ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਨੇ ਅੱਜ ਅਯੁਧਿਆ (ਰਾਮ ਮੰਦਰ-ਬਾਬਰੀ ਮਸਜਿਦ) ਮਾਮਲੇ ਉੱਤੇ ਬੀਤੇ ਦਿਨੀਂ ਇਸ ਅਦਾਤਲ ਵਲੋਂ ਸੁਣਾਏ ਗਏ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਦਾਖਲ ਕੀਤੀਆਂ ਗਈਆਂ 18 ਅਰਜੀਆਂ ਖਾਰਜ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਲੰਘੀ 9 ਨਵੰਬਰ ਨੂੰ ਭਾਰਤੀ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅਯੁਧਿਆ ਵਿਚਲੀ ਉਹ ਥਾਂ ਰਾਮ ਮੰਦਰ ਉਸਾਰਨ ਲਈ ਦੇਣ ਦਾ ਫੈਸਲਾ ਸੁਣਾਇਆ ਸੀ ਜਿਥ ਥਾਂ ’ਤੇ ਬਣੀ ਬਾਬਰੀ ਮਸਜਿਦ 6 ਦਸੰਬਰ 1995 ਨੂੰ ਹਿੰਦੂਆਂ ਵਲੋਂ ਢਾਹ ਦਿੱਤੀ ਗਈ ਸੀ। ਜਿਕਰਯੋਗ ਹੈ ਕਿ ਮੁੜ ਵਿਚਾਰ ਅਰਜੀਆਂ ਜੱਜਾਂ ਵੱਲੋਂ ਦਫਤਰ (ਚੈਂਬਰ) ਵਿਚ ਹੀ ਪੜਤਾਲੀਆਂ ਜਾਂਦੀਆਂ ਹਨ ਅਤੇ ਜੇਕਰ ਜੱਜ ਇਸ ਨਤੀਜੇ ਉੱਤੇ ਪਹੁੰਚਣ ਕਿ ਫੈਸਲੇ ਦੇ ਮੁੜ-ਵਿਚਾਰ ਲਈ ਕੋਈ ਠੋਸ ਅਧਾਰ ਹੈ ਤਾਂ ਹੀ ਆਦਲਤ ਵਿਚ ਮੁੜ ਵਿਚਾਰ ਲਈ ਸੁਣਵਾਈ ਕੀਤੀ ਜਾਂਦੀ ਹੈ।
ਭਾਰਤੀ ਸੁਪਰੀਮ ਕੋਰਟ ਨੇ ਮੁੱਖ ਜੱਜ ਸ਼ਰਦ ਏ. ਬੋਬਦੇ ਦੀ ਅਗਵਾਈ ਵਾਲੇ 5 ਜੱਜਾਂ ਦੇ ਬੈਂਚ ਦਾ ਕਹਿਣਾ ਹੈ ਕਿ ਇਨ੍ਹਾਂ 18 ਮੁੜ ਵਿਚਾਰ ਅਰਜੀਆਂ ਵਿਚ ਕੋਈ ਵੀ ਅਜਿਹੀ ਗੱਲ ਨਹੀਂ ਮਿਲੀ ਜਿਸ ਦੇ ਅਧਾਰ ਤੇ ਬਾਬਰੀ ਮਸਜਿਦ-ਰਾਮ ਮੰਦਰ ਮਾਮਲੇ ਉੱਤੇ ਮੁੜ ਸੁਣਵਾਈ ਕੀਤੀ ਜਾਂਦੀ।