰ ਉਹ ਸਹੀ ਸਮਝਦਾ ਸੀ ਉਸ ਲਈ ਸਭ ਕੁਝ ਕੁਰਬਾਨ ਕਰ ਦਿੱਤਾ।

ਸਤਿੰਦਰ ਸਰਤਾਜ ਸਮਝਦਾ ਹੈ ਕਿ ‘ਦਿ ਬਲੈਕ ਪ੍ਰਿੰਸ’ ਫਿਲਮ ਵਿਚ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਉਣੀ ਉਸ ਦੇ ਭਾਗਾਂ ਵਿਚ ਹੀ ਲਿਖਿਆ ਸੀ। ਭਾਵੇਂ ਉਸ ਨੇ ਪਹਿਲਾਂ ਕਦੀ ਐਕਟਿੰਗ ਨਹੀਂ ਸੀ ਕੀਤੀ ਪਰ ਇਕ ਸੰਗੀਤਕਾਰ, ਸ਼ਾਇਰ ਅਤੇ ਕਲਾਕਾਰ ਵਜੋਂ ਉਸ ਸਮੇਂ ਹੀ ਇਸ ਪਾਤਰ ਬਾਰੇ ਮਹਿਸੂਸ ਕਰਨ ਲੱਗਾ ਜਦ ਉਸ ਨੇ ਇਸ ਬਾਰੇ ਸੁਣਿਆ। ਇਹ ਫਿਲਮ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉਪਰ ਸੱਚੀ ਕਹਾਣੀ ਨਾਲ ਸਬੰਧਤ ਹੈ ਜਿਸ ਦਾ ਜਨਮ ਸੰਨ 1838 ਵਿਚ ਹੋਇਆ ਸੀ ਅਤੇ ਬਚਪਨ ਵਿਚ ਹੀ ਉਸ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ। ਉਸ ਨੂੰ ਬਚਪਨ ਵਿਚ ਹੀ ਤਖ਼ਤ ਤੋਂ ਲਾਹ ਦਿੱਤਾ ਗਿਆ ਅਤੇ ਉਸ ਦੀ ਮਾਂ ਮਹਾਰਾਣੀ ਜਿੰਦਾ ਤੋਂ ਵੀ ਵੱਖ ਕਰ ਦਿੱਤਾ ਗਿਆ ਅਤੇ ਉਸ ਨੂੰ ਰਾਜ ਤੋਂ ਵਾਂਝਾ ਕਰਕੇ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿਚ ਮਿਲਾ ਲਿਆ ਗਿਆ। ਸਿਆਸੀ ਉਥਲ ਪੁਥਲ ਅਤੇ ਖਾਨਾਜੰਗੀ ਵਿਚ ਉਸ ਦੇ ਸਾਹਮਣੇ ਉਸ ਦੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਨਾਬਾਲਗ ਉਮਰੇ ਹੀ ਇੰਗਲੈਂਡ ਭੇਜ ਦਿੱਤਾ ਗਿਆ ਤੇ ਉਸ ਦਾ ਭਵਿੱਖ ਬਾਰੇ ਉਸ ਨੂੰ ਕੋਈ ਖਾਹਿਸ਼ ਨਹੀਂ ਪੁੱਛੀ ਗਈ।
ਸੰਨ 1854 ਵਿਚ ਦਲੀਪ ਸਿੰਘ ਦੇ ਲੰਡਨ ਵਿਚ ਪਹੁੰਚਣ ਤੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਦ ਉਹ ਇਕ ਈਸਾਈ ਦੇ ਤੌਰ ਤੇ ਸਾਹਮਣੇ ਆਉਂਦਾ ਹੈ। ਮਹਾਰਾਣੀ ਵਿਕਟੋਰੀਆ ਅਤੇ ਉਸ ਦੇ ਸਾਥੀ ਪ੍ਰਿੰਸ ਐਲਬਰਟ ਦੇ ਨੇੜੇ ਹੁੰਦਿਆਂ ਉਸ ਕੋਲ ਸਾਰੀਆਂ ਸੁਖ ਸਹੂਲਤਾਂ ਹਨ ਪਰ ਦਲੀਪ ਸਿੰਘ ਨਾ ਹੀ ਖੁਸ਼ ਹੈ ਤੇ ਨਾ ਉਸ ਨੂੰ ਤਸੱਲੀ ਹੈ। ਇੰਗਲੈਂਡ ਇਸ ਨੌਜਵਾਨ ਦਾ ਅਸਲੀ ਘਰ ਨਹੀਂ ਹੈ। ਆਪਣੇ ਅਤੀਤ ਅਤੇ ਬਚਪਨ ਦੀਆਂ ਯਾਦਾਂ ਵਿਚ ਖੋਇਆ ਉਹ ਆਪਣੀ ਅਸਲੀ ਪਛਾਣ ਦੀ ਖੋਜ ਵਿਚ ਭਟਕ ਰਿਹਾ ਹੈ। ਇੱਥੋਂ ਤੱਕ ਕਿ ਉਸ ਦਾ ਵਿਆਹ ਹੋਣ ਅਤੇ ਪਰਿਵਾਰਕ ਜੀਵਨ ਵਿਚ ਰੁੱਝ ਜਾਣ ਦੇ ਬਾਵਜੂਦ ਉਹ ਆਪਣਾ ਖੁੱਸਿਆ ਰਾਜ ਭਾਗ ਮੁੜ ਹਾਸਲ ਕਰਨ ਮੁੜ ਆਪਣੇ ਲੋਕਾਂ ਵਿਚ ਜਾਂਦਾ ਹੈ।

ਜਿਉਂ ਜਿਉਂ ਕਹਾਣੀ ਦੀਆਂ ਪਰਤਾਂ ਖੁਲ੍ਹਦੀਆਂ ਹਨ, ਸਾਨੂੰ ਪਤਾ ਲਗਦਾ ਹੈ ਕਿਵੇਂ ਉਹ ਦੁਬਾਰਾ ਆਪਣੀ ਮਾਂ ਮਹਾਰਾਣੀ ਜਿੰਦਾਂ ਨੂੰ ਮਿਲਦਾ ਹੈ। ਉਹ ਉਸ ਨੂੰ ਉਸ ਦੇ ਅਤੀਤ ਬਾਰੇ ਦਸਦੀ ਹੈ ਅਤੇ ਮੁੜ ਆਪਣੀ ਸਲਤਨਤ ਹਾਸਲ ਕਰਨ ਲਈ ਪ੍ਰੇਰਦੀ ਹੈ।

ਦਲੀਪ ਸਿੰਘ ਇਕ ਖਤਰਨਾਕ ਯਾਤਰਾ, ਜੋ ਕਿ ਬਿਲਕੁਲ ਨਾਮੁਮਕਿਨ ਲਗਦੀ ਹੈ, ਤੈਅ ਕਰਨ ਲਈ ਦ੍ਰਿੜ੍ਹ ਹੌਂਸਲਾ ਵਿਖਾਉਂਦਾ, ਉਮੀਦ ਛੱਡਣ ਤੋਂ ਇਨਕਾਰ ਕਰ ਦਿੰਦਾ ਹੈ। ਇਹ ਉਹ ਵਿਅਕਤੀ ਹੈ ਜਿਸ ਨੇ ਆਪਣੇ ਇਤਿਹਾਸ ਵਿਚ ਬਹੁਤ ਹੀ ਔਖੀ ਭੂਮਿਕਾ ਨਿਭਾਈ ਹੈ ਪਰ ਉਸ ਦੀ ਕਹਾਣੀ ਭੂਗੋਲਿਕ ਹੱਦ ਬੰਨੇ ਪਾਰ ਕਰ ਜਾਂਦੀ ਹੈ। ਇਹ ਹੋਰ ਵੀ ਹੈਰਾਨੀਕੁਨ ਗੱਲ ਹੈ ਕਿ ਇਹ ਕਹਾਣੀ ਦੁਨੀਆਂ ਤੋਂ ਗੁੱਝੀ ਰਹੀ ਹੈ।

ਇਹ ਕਹਾਣੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਬਾਰੇ ਉਦਾਸੀ ਨਾਲ ਭਰਪੂਰ ਹੈ ਪਰ ਉਂਜ ਇਹ ਹਾਂ ਪੱਖੀ ਅਤੇ ਪ੍ਰੇਰਨਾਦਾਇਕ ਹੈ। ਉਸ ਦਾ ਸੰਘਰਸ਼ ਉਦੋਂ ਤੱਕ ਸਿੱਖਾਂ ਨੂੰ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਵਾਸਤੇ ਪ੍ਰੇਰਨਾ ਦਿੰਦਾ ਰਿਹਾ ਜਦ ਤੱਕ ਸੰਨ 1947 ਵਿਚ ਆਜ਼ਾਦੀ ਮਿਲੀ। 1947 ਵਿਚ ਉਸ ਦੀ ਸਲਤਨਤ ਭਾਰਤ ਅਤੇ ਪਾਕਿਸਤਾਨ ਦੇ ਹਿੱਸਿਆਂ ਵਿਚ ਵੰਡੀ ਗਈ।

ਇਸ ਫਿਲਮ ਵਿਚ ਜੈਸਨ ਫਲੈਮਿੰਗ, ਸ਼ਬਾਨਾ ਆਜ਼ਮੀ, ਆਮੰਡਾ ਰੂਟ, ਕੀਥ ਡਫੀ, ਡੇਵਿਡ ਐਸੈਕਸ ਅਤੇ ਰੂਪ ਮੈਗਨ ਨੇ ਵੀ ਰੋਲ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਕਵੀ ਰਾਜ ਅਤੇ ਜੈ ਖੰਨਾ ਹਨ। ਜਸਜੀਤ ਸਿੰਘ ਫਿਲਮ ਦੇ ਐਗਜੈਕਟਿਵ ਪ੍ਰੋਡਿਊਸਰ ਹਨ।

ਸਤਿੰਦਰ ਸਰਤਾਜ 'ਦਾ ਬਲੈਕ ਪ੍ਰਿੰਸ' ਵਿੱਚ ਮਹਾਂਰਾਜਾ ਦਲੀਪ ਸਿੰਘ ਦੇ ਕਿਰਦਾਰ ਵਿੱਚ

ਸਤਿੰਦਰ ਸਰਤਾਜ ‘ਦਾ ਬਲੈਕ ਪ੍ਰਿੰਸ’ ਵਿੱਚ ਮਹਾਂਰਾਜਾ ਦਲੀਪ ਸਿੰਘ ਦੇ ਕਿਰਦਾਰ ਵਿੱਚ

ਸਤਿੰਦਰ ਸਰਤਾਜ ਉਘੇ ਪੰਜਾਬੀ ਗਾਇਕ, ਗੀਤਕਾਰ ਅਤੇ ਸ਼ਾਇਰ ਹਨ। ਉਸ ਦੀ ਪਹਿਲੀ ਐਲਬਮ ‘ਸਾਈਂ’ 2010 ਵਿਚ ਹਿੱਟ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਦੁਨੀਆਂ ‘ਚ ਪ੍ਰੋਗਰਾਮ ਦਿੱਤੇ। ਦੁਨੀਆਂ ਭਰ ‘ਚ ਭਾਰਤੀ ਅਤੇ ਪੰਜਾਬੀ ਸਭਿਆਚਾਰ ਦੀ ਵਕਾਲਤ ਕਰਨ ਨੂੰ ਕੌਮਾਂਤਰੀ ਪੱਧਰ ਤੇ ਪੰਜਾਬੀ ਜੁਦੀ ਸੇਵਾ ਕਰਨ ਵਜੋਂ ਮਾਨਤਾ ਮਿਲੀ ਹੈ। ਫਿਲਮ ਬਾਰੇ ਸਤਿੰਦਰ ਸਰਤਾਜ ਨਾਲ ਮੁਲਾਕਾਤ ਹੋਈ ਜੋ ਹੇਠਾਂ ਦਿੱਤੀ ਜਾ ਰਹੀ ਹੈ:

ਸੁਆਲ: ਤੁਹਾਨੂੰ ਰੋਲ ਕਿਵੇਂ ਮਿਲਿਆ?

ਜੁਆਬ: ਅਮਰੀਕਾ ਦੇ ਸਿੱਖ ਭਾਈਚਾਰੇ ਵਿਚੋਂ ਬਹੁਤ ਸਾਰੇ ਫਿਲਮ ਨਿਰਮਾਤਾ ਹਨ ਜੋ ਹਾਲੀਵੁੱਡ ਵਿਚ ਕੰਮ ਕਰ ਰਹੇ ਹਨ ਅਤੇ ਉਹ ਦਲੀਪ ਸਿੰਘ ਦੇ ਜੀਵਨ ਬਾਰੇ ਫਿਲਮ ਬਣਾਉਣਾ ਚਾਹੁੰਦੇ ਸਨ। ਕਿਉਂਕਿ ਮੈਂ ਅਮਰੀਕਾ ਵਿਚ ਪ੍ਰੋਗਰਾਮ ਪੇਸ਼ ਕੀਤੇ ਹਨ ਅਤੇ ਮੈਂ ਅਮਰੀਕਾ ਦੇ ਸਿੱਖ ਭਾਈਚਾਰੇ ਵਿਚ ਚੰਗੀ ਤਰ੍ਹਾਂ ਜਣਿਆ ਪਛਾਣਿਆ ਨਾਂ ਹਾਂ। ਲੋਕਾਂ ਦੀ ਅਕਸਰ ਟਿੱਪਣੀ ਸੀ ਕਿ ਮੇਰਾ ਚਿਹਰਾ ਮੋਹਰਾ ਮਹਾਰਾਜਾ ਦਲੀਪ ਸਿੰਘ ਨਾਲ ਬਹੁਤ ਮਿਲਦਾ ਜੁਲਦਾ ਹੈ।
ਇਸ ਲਈ ਨਿਰਮਾਤਾਵਾਂ ਨੇ ਮੈਨੂੰ ਬੁਲਾਇਆ ਅਤੇ ਇਸ ਫਿਲਮ ਬਾਰੇ ਵਿਚਾਰ ਵਟਾਂਦਰਾ ਕੀਤਾ। ਮੈਂ ਲਾਸ ਏਂਜਲਸ ਗਿਆ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਮੈਂ ਫਿਲਮ ਅਦਾਕਾਰ ਨਹੀਂ ਹਾਂ। ਮੈਂ ਇਕ ਸ਼ਾਇਰ ਅਤੇ ਸੰਗੀਤਕਾਰ ਹਾਂ। ਉਨ੍ਹਾਂ ਕਿਹਾ ਕਿ ਪਰ ਸਾਨੂੰ ਪਤਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ। ਤੁਹਾਨੂੰ ਸਿਰਫ ਐਕਟਿੰਗ ਸਿੱਖਣੀ ਪਵੇਗੀ ਇਸ ਲਈ ਮੈਂ ਰਾਜ਼ੀ ਹੋ ਗਿਆ ਅਤੇ ਮੁੰਬਈ ‘ਚ ਆ ਕੇ ਐਕਟਿੰਗ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ। ਜਦੋਂ ਫਿਲਮ ਦੀ ਸੂਸ਼ੁਰੂ ਹੋਈ ਮੈਂ ਬਹੁਤ ਹੀ ਮਹਾਨ ਐਕਟਿੰਗ/ਡਾਇਲਾਗ ਕੋਚ ਡੀ ਕੈਨਨ ਨਾਲ ਕੰਮ ਕੀਤਾ ਅਤੇ ਸਭ ਕੁਝ ਠੀਕ ਠਾਕ ਹੋ ਗਿਆ। ਮੈਨੂੰ ਇਸ ਫਿਲਮ ਵਿਚ ਬਹੁਤ ਮਾਣ ਸਤਿਕਾਰ ਮਿਲਿਆ।

ਸੁਆਲ: ਤੁਹਾਨੂੰ ਇਸ ਕਹਾਣੀ ਵਿਚ ਖ਼ਾਸ ਦਿਲਚਸਪੀ ਕੀ ਸੀ?

ਜੁਆਬ: ਮੇਰੀ ਦਿਲਚਸਪੀ ਦਾ ਸਭ ਤੋਂ ਵੱਡਾ ਕਾਰਨ ਇਤਿਹਾਸ ਅਤੇ ਭਵਨ ਨਿਰਮਾਣ ਕਲਾ ਪ੍ਰਤੀ ਮੇਰਾ ਪਿਆਰ ਸੀ ਅਤੇ ਇਹ ਤਾਂ ਮੇਰੇ ਆਪਣੇ ਸਭਿਆਚਾਰ ਦਾ ਇਤਿਹਾਸ ਹੈ ਇਸ ਲਈ ਇਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਂ ਇਕ ਪੁਰਾਣੀ ਆਤਮਾ ਵਜੋਂ ਮਹਿਸੂਸ ਕਰਦਾ ਹਾਂ। ਮੈਂ ਇਕ ਸ਼ਾਇਰ, ਸੰਗੀਤਕਾਰ, ਗਾਇਕ ਅਤੇ ਕਲਾਕਾਰ ਹਾਂ ਅਤੇ ਇਹ ਕਹਾਣੀ ਮੇਰੇ ਭਾਈਚਾਰੇ ਲਈ ਅਹਿਮ ਹੈ।
2010 ਵਿਚ, ਮੈਂ ਪਹਿਲੀ ਵਾਰ ਇੰਗਲੈਂਡ ਗਿਆ, ਕਿਸੇ ਨੇ ਮੈਨੂੰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਇਤਿਹਾਸ ਦੀ ਇਕ ਕਿਤਾਬ ਦਿੱਤੀ। ਇਸ ਤਰ੍ਹਾਂ ਇਹ ਮੇਰਾ ਪਹਿਲਾ ਪ੍ਰਭਾਵ ਸੀ ਕਿ ਉਹ ਕੀ ਸਨ। ਮੈਂ ਉਸ ਵਕਤ ਉਨ੍ਹਾਂ ਬਾਰੇ ਪੜ੍ਹਨਾ ਅਤੇ ਸਿੱਖਣਾ ਸ਼ੁਰੂ ਕੀਤਾ ਸੀ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਰੋਲ ਮੇਰੇ ਭਾਗਾਂ ਵਿੱਚ ਲਿਖਿਆ ਸੀ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਿਉਂਕਿ ਸਿੱਖ ਇਤਿਹਾਸ ਬਾਰੇ ਇਹ ਪਹਿਲੀ ਹਾਲੀਵੁੱਡ ਫਿਲਮ ਹੈ।

ਸੁਆਲ: ਇਸ ਇਤਿਹਾਸਕ ਹਸਤੀ ਦੀ ਭੂਮਿਕਾ ਨਿਭਾਉਣ ਸਮੇਂ ਤੁਹਾਨੂੰ ਅਨੁਭਵ ਕਿਹੋ ਜਿਹਾ ਰਿਹਾ?

ਜੁਆਬ: ਅਸਲ ਵਿਚ ਇਹ ਮੇਰੇ ਮੋਢਿਆਂ ਉਪਰ ਭਾਰ ਸੀ ਕਿਉਂਕਿ ਮੈਂ ਆਪਣੇ ਸਭਿਆਚਾਰ ਦੀ ਪ੍ਰਤੀਨਿਧਤਾ ਕਰ ਰਿਹਾ ਸੀ। ਇਹ ਸਚਾਈ ਹੈ ਕਿ ਮੈਂ ਪਹਿਲਾਂ ਕਦੀ ਐਕਟਿੰਗ ਨਹੀਂ ਕੀਤੀ ਸੀ ਪਰ ਮੈਂ ਉਨ੍ਹਾਂ ਬੰਦਿਆਂ ਵਿਚੋਂ ਹਾਂ ਜੋ ਜਦ ਇਕ ਵਾਰ ਵਚਨ ਕਰ ਲੈਣ ਤਾਂ ਪੂਰੀ ਲਗਨ ਅਤੇ ਜਿੰਮੇਵਾਰੀ ਨਾਲ ਕੰਮ ਕਰਦੇ ਹਨ। ਮੈਂ ਇਸ ਕਾਰਜ ਲਈ 100 ਫ਼ੀਸਦੀ ਲਗਨ ਨਾਲ ਕੰਮ ਕੀਤਾ ਅਤੇ ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਟੂਰ ਅਤੇ ਸ਼ੋਅ ਰੱਦ ਕਰ ਦਿੱਤੇ। ਇਹ ਬਹੁਤ ਹੀ ਅਦਭੁਤ ਤੇ ਪਿਆਰਾ ਜਿਹਾ ਅਨੁਭਵ ਰਿਹਾ। ਇਹ ਬਹੁਤ ਦਿਲਚਸਪ ਸੀ ਅਤੇ ਇਹ ਪਾਤਰ ਮੇਰੇ ਬਿਲਕੁਲ ਨੇੜੇ ਸੀ, ਮਹਾਰਾਜਾ ਦਾ ਕਿਰਦਾਰ ਬਿਲਕੁਲ ਮੇਰੇ ਵਰਗਾ ਸੀ, ਸਿਰਫ਼ ਸ਼ਕਲ ਪੱਖੋਂ ਨਹੀਂ। ਉਸ ਦਾ ਗੱਲਬਾਤ ਕਰਨ ਦਾ ਤਰੀਕਾ ਮੇਰੇ ਵਰਗਾ ਸੀ। ਮੈਂ ਬਹੁਤ ਹੀ ਦ੍ਰਿੜ੍ਹ ਇਰਾਦੇ ਵਾਲਾ ਹਾਂ ਅਤੇ ਸਾਡੇ ਵਿਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ। ਇਹ ਕਹਾਣੀ ਵੀ ਮੇਰੇ ਬਹੁਤ ਨੇੜੇ ਹੈ।

ਸੁਆਲ: ਇਹ ਆਦਮੀ ਕੌਣ ਸੀ? ਉਹ ਕਿਸ ਵਰਗਾ ਸੀ?

ਜੁਆਬ: ਉਹ ਇਕ ਨੌਜਵਾਨ ਦੇ ਤੌਰ ਤੇ ਬੌਦਲਿਆ, ਦਬਿਆ ਦਬਿਆ ਅਤੇ ਅੰਤਰਮੁਖੀ ਵਿਅਕਤੀ ਸੀ। ਉਹ ਆਪਣੀ ਮਾਤਾ, ਰਾਣੀ ਜਿੰਦਾਂ (ਸ਼ਬਾਨਾ ਆਜ਼ਮੀ) ਨੂੰ ਮਿਲਿਆ ਤਾਂ ਉਸ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਉਹ ਕੌਣ ਹੈ ਅਤੇ ਉਸ ਦੀ ਹੋਣੀ ਕੀ ਹੈ। ਜਦ ਉਸ ਨੇ ਆਪਣੇ ਪਿਤਾ ਜੀ (ਮਹਾਰਾਜਾ ਰਣਜੀਤ ਸਿੰਘ) ਬਾਰੇ, ਉਸ ਦੇ ਰਾਜ ਭਾਗ ਬਾਰੇ, ਜੋ ਉਸ ਨੇ ਗੁਆ ਲਿਆ, ਅਤੇ ਆਪਣੇ ਧਰਮ ਬਾਰੇ ਸੁਣਿਆ, ਤਾਂ ਉਹ ਬਾਹਰਮੁਖੀ ਅਤੇ ਬਹਾਦਰ ਬਣ ਗਿਆ। ਉਸ ਵਿਚ ਤਬਦੀਲੀ ਆ ਗਈ ਅਤੇ ਉਸ ਨੂੰ ਆਪਣੀ ਜਿੰਮੇਵਾਰੀ ਸਮਝ ਆ ਗਈ। ਇਹ ਇਕ ਉਦਾਸੀ ਵਾਲੀ ਕਥਾ ਹੈ ਪਰ ਦਲੀਪ ਸਿੰਘ ਅਸਲ ਵਿਚ ਸ਼ਾਂਤੀ ਨਾਲ ਇਕ ਆਜ਼ਾਦ ਵਿਅਕਤੀ ਅਤੇ ਇਕ ਸਿੱਖ ਵਜੋਂ ਮਰਦਾ ਹੈ, ਕਿਉਂਕਿ ਉਸ ਨੇ ਈਸਾਈ ਮੱਤ ਛੱਡ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ ਸੀ। ਪਰ ਬਰਤਾਨਵੀ ਸਾਮਰਾਜ ਹੋਣ ਕਾਰਨ, ਉਨ੍ਹਾਂ ਨੇ ਉਸ ਦਾ ਸਿੱਖ ਰੀਤਾਂ ਅਨੁਸਾਰ ਅੰਤਮ ਸੰਸਕਾਰ ਨਹੀਂ ਕੀਤਾ। ਉਨ੍ਹਾਂ ਨੂੰ ਇੰਗਲੈਂਡ ਵਿਚ ਐਲਵੇਡਨ ਅਸਟੇਟ ਵਿਚ ਇਕ ਈਸਾਈ ਦੇ ਤੌਰ ਤੇ ਦਫ਼ਨਾਇਆ ਗਿਆ।

ਸੁਆਲ: ਇਹ ਰੋਲ ਕਰਨ ਵੇਲੇ ਕਿਹੜੀਆਂ ਵੱਡੀਆਂ ਚੁਣੌਤੀਆਂ ਸਨ?

ਜੁਆਬ: ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੈਂ ਫਿਲਮ ਇੰਡਸਟਰੀ ਵਿਚ ਨਵਾਂ ਸੀ। ਕਈ ਵਾਰ ਅਸੀਂ ਤਰਤੀਬ ਤੋਂ ਬਾਹਰ ਜਾ ਕੇ ਸ਼ੂਟਿੰਗ ਕਰਦੇ ਸੀ। ਇਕ ਤਜਰਬੇਕਾਰ ਐਕਟਰ ਲਈ ਇਹ ਗੱਲਾਂ ਸਾਧਾਰਨ ਹੋ ਸਕਦੀਆਂ ਹਨ ਪਰ ਮੇਰੇ ਵਰਗੇ ਨਵੇਂ ਕਲਾਕਾਰ ਲਈ ਬਿਲਕੁਲ ਔਖਾ ਕਾਰਜ ਸੀ। ਉਸ ਦੀ ਵੱਖ ਵੱਖ ਉਮਰ ਮੁਤਾਬਿਕ ਫਿੱਟ ਹੋਣਾ ਪੈਂਦਾ ਸੀ। ਕਈ ਵਾਰ ਉਹ ਸਵੇਰ ਵੇਲੇ 53 ਸਾਲ ਦਾ ਹੁੰਦਾ ਸੀ ਤੇ ਸ਼ਾਮ ਵੇਲੇ 33 ਸਾਲ ਦਾ। ਮੈਨੂੰ ਇਸ ਹਿਸਾਬ ਨਾਲ ਆਪਣਾ ਸਰੀਰਕ ਅਭਿਨੈ ਅਤੇ ਅੱਖਾਂ ਵਿਚ ਤਬਦੀਲੀ ਲਿਆਉਣੀ ਪੈਂਦੀ ਸੀ। ਇਹ ਮੇਰੇ ਲਈ ਔਖਾ ਕਾਰਜ ਇਸ ਲਈ ਵੀ ਸੀ ਕਿ ਮੈਂ ਉਸ ਦੀ 15 ਸਾਲ ਦੀ ਉਮਰ ਤੋਂ ਲੈ ਕੇ ਮੌਤ ਤੱਕ ਭੂਮਿਕਾ ਨਿਭਾਈ।

ਸੁਆਲ: ਮੈਨੂੰ ਪਤਾ ਲੱਗਾ ਹੈ ਕਿ ਤੁਹਾਨੂੰ ਤੁਹਾਡੇ ਨਿਰਦੇਸ਼ਕ ਦੀ ਪੂਰੀ ਹਮਾਇਤ ਸੀ। ਕੀ ਤੁਸੀਂ ਕਵੀ ਰਾਜ ਨਾਲ ਆਪਣੇ ਅਨੁਭਵ ਸਾਂਝੇ ਕਰ ਸਕਦੇ ਹੋ?

ਜੁਆਬ: ਇਹ ਬਹੁਤ ਹੀ ਮਹਾਨ ਤਜਰਬਾ ਸੀ ਕਿਉਂਕਿ ਕਵੀ ਰਾਜ ਇਕ ਤਜਰਬੇਕਾਰ ਅਭਿਨੇਤਾ ਹਨ ਅਤੇ ਉਨ੍ਹਾਂ ਨੇ ਹਾਲੀਵੁੱਡ ਵਿਚ 35 ਸਾਲ ਬਿਤਾਏ ਹਨ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿਖਿਆ ਹੈ ਅਤੇ ਉਹ ਜਾਣਦੇ ਹਨ ਕਿ ਪਾਤਰ ਉਸਾਰੀ ਲਈ ਮੇਰੀ ਮਦਦ ਕਿਵੇਂ ਕਰਨੀ ਹੈ। ਮੈਂ ਉਨ੍ਹਾਂ ਕੋਲੋਂ ਮੂਡ, ਸਮਾਂ ਅਤੇ ਹੋਰ ਬਹੁਤ ਕੁਝ ਪੁੱਛ ਸਕਦਾ ਸੀ। ਮੈਂ ਉਨ੍ਹਾਂ ਨੂੰ 100 ਫ਼ੀਸਦੀ ਸੁਣਦਾ ਸੀ। ਅਸੀਂ ਇਕ ਦੋ ਵਾਰ ਬਹਿਸ ਵੀ ਕਰ ਲੈਂਦੇ ਸੀ (ਹਸਦਾ)। ਮੈਂ ਉਨ੍ਹਾਂ ਨਾਲੋਂ ਜ਼ਿਆਦਾ ਉੱਚੀ ਬੋਲਦਾ ਸੀ ਕਿਉਂਕਿ ਮੇਰੀ ਪਰਵਰਿਸ਼ ਭਾਰਤ ਵਿਚ ਹੋਈ ਹੈ ਅਤੇ ਬਾਲੀਵੁੱਡ ਦੀ ਸੁਰ ਹਾਲੀਵੁੱਡ ਨਾਲੋਂ ਕੁਝ ਉੱਚੀ ਹੈ। ਪਰ ਉਹ ਮੇਰੇ ਨਾਲੋਂ ਜ਼ਿਆਦਾ ਜਾਣਦੇ ਹਨ, ਉਹ ਮੈਨੂੰ ਬਹੁਤ ਹੀ ਵਿਸਥਾਰ ਨਾਲ ਦਸਦੇ ਸਨ ਅਤੇ ਉਹ ਪੰਜਾਬੀ ਬੋਲ ਸਕਦੇ ਸਨ। ਉਹ ਮੈਨੂੰ ਸਿਰਫ਼ ਏਨਾ ਦਸਦੇ ਸਨ ਕਿ ਕਲਪਨਾ ਕਰੋ ਕਿ ਤੁਸੀਂ, ਮਹਾਰਾਜਾ ਦਲੀਪ ਸਿੰਘ ਹੋ। ਜੇ ਤੁਸੀਂ ਉੱਥੇ ਹੁੰਦੇ ਤਾਂ ਕੀ ਕਰਦੇ, ਤੁਸੀਂ ਕੀ ਮਹਿਸੂਸ ਕਰਦੇ? ਇਸ ਲਈ ਇਸ ਕਿਸਮ ਦੀ ਨਿਰਦੇਸ਼ਨਾ ਨੇ ਮੇਰੀ ਮਦਦ ਕੀਤੀ। ਅਤੇ ਮੈਂ ਇਹ ਕੋਸ਼ਿਸ਼ ਕੀਤੀ ਕਿ ਮੈਂ ਇਸ ਤਰ੍ਹਾਂ ਭੂਮਿਕਾ ਨਿਭਾਵਾਂ ਕਿ ਮੈਂ ਹੀ ਅਸਲੀ ਦਲੀਪ ਸਿੰਘ ਹਾਂ। ਇਹ ਮੈਨੂੰ ਬਰਤਾਨਵੀ ਵਤੀਰੇ ਅਤੇ ਵਿਸ਼ੇਸ਼ਤਾਈਆਂ ਬਾਰੇ ਸਿੱਖਣ ਵਿਚ ਵੀ ਸਹਾਈ ਸਾਬਤ ਹੋਇਆ। ਕਿਉਂਕਿ ਕਵੀ ਰਾਜ ਇੰਗਲੈਂਡ ਵਿਚ ਹੀ ਵੱਡੇ ਹੋਏ ਹਨ ਅਤੇ ਉਨ੍ਹਾਂ ਨੂੰ ਉਥੋਂ ਦੀ ਵਿਰਾਸਤ, ਪ੍ਰੋਟੋਕੋਲ, ਭਾਸ਼ਾ ਅਤੇ ਵਿਕਟੋਰੀਅਨ ਸ਼ਾਹੀ ਠਾਠ ਬਾਠ ਬਾਰੇ ਸਭ ਕੁਝ ਪਤਾ ਹੈ। ਇਸਤੋਂ ਇਲਾਵਾ ਉਨ੍ਹਾਂ ਵੱਲੋਂ ਲਿਖੀ ਗਈ ਸਕਰਿਪਟ ਵੀ ਲਾਸਾਨੀ ਹੈ।

ਸੁਆਲ: ਕੀ ਤੁਸੀਂ ਸ਼ਬਾਨਾ ਆਜ਼ਮੀ, ਜਿਨ੍ਹਾਂ ਨੇ ਤੁਹਾਡੀ ਮਾਂ ਦੀ ਭੂਮਿਕਾ ਨਿਭਾਈ, ਨਾਲ ਆਪਣੇ ਕੰਮ ਬਾਰੇ ਗੱਲ ਕਰੋਗੇ?

ਜੁਆਬ: ਸ਼ਬਾਨਾ ਆਜ਼ਮੀ ਭਾਰਤ ਤੋਂ, ਬਾਲੀਵੁੱਡ ਤੋਂ ਬਹੁਤ ਹੀ ਵੱਡੀ ਅਭਿਨੇਤਰੀ ਹੈ, ਜਿਨ੍ਹਾਂ ਕੋਲ ਇਕ ਵਿਰਸਾ ਹੈ। ਜਦ ਉਨ੍ਹਾਂ ਨੇ ਇਸ ਭੂਮਿਕਾ ਲਈ ਫਿਲਮ ਸਾਈਨ ਕੀਤੀ ਤਾਂ ਉਨ੍ਹਾਂ ਪੁਛਿਆ ਕਿ ਨਾਇਕ ਕੌਣ ਹੈ? ਫਿਰ ਉਨ੍ਹਾਂ ਮੇਰੇ ਬਾਰੇ ਘੋਖ ਕੀਤੀ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਅਤੇ ਉਨ੍ਹਾਂ ਕਿਹਾ ਕਿ ਠੀਕ ਹੈ ਇਹ ਆਪਣੇ ਭਾਈਚਾਰੇ ਵਿਚ ਇਕ ਜਾਣੀ ਪਛਾਣੀ ਹਸਤੀ ਹੈ। ਉਨ੍ਹਾਂ ਨੇ ਮੇਰਾ ਸੰਗੀਤ ਸੁਣਿਆ ਅਤੇ ਮੇਰੀ ਉਰਦੂ ਤੇ ਹਿੰਦੀ ਦੀ ਕਵਿਤਾ ਸੁਣੀ ਜੋ ਸ਼ਬਾਨਾ ਜੀ ਦੀ ਭਾਸ਼ਾ ਹੈ। ਜਦ ਅਸੀਂ ਸ਼ੂਟਿੰਗ ਕਰ ਰਹੇ ਸੀ, ਅਸੀਂ ਇਕੋ ਹੋਟਲ ਵਿਚ ਠਹਿਰੇ ਸੀ ਅਤੇ ਸਵੇਰੇ ਨਾਸ਼ਤੇ ਤੇ ਰੋਜ਼ਾਨਾ ਮਿਲਦੇ ਸੀ ਅਤੇ ਮੈਂ ਉਨ੍ਹਾਂ ਨੂੰ ਪੰਜਾਬੀ ਸਿਖਾਉਂਦਾ ਕਿਉਂਕਿ ਫਿਲਮ ਵਿਚ ਉਨ੍ਹਾਂ ਦੇ ਡਾਇਲਾਗ ਪੰਜਾਬੀ ਵਿਚ ਸਨ। ਬਲੈਕ ਪ੍ਰਿੰਸ ਦੀ ਮਾਤਾ, ਰਾਣੀ ਜਿੰਦਾਂ ਨੂੰ ਅੰਗਰੇਜ਼ੀ ਭਾਸ਼ਾ ਨਹੀਂ ਸੀ ਆਉਂਦੀ ਇਸ ਲਈ ਸਮੁੱਚੀ ਫਿਲਮ ਵਿਚ ਉਨ੍ਹਾਂ ਦੇ ਸਾਰੇ ਡਾਇਲਾਗ ਪੰਜਾਬੀ ਵਿਚ ਸਨ। ਮੈਂ ਸ਼ਬਾਨਾ ਜੀ ਤੋਂ ਬਹੁਤ ਕੁਝ ਸਿਖਿਆ। ਉਹ ਬਹੁਤ ਦੋਸਤਾਨਾ ਤਰੀਕੇ ਨਾਲ ਵਿਚਰਦੇ, ਉਹ ਮੇਰੇ ਲਈ ਬੜੇ ਮਦਦਗਾਰ ਸਨ।

ਸੁਆਲ: ਦਲੀਪ ਦਾ ਆਪਣੀ ਮਾਂ ਨਾਲ ਬੜਾ ਤਣਾਅ ਵਾਲਾ ਰਿਸ਼ਤਾ ਸੀ, ਕਿ ਨਹੀਂ? ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਉਹ ਆਪਣੀ ਮਾਂ ਨਾਲ ਰਹਿ ਕੇ ਵੱਡਾ ਨਹੀਂ ਸੀ ਹੋਇਆ।

ਜੁਆਬ: ਇਹ ਗੱਲ ਠੀਕ ਹੈ ਕਿਉਂਕਿ ਉਹ ਆਪਣੀ ਮਾਂ ਨੂੰ ਚੌਂਦਾਂ ਪੰਦਰਾਂ ਸਾਲ ਬਾਅਦ ਮਿਲਦਾ ਹੈ ਅਤੇ ਚੰਗੀ ਤਰ੍ਹਾਂ ਪਛਾਣ ਵੀ ਨਹੀਂ ਸਕਦਾ। ਉਹ ਬਿਲਕੁਲ ਵੱਖੋ ਵੱਖਰੇ ਸਨ ਕਿਉਂਕਿ ਉਦੋਂ ਤੱਕ ਉਹ ਵਧੇਰੇ ਬਰਤਾਨਵੀ ਹੋ ਚੁੱਕਾ ਸੀ ਅਤੇ ਬਰਬਾਦ ਹੋ ਚੁੱਕਾ ਸੀ। ਉਸ ਨੂੰ ਆਪਣੀ ਮਾਂ ਦੀ ਯਾਦ ਵੀ ਨਹੀਂ ਸੀ ਅਤੇ ਇਹ ਵੀ ਨਹੀਂ ਪਤਾ ਸੀ ਕਿ ਕਦ ਮਿਲੇ ਸਨ ਉਹ ਉਸ ਨਾਲ ਰਿਸ਼ਤੇ ਨੂੰ ਜਾਣਦਾ ਹੀ ਨਹੀਂ ਸੀ। ਇਹ ਬਿਲਕੁਲ ਯਥਾਰਥਕ ਨਹੀਂ ਸੀ ਹੋਣਾ ਜੇ ਉਹ ਇਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਅਤੇ ਭੁੱਬਾਂ ਮਾਰ ਕੇ ਰੋਂਦੇ। ਕਵੀ ਰਾਜ ਨੇ ਉਨ੍ਹਾਂ ਦੀ ਪਹਿਲੀ ਮਿਲਣੀ ਵਾਲਾ ਸੀਨ ਬਹੁਤ ਹੀ ਸ਼ਕਤੀਸ਼ਾਲੀ ਲਿਖਿਆ ਹੈ।

ਸੁਆਲ: ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੀ ਮਾਂ ਦੇ ਬਹੁਤ ਹੀ ਕਰੀਬ ਹੈ?

ਜੁਆਬ: ਹਾਂ ਜੀ, ਮੈਂ ਜੋ ਕੁਝ ਵੀ ਹਾਂ ਆਪਣੀ ਮਾਂ ਸਦਕਾ ਅਤੇ ਉਨ੍ਹਾਂ ਦੇ ਅਸ਼ੀਰਵਾਦ ਸਕਦਾ ਹਾਂ।

ਸੁਆਲ: ਅਮਾਂਡਾ ਰੂਟ ਨਾਲ ਕੰਮ ਕਰ ਕੇ ਕਿਸ ਤਰ੍ਹਾਂ ਲੱਗਾ ਜਿਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਦਾ ਰੋਲ ਕੀਤਾ?

ਜੁਆਬ: ਅਮਾਂਡਾ ਨਾਲ ਕੰਮ ਕਰਕੇ ਬਹੁਤ ਹੀ ਚੰਗਾ ਲੱਗਾ। ਉਹ ਕਿਰਦਾਰ ਵਿਚ ਬਿਲਕੁਲ ਸ਼ਾਹੀ ਔਰਤ ਜਾਪਦੀ ਸੀ ਅਤੇ ਸੈੱਟ ਤੋਂ ਬਾਹਰ ਸਾਡਾ ਰਿਸ਼ਤਾ ਬੜਾ ਚੰਗਾ ਹੁੰਦਾ ਸੀ। ਉਹ ਮੇਰੀ ਅੰਗਰੇਜ਼ੀ ਦੀਆਂ ਨਕਲਾਂ ਲਾਹ ਕੇ ਲਤੀਫ਼ੇ ਸੁਣਾਉਂਦੀ ਕਿਉਂਕਿ ਮੇਰੀ ਅੰਗਰੇਜ਼ੀ ਭਾਰਤੀ ਲਹਿਜੇ ਵਾਲੀ ਸੀ। ਅਮਾਂਡਾ ਮਹਾਨ ਐਕਟਰੈਸ ਹੈ। ਉਨ੍ਹਾਂ ਦਾ ਸੁਭਾਅ ਬੜਾ ਸੰਜਮੀ ਹੈ, ਉਹ ਬਹੁਤ ਨਹੀਂ ਬੋਲਦੇ ਪਰ ਜਦ ਮੈਂ ਕੁਝ ਪੁੱਛਦਾ ਸੀ ਤਾਂ ਉਹ ਮੇਰੀ ਮਦਦ ਕਰਦੇ ਅਤੇ ਉਹ ਮੈਨੂੰ ਸਿਖਾਉਣਾ ਚੰਗਾ ਸਮਝਦੇ ਸੀ।

ਸੁਆਲ: ਤੁਸੀਂ ਇਕ ਹੋਰ ਵੱਡੇ ਬਰਤਾਨਵੀ ਐਕਟਰ ਜੈਸਨ ਫਲੈਮਿੰਗ, ਨਾਲ ਕੰਮ ਕੀਤਾ, ਜਿਨ੍ਹਾਂ ਨੇ ਤੁਹਾਡੇ ਸਰਪ੍ਰਸਤ ਡਾ. ਜੌਨ ਲੌਗਿਨ ਦੀ ਭੂਮਿਕਾ ਨਿਭਾਈ।

ਜੁਆਬ: ਜੈਸਨ ਬਹੁਤ ਹੀ ਰੌਣਕੀ ਬੰਦਾ ਹੈ, ਬਹੁਤ ਹੀ ਸ਼ਾਂਤ. ਕਈ ਵਾਰ ਮੇਕ ਅਪ ਰੂਮ ਵਿਚ ਉਹ ਮੇਰੇ ਗੀਤ ਚਲਾ ਲੈਂਦਾ ਅਤੇ ਨੱਚਣਾ ਸ਼ੁਰੂ ਕਰ ਦਿੰਦਾ। ਅਤੇ ਉਹ ਬਹੁਤ ਹੀ ਮਜ਼ਾਹੀਆ ਕਿਸਮ ਦਾ ਇਨਸਾਨ ਹੈ। ਉਹ ਡਾਇਰੈਕਟਰ ਦੇ ਪਿੱਛੇ ਖਲੋ ਜਾਂਦਾ ਅਤੇ ਕਹਿੰਦਾ, ਓ ਇਹ ਤੁਹਾਡੀ ਪਹਿਲੀ ਫਿਲਮ ਹੈ? ਮੈਂ ਜੁਆਬ ਦਿੰਦਾ, ਹਾਂ ਜੈਸਨ। ਉਸ ਨੇ ਕਹਿਣਾ, ਓ ਤੁਸੀਂ ਝੂਠ ਬੋਲ ਰਹੇ ਹੋ ਇਹ ਤਾਂ ਬਹੁਤ ਵਧੀਆ ਹੈ। ਮੈਂ ਸੋਚਦਾ ਹੇ ਭਗਵਾਨ, ਕੀ ਇਹ ਗੱਲ ਠੀਕ ਹੈ। ਮੈਂ ਖੁਸ਼ ਹੁੰਦਾ ਕਿਉਂਕਿ ਇਹ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਹੁੰਦਾ ਸੀ. ਕਈ ਵਾਰ ਉਹ ਮੈਨੂੰ ਸਲਾਹ ਦਿੰਦਾ ਤੇ ਕਹਿੰਦਾ, ”ਤੁਹਾਡੀ ਐਕਟਿੰਗ ਬਾਰੇ ਜੋ ਹਰ ਕੋਈ ਕਹਿੰਦਾ ਹੈ, ਉਨ੍ਹਾਂ ਨੂੰ ਨਾ ਸੁਣ, ਉਸ ਤਰ੍ਹਾਂ ਕਰ ਜਿਵੇਂ ਤੂੰ ਅੰਦਰੋਂ ਮਹਿਸੂਸ ਕਰਦਾ ਹੈ।

ਸੁਆਲ: ਦਲੀਪ ਸਿੰਘ ਬੜਾ ਦਿਲਚਸਪ ਵਿਅਕਤੀ ਸੀ ਜਿਸ ਨੇ ਇਨਸਾਫ਼ ਲਈ ਇੰਗਲੈਂਡ ਵਿਚ ਆਪਣਾ ਸ਼ਾਹਾਨਾ ਜੀਵਨ ਛੱਡ ਦਿੱਤਾ?

ਜੁਆਬ: ਉਸ ਨੇ ਇਸ ਤਰ੍ਹਾ ਹੀ ਕੀਤਾ ਜਿਵੇਂ ਮੈਂ ਫਿਲਮ ਫੈਸਟੀਵਲ ਵਿਚ ਕਿਹਾ ਸੀ ਕਿਉਂਕਿ ਬਹੁਤੇ ਸਿੱਖ ਅਤੇ ਪੰਜਾਬੀ, ਉਸ ਨੂੰ ਨਾਇਕ ਨਹੀਂ ਮੰਨਦੇ। ਮੇਰਾ ਪ੍ਰਤੀਕਰਮ ਹਮੇਸ਼ਾ ਇਹੋ ਹੈ, ਜੇ ਉਹ ਗੋਲੀ ਨਾਲ ਮਰਿਆ ਹੁੰਦਾ ਤਾਂ ਤੁਹਾਡਾ ਨਾਇਕ ਹੋਣਾ ਸੀ। ਪਰ ਅਜਿਹਾ ਨਹੀਂ ਵਾਪਰਿਆ, ਤੁਸੀਂ ਉਸ ਨੂੰ ਨਾਇਕ ਨਹੀਂ ਸਮਝਦੇ, ਉਹ ਅਜੇ ਵੀ ਨਾਇਕ ਹੈ। ਉਹ ਇਕੱਲਿਆ ਪੈਰਿਸ ਵਿਚ ਇਕ ਹੋਟਲ ਵਿਚ ਬੀਮਾਰੀ ਨਾਲ ਮਰਿਆ। ਪਰ ਸਚਾਈ ਇਹ ਹੈ ਕਿ ਉਸ ਨੇ ਕੀ ਕੀਤਾ ਅਤੇ ਕੀ ਕਰ ਸਕਿਆ? ਉਸ ਨੇ ਬਹੁਤ ਵਧੀਆ ਕੀਤਾ। ਉਸ ਨੇ ਬਰਤਾਨਵੀ ਸਾਮਰਾਜ ਨਾਲ ਟੱਕਰ ਲੈਣ ਲਈ ਇੰਗਲੈਂਡ ਵਿਚ ਆਪਣਾ ਸ਼ਾਹੀ ਜੀਵਨ ਅਤੇ ਵੱਡੀ ਜਾਇਦਾਦ, ਜਿਸ ਦਾ ਉਹ ਮਾਲਕ ਸੀ, ਤਿਆਗ ਦਿੱਤੀ। ਉਹ ਆਪਣੇ ਪਰਿਵਾਰ ਨੂੰ ਛੱਡ ਗਿਆ, ਆਪਣੇ ਬੱਚਿਆਂ ਅਤੇ ਪਤਨੀ ਨੂੰ ਛੱਡ ਗਿਆ। ਇਸ ਤੋਂ ਵੱਧ ਉਹ ਹੋਰ ਕੁਝ ਕਰ ਵੀ ਕੀ ਸਕਦਾ ਸੀ. ਉਹ ਅਸਲੀ ਨਾਇਕ ਸੀ।

ਸੁਆਲ: ਕੀ ਤੁਸੀਂ ਇਹ ਸਮਝਦੇ ਹੋ ਕਿ ਇਹ ਫਿਲਮ ਸਿੱਖ ਭਾਈਚਾਰੇ ਵਿਚ ਦਲੀਪ ਸਿੰਘ ਬਾਰੇ ਅਕਸ ਨੂੰ ਬਦਲ ਦੇਵੇਗੀ?

ਜੁਆਬ: ਹਾਂ, ਮੈਂ ਇਹ ਮਹਿਸੂਸ ਕਰਦਾ ਹਾਂ। ਬਹੁਤ ਸਾਰੇ ਸਿੱਖ ਸਮਝਦੇ ਹਨ ਕਿ ਉਸ ਨੇ ਸਾਨੂੰ ਕੰਡ ਦੇ ਦਿੱਤੀ ਅਤੇ ਆਪਣੇ ਧਰਮ ਨੂੰ ਭੁੱਲ ਬੈਠਾ। ਇਹ ਸਚਾਈ ਨਹੀਂ ਹੈ ਕਿਉਂਕਿ ਉਹ ਬਹੁਤ ਛੋਟਾ ਬੱਚਾ ਦੀ ਜਦ ਉਸ ਨੂੰ ਉਸ ਦੀ ਮਾਂ ਨਾਲੋਂ ਵੱਖ ਕਰ ਲਿਆ ਅਤੇ ਉਸ ਦਾ ਧਰਮ ਤਬਦੀਲ ਕਰ ਕੇ ਉਸ ਨੂੰ ਈਸਾਈ ਬਣਾ ਦਿੱਤਾ। ਇਹ ਫਿਲਮ ਸਿੱਖ ਭਾਈਚਾਰੇ ਨੂੰ ਵਿਖਾਏਗੀ ਕਿ ਅਸਲ ਵਿਚ ਉਹ ਕੀ ਸੀ। ਇਹ ਫਿਲਮ ਬਹੁਤ ਹੀ ਖੋਜ ਕਰਕੇ ਬਣਾਈ ਗਈ ਹੈ ਅਤੇ ਅਸੀਂ ਉਹ ਸਚਾਈ ਲੱਭੀ ਹੈ ਜੋ ਉਸ ਸਮੇਂ ਬਰਤਾਨੀਆ ਨੇ ਦਫ਼ਨ ਕਰ ਦਿੱਤੀ ਸੀ। ਹੁਣ ਲੋਕ ਮਹਾਰਾਜ ਦਲੀਪ ਸਿੰਘ ਬਾਰੇ ਬਿਲਕੁਲ ਵੱਖਰੇ ਦ੍ਰਿਸ਼ਟੀਕੋਣ ਤੋਂ ਸੋਚਣਗੇ।

ਸੁਆਲ: ਤੁਹਾਡੇ ਲਈ ਤੁਹਾਡਾ ਸਭਿਆਚਾਰ ਅਤੇ ਧਰਮ ਕਿੰਨਾ ਮਹੱਤਵਪੂਰਨ ਅਤੇ ਮੁੱਲਵਾਨ ਹੈ?

ਜੁਆਬ: ਬਹੁਤ ਜ਼ਿਆਦਾ ਮਹੱਤਵਪੁਰਨ। ਉਤਰੀ ਭਾਰਤ ਦੇ ਲੋਕਾਂ, ਸਿੱਖਾਂ ਅਤੇ ਪੰਜਾਬੀਆਂ ਲਈ ਸਭਿਆਚਾਰ ਅਤੇ ਧਰਮ ਅਸਲ ਵਿਚ ਸਾਡਾ ਜੀਵਨ ਹੈ। ਜੇ ਤੁਸੀਂ ਉੱਥੇ ਕਿਸੇ ਨਾਲ ਇਸ ਸਬੰਧੀ ਗੱਲ ਕਰੋਗੇ ਤਾਂ ਉਹ ਆਪਣੇ ਸਭਿਆਚਾਰ, ਭਾਸ਼ਾ, ਆਪਣੇ ਰੱਬ ਅਤੇ ਆਪਣੇ ਸੰਗੀਤ ਬਾਰੇ ਬਹੁਤ ਹੀ ਮਾਣ ਨਾਲ ਗੱਲ ਕਰਨਗੇ।

ਸੁਆਲ: ਜਿਨ੍ਹਾਂ ਲੋਕਾਂ ਦਾ ਤੁਹਾਡੇ ਸਭਿਆਚਾਰ ਨਾਲ ਕੋਈ ਖ਼ਾਸ ਸਬੰਧ ਨਹੀਂ ਉਨ੍ਹਾਂ ਲਈ ਇਹ ਕਹਾਣੀ ਕਿੰਨੀ ਕੁ ਦਿਲਚਸਪ ਹੋਵੇਗੀ।

ਜੁਆਬ: ਇਹ ਸਾਰਿਆਂ ਲਈ ਦਿਲਚਸਪ ਹੋਣੀ ਚਾਹੀਦੀ ਹੈ, ਇਥੋਂ ਤੱਕ ਕਿ ਜਿਹੜੇ ਮੇਰੇ ਸੰਗੀਤ ਜਾਂ ਸਿੱਖ ਧਰਮ ਜਾਂ ਪੰਜਾਬ ਬਾਰੇ ਨਹੀਂ ਜਾਣਦੇ ਉਨ੍ਹਾਂ ਲਈ ਵੀ। ਬਰਤਾਨਵੀ ਸਾਮਰਾਜ ਅਤੇ ਮਹਾਰਾਣੀ ਵਿਕਟੋਰੀਆ ਅਤੇ ਬਕਿੰਗਮ ਪੈਲੇਸ ਬਾਰੇ ਹਰ ਕੋਈ ਜਾਣਦਾ ਹੈ। ਇਹ ਪੰਜਾਬ ਦੇ ਆਖਰੀ ਬਾਦਸ਼ਾਹ ਬਾਰੇ ਦਿਲਚਸਪ ਕਹਾਣੀ ਹੈ ਅਤੇ ਉਸ ਸਮੇਂ ਇੰਗਲੈਂਡ ਤੇ ਮਹਾਰਾਣੀ ਵਿਕਟੋਰੀਆ ਬਾਰੇ ਉਸ ਦੇ ਸਬੰਧਾਂ ਦਾ ਚਿਤਰਣ ਕਰਦੀ ਹੈ। ਇਹ ਇਕ ਮਹਾਂ ਯਾਤਰਾ ਹੈ ਕਿ ਕਿਵੇਂ ਉਹ ਆਪਣੇ ਲੋਕਾਂ ਲਈ ਲੜਿਆ। ਇਹ ਮਾਨਵਤਾ ਦੀ ਕਹਾਣੀ ਹੈ ਜੋ ਅੱਜ ਵੀ ਜਾਰੀ ਹੈ। ਮਹਾਰਾਜਾ ਦਲੀਪ ਸਿੰਘ ਦੇ ਨਾਂ ਤੇ ਇਕ ਲਹਿਰ ਚੱਲ ਰਹੀ ਹੈ ਜੇ ਬਰਤਾਨਵੀ ਸੁਪਰੀਪ ਕੋਰਟ ਤੋਂ ਮੰਗ ਕਰ ਰਹੀ ਹੈ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਪੰਜਾਬ ਲਿਜਾ ਕੇ ਸਿੱਖ ਰੀਤੀ ਅਨੁਸਾਰ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦਿੱੱਤੀ ਜਾਵੇ।

ਸੁਆਲ: ਹਾਲਾਂਕਿ ਮਹਾਰਾਣੀ ਵਿਕਟੋਰੀਆ ਉਸ ਉਪਰ ਬਹੁਤ ਦਿਆਲੂ ਸੀ ਪਰ ਉਸ ਨਾਲ ਵਿਤੀ ਪੱਧਰ ਤੇ ਬਹੁਤ ਬੁਰੀ ਤਰ੍ਹਾਂ ਵਰਤਾਓ ਕੀਤਾ ਗਿਆ। ਉਂਜ ਵੀ ਇਕ ਸੁਆਲ ਹੈ ਕਿ ਕੋਹੇਨੂਰ ਹੀਰਾ ਕਿਸ ਤਰ੍ਹਾਂ ਬਰਤਾਨਵੀ ਹੱਥਾਂ ਵਿਚ ਚਲਿਆ ਗਿਆ?

ਜੁਆਬ: ਇਹ ਠੀਕ ਹੈ। ਬਰਤਾਨਵੀ ਕਹਿੰਦੇ ਹਨ ਕਿ ਇਹ ਉਨ੍ਹਾਂ ਨੂੰ ਤੋਹਫੇ ਵਜੋਂ ਭੇਂਟ ਕੀਤਾ ਗਿਆ ਹੈ ਪਰ ਇਸ ਤਰ੍ਹਾਂ ਨਹੀਂ ਹੋਇਆ ਸੀ। ਇਹ ਝੂਠ ਅਤੇ ਧੋਖੇ ਨਾਲ ਹਥਿਆਇਆ ਗਿਆ ਸੀ।

ਸੁਆਲ: ਫਿਲਮ ਬੜੀ ਉਦਾਸ ਅਤੇ ਦੁਖਾਂਤਮਈ ਹੈ ਪਰ ਤੁਸੀਂ ਕਹਿੰਦੇ ਹੋ ਕਿ ਇਹ ਪਾਜ਼ੇਟਿਵ ਅਤੇ ਪ੍ਰੇਰਨਾਦਾਇਕ ਵੀ ਹੈ?

ਜੁਆਬ: ਇਹ ਅਸਲ ਵਿਚ ਬਹੁਤ ਹੀ ਪਾਜ਼ੇਟਿਵ ਹੈ। ਇਹ ਸੱਚੀ ਕਹਾਣੀ ਹੈ ਅਤੇ ਅਸੀਂ ਇਸ ਤੋਂ ਸਾਮਰਾਜਵਾਦ ਦੇ ਖਤਰਿਆਂ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਇਤਿਹਾਸ ਤੋਂ ਸਬਕ ਸਿੱਖਣ ਦਾ ਵਧੀਆ ਜ਼ਰੀਆ ਹੈ ਕਿ ਮੁੜ ਅਜਿਹੀ ਘਟਨਾ ਨਾ ਵਾਪਰੇ ਅਤੇ ਭਵਿੱਖ ਵਿਚ ਕਿਸੇ ਮਨੁੱਖ ਨਾਲ ਅਜਿਹਾ ਵਰਤਾਓ ਨਾ ਹੋਵੇ। ਮੈਂ ਸਮਝਦਾ ਹਾਂ ਕਿ ਇਹ ਫਿਲਮ ਦੁਨੀਆਂ ਵਿਚ ਵਾਪਰੀਆ ਰਹੀਆਂ ਘਟਨਾਵਾਂ ਦੇ ਪ੍ਰਸੰਗ ਵਿਚ ਬਹੁਤ ਸਾਰਥਕ ਹੈ। ਜਿਨ੍ਹਾਂ ਲੋਕਾਂ ਨੇ ਇਹ ਫਿਲਮ ਵੇਖੀ ਹੈ ਉਹ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਨੂੰ ਪਸੰਦ ਕਰਦੇ ਹਨ ਅਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਦੀ ਤਬਦੀਲੀ ਲਿਆਉਣ ਵਾਲੀ ਫਿਲਮ ਹੈ।

ਸੁਆਲ: ਤੁਸੀਂ ਸਕਰੀਨ ਉਪਰ ਬਹੁਤ ਸੁਭਾਵਿਕ ਦਿਸਦੇ ਹੋ। ਕੀ ਤੁਸੀਂ ਹੋਰ ਐਕਟਿੰਗ ਕਰੋਗੇ?

ਜੁਆਬ: ਮੈਨੂੰ ਹੋਰ ਫਿਲਮਾਂ ‘ਚ ਕੰਮ ਕਰਨਾ ਚੰਗਾ ਲੱਗੇਗਾ ਹਾਲਾਂਕਿ ਮੇਰੇ ਲਈ ਫਿਲਮ ਬਣਾਉਣ ਦਾ ਕੰਮ ਬਿਲਕੁਲ ਅਲੱਗ ਚੀਜ਼ ਹੈ ਕਿਉਂਕਿ ਮੈਂ ਇਕ ਸਟੇਜੀ ਕਲਾਕਾਰ ਹਾਂ। ਇਕ ਸੰਗੀਤਕਾਰ ਦੇ ਤੌਰ ਤੇ ਅਸੀਂ ਪੇਸ਼ਕਾਰੀ ਦਿੰਦੇ ਹਾਂ, ਲੋਕ ਤਾੜੀਆਂ ਵਜਾਉਂਦੇ ਹਨ ਤੇ ਕੰਮ ਖ਼ਤਮ ਹੋ ਜਾਂਦਾ ਹੈ ਅਤੇ ਅਸੀਂ ਅੱਗੇ ਵਧਦੇ ਹਾਂ। ਪਰ ਫਿਲਮ ਬਣਾਉਣ ਦਾ ਕਾਰਜ ਬਹੁਤ ਲੰਬਾ ਹੈ। ਇਸ ਨੇ ਮੇਰੀ ਜ਼ਿੰਦਗੀ ਦੇ ਚਾਰ ਸਾਲ ਲੈ ਲਏ ਪਰ ਮੈਨੂੰ ਇਕ ਇਤਿਹਾਸਕ ਨਾਇਕ ਦਾ ਰੋਲ ਕਰਕੇ ਚੰਗਾ ਲੱਗਿਆ।

ਸੁਆਲ: ਇਸ ਤੋਂ ਜਾਪਦਾ ਹੈ ਕਿ ਤੁਸੀਂ ਸੰਗੀਤ ਨੂੰ ਜ਼ਿਆਦਾ ਮੁਹੱਬਤ ਕਰਦੇ ਹੋ।

ਜੁਆਬ: ਹਾਂ, ਸੰਗੀਤ ਮੈਨੂੰ ਖੁਸ਼ੀ ਦਿੰਦਾ ਹੈ। ਇਸ ਨਾਲ ਮੈਂ ਸਰੀਰਕ ਤੌਰ ਤੇ ਵੀ ਬਿਲਕੁਲ ਰੀਲੈਕਸ ਮਹਿਸੂਸ ਕਰਦਾ ਹਾਂ। ਮੇਰੇ ਲਈ ਖੁਸ਼ੀ ਦੇ ਪਲ ਉਹ ਹੁੰਦੇ ਹਨ ਜਦ ਮੈਂ ਸਟੇਜ ਉਪਰ ਪੇਸ਼ਕਾਰੀ ਦਿੰਦਾ ਹੈ। ਮੈਂ ਸਮਝਦਾ ਹਾਂ ਕਿ ਕਵਿਤਾ ਅਤੇ ਸੰਗੀਤ ਮੇਰੇ ਲਈ ਪੈਗੰਬਰੀ ਸੌਗਾਤ ਹੈ। ਬਚਪਨ ਵਿਚ ਮੈਂ ਹਮੇਸ਼ਾ ਗਾਉਂਦਾ ਸੀ। ਮੈਂ ਸਕੂਲ ਵਿਚ ਵੀ ਗਾਇਆ। ਮੈਂ ਸ਼ਨੀਵਾਰ ਦੀ ਸਭਾ ਵਿਚ ਗਾਉਂਦਾ। ਹਾਲਾਂਕਿ ਉਸ ਸਮੇਂ ਮੈਂ ਤਕਨੀਕੀ ਤੌਰ ਤੇ ਸੰਗੀਤ ਨਹੀਂ ਸਿਖਿਆ ਸੀ। ਮੈਂ ਸਮਝਦਾ ਹਾਂ ਸੰਗੀਤ ਮੇਰੇ ਖ਼ੂਨ ਵਿਚ ਹੈ।

ਸੁਆਲ: ਮਹਾਰਾਜਾ ਦਲੀਪ ਸਿੰਘ ਸੁਹਿਰਦਤਾ ਅਤੇ ਹੌਂਸਲੇ ਵਾਲਾ ਬੰਦਾ ਸੀ। ਕੀ ਤੁਸੀਂ ਜ਼ਾਤੀ ਤੌਰ ਤੇ ਇਨ੍ਹਾਂ ਗੁਣਾਂ ਨੂੰ ਆਪਣੇ ਨਾਲ ਜੋੜਿਆ।

ਜੁਆਬ: ਮੈਂ ਇਸੇ ਤਰ੍ਹਾਂ ਕੀਤਾ। ਮੈਂ ਸਮਝਦਾ ਹਾਂ ਕਿ ਇਹ ਸਭ ਕੁਝ ਤੁਹਾਡੇ ਮਨ ਦੀ ਅਵਸਥਾ ਨਾਲ ਸਬੰਧਤ ਹੈ ਪਿਛਲੇ ਕਈ ਸਾਲਾਂ ਤੋਂ ਮੈਂ ਆਪਣੇ ਕੰਪਿਊਟਰ ਉਪਰ ਵੀ ਇਹ ਟੂਕ ਲਗਾਈ ਹੋਈ ਹੈ; ”ਮਾਈਂਡ ਸੈੱਟ ਇਜ਼ ਐਵਰੀਥਿੰਗ (ਮਾਨਸਿਕ ਅਵਸਥਾ ਹੀ ਸਭ ਕੂ ਹੈ)”

ਸੁਆਲ: ਇਸ ਦਾ ਤੁਹਾਡੇ ਲਈ ਕੀ ਅਰਥ ਹੈ?

ਜੁਆਬ: ਇਹ ਮਨੋਵਿਗਿਆਨ ਬਾਰੇ ਹੈ, ਤੁਹਾਡੇ ਜੀਵਨ ਬਾਰੇ ਸੋਚਣ ਦਾ ਤੁਹਾਡਾ ਨਜ਼ਰੀਆ ਹੈ। ਮੈਂ ਕੌਣ ਹਾਂ? ਅਤੇ ਇਸ ਤਰ੍ਹਾਂ ਦੇ ਸੁਆਲ, ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਨੂੰ ਕੀ ਨਹੀਂ ਕਰਨਾ ਚਾਹੀਦਾ? ਮੈਨੂੰ ਨਹੀਂ ਪਤਾ ਕਿ ਮੇਰੇ ਅੰਦਰ ਮਹਾਰਾਜਾ ਦਲੀਪ ਸਿੰਘ ਵਾਲਾ ਹੌਸਲਾ ਅਤੇ ਮਾਨਸਿਕ ਸਥਿਤੀ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਏਡਾ ਸਰਲ ਨਹੀਂ ਸੀ। ਉਹ ਲਾਮਿਸਾਲ ਸਨ ਅਤੇ ਬੁਲੰਦ ਹੌਸਲੇ ਵਾਲੇ ਸਨ।

ਸੁਆਲ: ਜਾਪਦਾ ਹੈ ਕਿ ਤੁਹਾਡਾ ਇਸ ਕਹਾਣੀ ਅਤੇ ਵਿਅਕਤੀ ਨਾਲ ਬਹੁਤ ਹੀ ਗੂੜ੍ਹਾ ਅਤੇ ਅਧਿਆਤਮਕ ਰਿਸ਼ਤਾ ਹੈ?

ਜੁਆਬ: ਇਹ ਗੱਲ ਸੱਚੀ ਹੈ। ਜਦ ਮੈਂ ਪਹਿਲੀ ਵਾਰ 2010 ਵਿਚ ਇੰਗਲੈਂਡ ਗਿਆ ਮੈਨੂੰ ਇਹ ਜਾਣਨ ਦੀ ਇੱਛਾ ਸੀ ਕਿ ਸੱਤਾਧਾਰੀ ਧਿਰ ਕਿਵੇਂ ਵੱਖ ਹੁੰਦੀ ਹੈ। ਉਨ੍ਹਾਂ ਨੇ ਰਾਜ ਕਿਵੇਂ ਕੀਤਾ ਅਤੇ ਉਹ ਕੀ ਚਾਹੁੰਦੇ ਸੀ? ਮੈਂ ਕਾਫ਼ੀ ਖੋਜ ਕੀਤੀ। ਮੈਂ ਬਕਿੰਗਮ ਪੈਲੇਸ ਅਤੇ ਵਿੰਡਸਰ ਕੈਸਲ ਗਿਆ। ਮੈਂ ਵੇਖਿਆ ਸਭ ਕੁਝ ਅਸਚਰਜਨਕ ਸੀ। ਮੈਂ ਇਤਿਹਾਸ ਅਤੇ ਵਿਰਾਸਤ ਤੇ ਪੁਰਾਤਣ ਇਮਾਰਤਾਂ ਨੂੰ ਪਿਆਰ ਕਰਦਾ ਹਾਂ। ਮੈਨੂੰ ਇਸ ਦੀ ਲਗਨ ਹੈ। ਮੈਂ ਜਿੱਥੇ ਵੀ ਗਿਆ ਉਨ੍ਹਾਂ ਥਾਵਾਂ ਨੂੰ ਛੋਹਿਆ ਅਤੇ ਮਹਿਸੂਸ ਕੀਤਾ ਅਤੇ ਜਦੋਂ ਮੈਂ ਕੋਹੇਨੂਰ ਹੀਰਾ ਵੇਖਿਆ ਤਾਂ ਮੈਨੂੰ ਕੁਝ ਵੱਖਰਾ ਮਹਿਸੂਸ ਹੋਇਆ। ਇਹ ਸਾਡਾ ਇਤਿਹਾਸ ਹੈ, ਇਹ ਸਾਡੀ ਧਰਤੀ ਤੋਂ ਆਇਆ ਹੈ। ਮੈਂ ਇੰਗਲੈਂਡ ਵਿਚ 20 ਦਿਨ ਰਿਹਾ ਅਤੇ ਜਦ ਮੈਂ ਭਾਰਤ ਪਰਤਿਆ ਮੈਂ ਇਕ ਗੀਤ ਲਿਖਿਆ ਜੋ ਇਸ ਫਿਲਮ ਦਾ ਮੁੱਖ ਗੀਤ (“heme Song) ਹੈ। ਹੈਰਾਨੀ ਗੱਲ ਹੈ ਕਿ 2010 ਵਿੱਚ ਸਹਿਜ ਸੁਭਾਅ ਲਿਖਿਆ ਇੱਕ ਗੀਤ 2013 ਵਿਚ ਫਿਲਮ ਵਿਚ ਲਿਆ ਗਿਆ। ਵੇਖੋ ਕਿਸਮਤ ਕਿਸ ਤਰ੍ਹਾਂ ਕੰਮ ਕਰਦੀ ਹੈ। ਮੈਂ ਸਮਝਦਾ ਹਾਂ ਕਿ ਤੁਹਾਨੂੰ ਤੁਹਾਡੇ ਸੁਆਲਾਂ ਦਾ ਜੁਆਬ ਮਿਲ ਗਿਆ।

ਸੁਆਲ: ਤੁਹਾਡੇ ਸੁਪਨੇ ਅਤੇ ਟੀਚੇ ਕੀ ਹਨ ਅਤੇ ਤੁਹਾਡਾ ਰੋਲ ਮਾਡਲ ਕੌਣ ਹੈ?

ਜੁਆਬ: ਹੁਣ ਮੈਨੂੰ ਹਾਲੀਵੁੱਡ ਦੀਆਂ ਫਿਲਮਾਂ ਬਹੁਤ ਚੰਗੀਆਂ ਲਗਦੀਆਂ ਹਨ ਅਤੇ ਇਹ ਵੀ ਘੋਖ ਕਰਦਾ ਹਾਂ ਕਿ ਮਹਾਨ ਕਲਾਕਾਰ ਕਿਵੇਂ ਐਕਟਿੰਗ ਕਰਦੇ ਹਨ ਅਤੇ ਕਿਰਦਾਰ ਨੂੰ ਆਪਣੇ ਅੰਦਰ ਕਿਵੇਂ ਉਤਾਰਦੇ ਹਨ। ਬਹੁਤ ਸਾਰੇ ਐਕਟਰ ਹਨ ਜਿਨ੍ਹਾਂ ਨੂੰ ਮੈਂ ਮੁਹੱਬਤ ਕਰਦਾ ਹਾਂ। ਬੇਨ ਅਫਲੈਕ ਮੇਰਾ ਮਨ ਭਾਉਂਦਾ ਕਲਾਕਾਰ ਹੈ। ਮੈਂ ਭਰਤੀ ਸਿਨੇਮਾ ਦੇ ਕਲਾਕਾਰਾਂ ਨੂੰ ਵੀ ਬਹੁਤ ਪਸੰਦ ਕਰਦਾ ਹਾਂ। ਪਰ ਹਾਲੀਵੁੱਡ ਵਿਚ ਬਰੈਡ ਪਿੱਟ ਮੇਰਾ ਪਸੰਦੀਦਾ ਐਕਟਰ ਹੈ। ਜੇ ਮੈਨੂੰ ਉਸ ਨਾਲ ਸਕਰੀਨ ਉਪਰ ਤਿੰਨ ਸਕਿੰਟ ਵੀ ਮਿਲ ਜਾਣ, ਮੇਰੇ ਲਈ ਬਹੁਤ ਵੱਡਾ ਹਾਸਲ ਹੋਵੇਗਾ ਅਤੇ ਮੈਂ ਸਟੀਵਨ ਸਪੀਲਬਰਗ ਨਾਲ ਕੰਮ ਕਰਨਾ ਵੀ ਪਸੰਦ ਕਰਾਂਗਾ। ਇਹ ਅਭੁੱਲ ਹੋਵੇਗਾ। ਮੈਂ ਬਹੁਤ ਵੱਡੇ ਸੁਪਨੇ ਲੈ ਰਿਹਾ ਹਾਂ।


ਉਕਤ ਮੁਲਾਕਾਤ ਪਹਿਲਾਂ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਵਿੱਚ ਛਪ ਚੁੱਕੀ ਹੈ (http://amritsartimes.com/khass-report/interview-satinder-sartaj/)। ਇਹ ਮੁਲਾਕਾਤ ਸਿੱਖ ਸਿਆਸਤ ਦੇ ਪਾਠਕਾਂ ਲਈ ਇੱਥੇ ਮੁੜ ਛਾਪੀ ਗਈ ਹੈ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,