ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ

ਸਿਆਸੀ ਖਬਰਾਂ

“ਚੀਨੀ ਫੌਜ ਨੇ ਘੁਸਪੈਠ ਨਹੀਂ ਕੀਤੀ” ਵਾਲੇ ਬਿਆਨ ਉੱਤੇ ਪ੍ਰਧਾਨ ਮੰਤਰ ਦਫਤਰ ਨੂੰ ਸਫਾਈ ਦਿੱਤੀ, ਪਰ ਸਥਿਤੀ ਫਿਰ ਵੀ ਸਾਫ ਨਾ ਕੀਤੀ

By ਸਿੱਖ ਸਿਆਸਤ ਬਿਊਰੋ

June 21, 2020

ਚੰਡੀਗੜ੍ਹ/ਨਵੀਂ ਦਿੱਲੀ: 15-16 ਜੂਨ ਦੀ ਦਰਮਿਆਨੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਖੇ ਚੀਨੀ ਤੇ ਇੰਡੀਅਨ ਫੌਜੀਆਂ ਦਰਮਿਆਨ ਹੋਏ ਖੂਨੀ ਟਕਰਾਅ ਵਿੱਚ 20 ਭਾਰਤੀ ਫੌਜੀ ਮਾਰ ਗਏ। ਚੀਨ ਦੇ ਫੌਜੀਆਂ ਦੀ ਮੌਤ ਹੋਣ ਦੀਆਂ ਖਬਰਾਂ ਹਨ ਪਰ ਚੀਨ ਦੀ ਸਰਕਾਰ ਤੇ ਖਬਰਖਾਨੇ ਨੇ ਇਸ ਦੇ ਵੇਰਵੇ ਜਨਤਕ ਨਹੀਂ ਕੀਤੇ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (19 ਜੂਨ) ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਚੀਨ ਦੇ ਫੌਜੀਆਂ ਨੇ ਭਾਰਤ ਵੱਲੋਂ ਆਪਣੇ ਜਤਾਏ ਜਾਂਦੇ ਇਲਾਕੇ ਵਿੱਚ ਘੁਸਪੈਠ ਨਹੀਂ ਕੀਤੀ।

19 ਜੂਨ ਵਾਲੀ ਗੱਲਬਾਤ ਵਿੱਚ ਮੋਦੀ ਨੇ ਕਿਹਾ ਸੀ ਕਿ “ਨਾ ਕੋਈ ਸਾਡੀ ਸਰਹੱਦ ਵਿੱਚ ਦਾਖਲ ਹੋਇਆ ਹੈ, ਤੇ ਨਾ ਕੀ ਕਿਸੇ ਨੇ ਸਾਡੀ ਕਿਸੇ ਵੀ ਚੌਂਕੀ ਉੱਤੇ ਕਬਜ਼ਾ ਕੀਤਾ ਹੈ”।

ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੋਦੀ ਉੱਤੇ ਝੂਠ ਬੋਲਣ ਦੇ ਦੋਸ਼ ਲਾਉਂਦਿਆਂ ਸਵਾਲ ਚੁੱਕੇ ਕਿ ਜੇਕਰ ਚੀਨੀ ਫੌਜੀਆਂ ਘੁਸਪੈਠ ਹੀ ਨਹੀਂ ਸੀ ਕੀਤੀ ਤਾਂ ਫਿਰ ਝਗੜਾ ਕਿਉਂ ਹੋਇਆਂ ਤੇ ਫੌਜੀਆਂ ਦੀ ਜਾਨਾਂ ਕਿਉਂ ਗਈਆਂ।

ਇਸ ਮਾਮਲੇ ਉੱਤੇ ਬੀਤੇ ਕੱਲ੍ਹ (ਸ਼ਨਿੱਚਰਵਾਰ, 20 ਜੂਨ) ਭਾਰਤੀ ਪ੍ਰਧਾਨ ਮੰਤਰੀ ਦੇ ਦਫਤਰ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਸਫਾਈ ਦਿੱਤੀ ਹੈ ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਬਿਆਨ ਦੇ ਗਲਤ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ।

ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ “ਪ੍ਰਧਾਨ ਮੰਤਰੀ ਬਿਲਕੁਲ ਸਪਸ਼ਟ ਸੀ ਕਿ ਇੰਡੀਆ ਐਲ.ਏ.ਸੀ. ਉਲੰਘਣ ਦੀ ਕਿਸੇ ਵੀ ਕੋਸ਼ਿਸ਼ ਉੱਤੇ ਮਜਬੂਤੀ ਨਾਲ ਕਾਰਵਾਈ ਕਰੇਗਾ। ਸਗੋਂ, ਉਸ ਨੇ ਖਾਸ ਤੌਰ ਉੱਤੇ ਜ਼ੋਰ ਦਿੱਤਾ ਸੀ ਕਿ ਬੀਤੇ ਸਮੇਂ ਵਿੱਚ ਅਜਿਹੀਆਂ ਚਣੌਤੀਆਂ ਮੌਕੇ ਕੀਤੀਆਂ ਅਣਗਹਿਲੀਆਂ ਦੇ ਮੁਕਾਬਲੇ ਹੁਣ ਇੰਡੀਅਨ ਫੌਜਾਂ ਐਲ.ਏ.ਸੀ. ਦੀ ਕਿਸੇ ਵੀ ਉਲੰਘਣਾ ਦਾ ਫੈਸਲਾਕੁਨ ਤਰੀਕੇ ਨਾਲ ਮੁਕਾਬਲਾ ਕਰ ਰਹੀਆਂ ਹਨ (ਉਨਹੇ ਰੋਕਤੇ ਹੈਂ, ਉਨਹੇ ਟੋਕਤੇ ਹੈਂ)”।

ਭਾਵੇਂ ਕਿ ਇਸ ਬਿਆਨ ਰਾਹੀਂ ਪ੍ਰਧਾਨ ਮੰਤਰੀ ਦੇ ਦਫਤਰ ਨੇ 19 ਜੂਨ ਵਾਲੇ ਬਿਆਨ ਉੱਤੇ ਸਫਾਈ ਦਿੱਤੀ ਹੈ ਪਰ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਪੂਰੇ ਬਿਆਨ ਵਿੱਚ ਕਿਤੇ ਵੀ ਸਾਫ ਨਹੀਂ ਕੀਤਾ ਕਿ ਕੀ ਚੀਨੀ ਫੌਜੀ ਭਾਰਤ ਵੱਲੋਂ ਆਪਣੇ ਦੱਸੇ ਜਾਂਦੇ ਇਲਾਕੇ ਵਿੱਚ ਦਾਖਲ ਹੋਏ ਹਨ ਜਾਂ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: