ਚੰਡੀਗੜ੍ਹ: ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਫੌਜ ਕਿਸੇ ਖਿੱਤੇ ਦੇ ਬਾਹਰੀ ਹਾਲਾਤ ਨਾਲ ਨਜਿੱਠਣ ਲਈ ਹੁੰਦੀ ਹੈ ਇਸੇ ਕਰਕੇ ਫੌਜ ਵੱਲੋਂ ਜਿਆਦਾਤਰ ਅੰਦਰੂਨੀ ਮਾਮਲਿਆਂ ਉੱਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਪਰ ਭਾਰਤੀ ਉਪ-ਮਹਾਂਦੀਪ ਵਿੱਚ ਜਿੱਥੇ ਫੌਜ ਨੂੰ ਅੰਦਰੂਨੀ ਮਸਲਿਆਂ ਵਿੱਚ ਵਰਤਣ ਦਾ ਰੁਝਾਨ ਤਾਂ ਪਹਿਲਾਂ ਹੀ ਪ੍ਰਚੱਲਤ ਸੀ ਹੁਣ ਫੌਜ ਵੱਲੋਂ ਅੰਦਰੂਨੀ ਮਾਮਲਿਆਂ ਉੱਤੇ ਟੀਕਾ-ਟਿੱਪਣੀ ਦਾ ਅਮਲ ਵੀ ਸ਼ੁਰੂ ਹੋ ਗਿਆ ਹੈ।
ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਮੁਜ਼ਾਹਰਾਕਾਰੀਆਂ ਦੀ ਨਿਖੇਧੀ ਕੀਤੀ। ਉਸ ਨੇ ਕਿਹਾ ਕਿ ਇਨ੍ਹਾਂ ਮੁਜ਼ਾਹਰਿਆਂ ਦੀ ਅਗਵਾਈ ਕਰਨ ਵਾਲੇ ਵਿਦਿਆਰਥੀ ਜਾਂ ਹੋਰ ਨੌਜਵਾਨ ਆਗੂ ਨਹੀਂ ਹੋ ਸਕਦੇ।
ਫੌਜ ਮੁਖੀ ਨੇ ਕਿਹਾ ਕਿ ਆਗੂ ਉਹ ਲੋਕ ਨਹੀਂ ਹੁੰਦੇ ਜਿਹੜੇ ਲੋਕਾਂ ਨੂੰ ਗੈਰ-ਵਾਜਿਬ ਦਿਸ਼ਾ ਵਿੱਚ ਲਿਜਾਣ, ਜਿਹਾ ਕਿ ਅਸੀਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮਸਲੇ ਵਿੱਚ ਵੇਖ ਰਹੇ ਹਾਂ ਜਿਹੜੇ ਕਿ ਲੋਕਾਂ ਨੂੰ ਸਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਗਜ਼ਨੀ ਅਤੇ ਹਿੰਸਾ ਲਈ ਉਕਸਾ ਰਹੇ ਹਨ। ਇਹ ਲੋਕ ਆਗੂ ਨਹੀਂ ਹਨ।
ਫੌਜ ਮੁਖੀ ਦੇ ਬਿਆਨ ਬਾਰੇ ਆਪਣੀ ਖਬਰ ਵਿਚ ਟਿੱਪਣੀ ਕਰਦਿਆਂ ‘ਦਾ ਹਿੰਦੂ’ ਅਖਬਾਰ ਨੇ ਕਿਹਾ ਹੈ ਕਿ ਫੌਜ ਮੁਖੀ ਵੱਲੋਂ ਅਜਿਹੀ ਟਿੱਪਣੀ ਕਰਨੀ ਅਸਾਧਾਰਨ ਗੱਲ ਹੈ।