ਸੈਮੀਨਾਰ ਦੌਰਾਨ ਮੰਚ 'ਤੇ ਬਿਰਾਜ਼ਮਾਨ ਸ਼ਖਸ਼ੀਅਤਾਂ

ਸਿੱਖ ਖਬਰਾਂ

ਅੰਤਰ -ਧਰਮ ਸੰਵਾਦ ਰਾਹੀਂ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

By ਸਿੱਖ ਸਿਆਸਤ ਬਿਊਰੋ

April 20, 2016

ਫਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਅੰਤਰਖ਼ਧਰਮ ਸੰਵਾਦ ਰਾਹੀਂ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਵਿਸ਼ੇ ‘ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਗਾਜ ਕੀਤਾ ਗਿਆ। ਇਸ ਅੰਤਰਰਾਸ਼ਟਰੀ ਕਾਨਫਰੰਸ ਵਿਚ ਵਿਸ਼ਵ ਪੱਧਰ ਦੇ ਵਿਦਵਾਨਾਂ ਤੋਂ ਇਲਾਵਾ ਵੱਖੋਖ਼ਵੱਖਰੀਆਂ ਯੂਨੀਵਰਸਿਟੀਆਂ ਦੇ ਖੋਜਾਰਥੀਆਂ, ਅਧਿਆਪਕਾਂ ਨੇ ਵਿਸ਼ੇਸ਼ ਰੂਪ ਵਿਚ ਸ਼ਮੂਲੀਅਤ ਕੀਤੀ।

ਇਸ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸ਼ੈਸਨ ਦੌਰਾਨ ਡੀਨ ਅਕਾਦਮਿਕ ਮਾਮਲੇ ਡਾ. ਕੰਵਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਹੁਣ ਦੇ ਸਮੇਂ ਵਿਚ ਅੰਤਰ ਧਰਮ ਸੰਵਾਦ ਉਪਰ ਸ਼ੁਰੂ ਕੀਤੀ ਜਾ ਰਹੀ ਇਹ ਕਾਨਫਰੰਸ ਸਮੁੱਚੇ ਧਰਮਾਂ ਨੂੰ ਨੇੜਿਓਂ ਸਮਝਣ ਵਿਚ ਸਹਾਈ ਹੋਵੇਗੀ। ਕਾਨਫਰੰਸ ਦੇ ਥੀਮ ਪੇਪਰ ਵਿਚ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਅੰਤਰ ਧਰਮ ਸੰਵਾਦ ਉਦਾਰਵਾਦੀ, ਮਾਨਵੀ ਦ੍ਰਿਸ਼ਟੀ ਰਾਹੀਂ ਵਿਸ਼ਵ ਦ੍ਰਿਸ਼ਟੀ ਤੱਕ ਫੈਲਾਅ ਕਰਦਾ ਹੈ। ਵਿਸ਼ਵ ਦੀਆਂ ਸੱਭਿਆਤਾਵਾਂ ਜਿਹੜੀਆਂ ਕਿ ਆਪਸ ਵਿਚ ਟਕਰਾਅ ਰਹੀਆਂ ਹਨ ਉਨ੍ਹਾਂ ਨੂੰ ਇਸ ਟਕਰਾਅ ਵਿਚੋਂ ਬਾਹਰ ਕੱਢਣ ਅਤੇ ਨਿਸ਼ਚਿਤ ਹੱਲ ਵੱਲ ਤੋਰਨ ਵਿਚ ਇਹ ਕਾਨਫਰੰਸ ਮਹੱਤਵਪੂਰਨ ਰੋਲ ਅਦਾ ਕਰੇਗੀ।

ਉਦਘਾਟਨੀ ਸ਼ੈਸਨ ਦੇ ਕੁੰਜੀਵਤ ਭਾਸ਼ਣ ਵਿਚ ਪੰਜਾਬੀ ਯੂਨੀਵਰਸਿਟੀ ਦੇ ਪ੍ਰ੍ਹੋ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਅਮਲੀ ਪੱਧਰ ‘ਤੇ ਕਾਰਜ ਨਹੀਂ ਕਰਦਾ ਉਦੋਂ ਤੱਕ ਧਰਮਾਂ ਵਿਚ ਸਵਾਲ ਖੜੇ ਹੁੰਦੇ ਰਹਿਣਗੇ। ਧਰਮ ਇਕ ਵਚਨੀ ਸੰਕਲਪ ਹੈ ਨਾ ਕਿ ਬਹੁ ਵਚਨੀ। ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਦੇ ਅਮਲ ਲਈ ਚਿੰਨ੍ਹਾਂ ਅਤੇ ਪ੍ਰਤੀਕਾਂ ਰਾਹੀਂ ਧਰਮ ਗ੍ਰੰਥਾਂ ਦੀ ਸਮਝ ਹਾਸਲ ਕਰਨੀ ਚਾਹੀਦੀ ਹੈ।

ਇਸ ਕਾਨਫਰੰਸ ਵਿਚ ਡਾ. ਮਦਨ ਮੋਹਨ ਵਰਮਾ ਨੇ ਆਪਣੇ ਵਿਸ਼ੇਸ਼ ਭਾਸ਼ਣ ਰਾਹੀਂ ਇਸ ਗੱਲ ਦੀ ਤਵੱਜੋਂ ਦਿਵਾਈ ਕਿ ਵਿਸ਼ਵ ਸ਼ਾਂਤੀ ਲਈ ਰਾਜਨੀਤੀ ਅਤੇ ਆਰਥਿਕਤਾ ਦੇ ਸੰਗਠਨਾਂ ਨੂੰ ਵਧੇਰੇ ਸੂਝ ਨਾਲ ਸਮਝਣਾ ਚਾਹੀਦਾ ਹੈ। ਇਨ੍ਹਾਂ ਸੰਗਠਨਾਂ ਦੀ ਸਮਝ ਹੀ ਧਾਰਮਿਕ ਸੰਸਥਾਵਾਂ ਨੂੰ ਨਿਵੇਕਲੀ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਕਾਨਫਰੰਸ ਵਿਚ ਦੂਸਰੇ ਵਿਸ਼ੇਸ਼ ਵਕਤਾ ਡਾ. ਅਖ਼ਤਾਰੁਲ ਵਾਸੇ ਨੇ ਧਰਮ ਦੇ ਗਿਆਨਮਈ ਰੂਪ ਨੂੰ ਵਿਸ਼ਵ ਅੰਦਰ ਫੈਲਾਉਣ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਧਰਮ ਗ੍ਰੰਥਾਂ ਦੇ ਵਿਵਹਾਰਕ ਰੂਪ ਨੂੰ ਉਸ ਦੇ ਸੰਚਾਰ ਪਾਸਾਰ ਵਿਚੋਂ ਅਧਿਐਨ ਕਰਨ ਨਾਲ ਹੀ ਇਸ ਦੇ ਵਿਸ਼ਵ ਵਿਆਪੀ ਰੂਪਾਂ ਦੀ ਸਮਝ ਆ ਸਕਦੀ ਹੈ।

ਇਸ ਕਾਨਫਰੰਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਆਧੁਨਿਕ ਸਮੇਂ ਵਿਚ ਹੋਂਦ ਦੀ ਲੜਾਈ ਦਾ ਸੰਕਲਪ ਵਿਸ਼ੇਸ਼ ਸਮਝ ਵਜੋਂ ਸਾਹਮਣੇ ਆ ਰਿਹਾ ਹੈ। ਇਸ ਹਵਾਲੇ ਨਾਲ ਅੰਤਰ ਧਰਮ ਸੰਵਾਦ ਰਾਹੀਂ ਹੀ ਬਹੁਵਾਦ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਸੰਵਾਦ ਬਾਣੀ ਵਿਚ ਹਰ ਜਗ੍ਹਾ ਮੌਜੂਦ ਹੈ। ਇਹ ਸੰਵਾਦ ਹੀ ਦੂਜੇ ਦੀ ਹੋਂਦ ਨੂੰ ਸਵੀਕਾਰ ਕਰਨਾ ਸਿਖਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਸਲੋਕ ਇਸ ਸੰਵਾਦੀ ਪ੍ਰਕਿਰਿਆ ਨੂੰ ਅਭਿਆਸ ਪੱਧਰ ਉਪਰ ਪੇਸ਼ ਕਰਦੇ ਹਨ। ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਕਿਹਾ ਕਿ ਅੰਤਰ ਧਰਮ ਸੰਵਾਦ ਦੀ ਅਸਲ ਪ੍ਰਕਿਰਿਆ ਵਿਸ਼ਵ ਸ਼ਾਂਤੀ ਨੂੰ ਸਥਾਪਤ ਕਰਦੀ ਹੈ। ਇਸ ਵਿਸ਼ਵ ਸ਼ਾਂਤੀ ਵਿਚ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਕਲਪ ਕਾਰਜਸ਼ੀਲ ਰਹਿੰਦਾ ਹੈ।

ਦੁਨੀਆਂ ਉਪਰ ਜਿੰਨੇ ਵੀ ਧਰਮ ਗ੍ਰੰਥ ਹਨ, ਉਹ ਮਨੁੱਖ ਦੀ ਹੋਂਦ ਨੂੰ ਹੀ ਪ੍ਰਗਟਾਉਂਦੇ ਹਨ। ਮਨੁੱਖ ਦੀ ਇਹ ਹੋਂਦ ਉਸ ਦੀ ਪਵਿੱਤਰਤਾ ਨਾਲ ਹੀ ਪ੍ਰਵਾਨ ਹੁੰਦੀ ਹੈ। ਜੇਕਰ ਅੰਤਰ ਧਰਮ ਸੰਵਾਦ ਰਾਹੀਂ ਮਨੁੱਖੀ ਹੋਂਦ ਦੀ ਪਵਿੱਤਰਤਾ ਦਾ ਅਹਿਸਾਸ ਪ੍ਰਗਟ ਹੋਵੇ ਤਾਂ ਹੀ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਨੂੰ ਫੈਲਾਇਆ ਜਾ ਸਕਦਾ ਹੈ। ਇਸ ਸ਼ੈਸਨ ਦੇ ਅੰਤ ਵਿਚ ਪੰਜਾਬੀ ਵਿਭਾਗ ਦੇ ਪੋ੍ਰਫੈਸਰ ਆਫ਼ ਐਮੀਨੈਂਸ ਡਾ. ਸੁਰਜੀਤ ਪਾਤਰ ਨੇ ਆਏ ਹੋਏ ਸਮੁੱਚੇ ਮਹਿਮਾਨਾਂ ਅਤੇ ਵਿਦਵਾਨਾਂ ਦਾ ਆਪਣੀ ਪ੍ਰਮੁੱਖ ਸ਼ਾਇਰੀ ਨਾਲ ਧੰਨਵਾਦ ਕੀਤਾ।

ਇਸ ਕਾਨਫਰੰਸ ਦੇ ਅਗਲੇ ਅਕਾਦਮਿਕ ਸ਼ੈਸਨ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰ੍ਹੋ ਡਾ. ਪਰਮਵੀਰ ਸਿੰਘ ਅਤੇ ਡਾ. ਮੁਹੰਮਦ ਹਬੀਬ ਨੇ ਆਪਣੇ ਖੋਜ ਪੱਤਰਾਂ ਰਾਹੀਂ ਅੰਤਰ ਧਰਮ ਸੰਵਾਦ ਵਿਚ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਦੇ ਮਨੋਰਥ ਅਤੇ ਇਸ ਦੀ ਪਹੁੰਚ ਦ੍ਰਿਸ਼ਟੀ ਨੂੰ ਸਾਂਝਾ ਕੀਤਾ।

ਇਸ ਸ਼ੈਸਨ ਵਿਚ ਡਾ. ਬ੍ਰਿਜਪਾਲ ਸਿੰਘ ਨੇ ਅੰਤਰ ਧਰਮ ਸੰਵਾਦ ਵਿਸ਼ੇ ਨੂੰ ਵਿਸ਼ਵ ਸ਼ਾਤੀ ਅਤੇ ਸਦਭਾਵਨਾ ਦੇ ਵੱਖੋ-ਵੱਖਰੇ ਪੱਧਰਾਂ ਉਪਰ ਚੱਲ ਰਹੇ ਅਨੁਸ਼ਾਸਨੀ ਕਾਰਜ ਰਾਹੀਂ ਵਿਦਵਾਨਾਂ ਦੇ ਸਨਮੁਖ ਰੱਖਿਆ।

ਬੀਬੀ ਕਿਰਨਜੋਤ ਕੌਰ, ਮੈਂਬਰ ਐਸ੍ਹਜ੍ਹੀਪ੍ਹੀਸ੍ਹੀ ਨੇ ਇਸ ਸ਼ੈਸਨ ਵਿਚ ਕਿਹਾ ਕਿ ਮਨੁੱਖੀ ਸਭਿਅਤਾ ਵਿਚ ਧਰਮ ਦੀ ਅਸਲ ਪਛਾਣ ਉਸ ਦੇ ਕਾਰਜਾਂ ਤੋਂ ਹੁੰਦੀ ਹੈ। ਜੇਕਰ ਉਸ ਦੇ ਕਾਰਜ ਮਨੁੱਖੀ ਜੀਵਨ ਜਾਚ ਨੂੰ ਵਧੇਰੇ ਸਾਰਥਕ ਬਣਾਉਂਦੇ ਹਨ ਤਾਂ ਹੀ ਧਰਮ ਦੀ ਅੰਦਰੂਨੀ ਦ੍ਰਿਸ਼ਟੀ ਜਾਗਰੂਕ ਹੁੰਦੀ ਹੈ। ਇਸ ਕਾਨਫਰੰਸ ਵਿਚ ਯੂਨੀਵਰਸਿਟੀ ਦੇ ਵੱਖੋਖ਼ਵੱਖਰੇ ਵਿਭਾਗਾਂ ਦੇ ਅਧਿਆਪਕ, ਸਟਾਫ਼, ਵਿਦਿਆਰਥੀ ਅਤੇ ਖੋਜ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: