ਲੰਡਨ: 15 ਅਗਸਤ ਨੂੰ ਭਾਰਤੀ ਦੂਤਘਰ ਅੱਗੇ ਯੂ.ਕੇ. ਦੀਆਂ ਪੰਥਕ ਜਥੇਬੰਦੀਆਂ ਵਲੋਂ ਭਾਰਤੀ ਅਜ਼ਾਦੀ ਦਿਵਸ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਲਈ ਕੌਂਸਲ ਆਫ ਖ਼ਾਲਿਸਤਾਨ ਦੇ ਪ੍ਰਧਾਨ ਅਮਰੀਕ ਸਿੰਘ ਸਹੋਤਾ, ਅਕਾਲੀ ਦਲ ਯੂ.ਕੇ. ਦੇ ਚੇਅਰਮੈਨ, ਗੁਰਦੇਵ ਸਿੰਘ ਚੌਹਾਨ, ਦਲ ਖ਼ਾਲਸਾ ਦੇ ਮੁੱਖ ਬੁਲਾਰੇ, ਮਨਮੋਹਣ ਸਿੰਘ ਖ਼ਾਲਸਾ, ਕੇਸਰੀ ਲਹਿਰ ਦੇ ਗੁਰਦੀਪ ਸਿੰਘ ਅਤੇ ਸੰਯੁਕਤ ਖ਼ਾਲਸਾ ਦਲ ਦੇ ਮੁਖੀ ਨਿਰਮਲ ਸਿੰਘ ਸੰਧੂ, ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਦੇ ਜੋਗਾ ਸਿੰਘ ਵਲੋਂ ਸਮੂਹ ਸਿੱਖ ਜਥੇਬੰਦੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਪ੍ਰਵਾਨ ਕਰਦਿਆਂ ਜਲਾਵਤਨ ਸਰਕਾਰ ਦੇ ਗੁਰਮੇਜ ਸਿੰਘ ਗਿੱਲ, ਅਕਾਲੀ ਦਲ ਅੰਮ੍ਰਿਤਸਰ ਦੇ ਰਾਜਿੰਦਰ ਸਿੰਘ ਚਿੱਟੀ ਅਤੇ ਸਰਬਜੀਤ ਸਿੰਘ, ਮੋਹਣ ਸਿੰਘ ਤੱਖਰ, ਬਲਵੀਰ ਸਿੰਘ ਖੇਲਾ, ਉਮਰਜੀਤ ਸਿੰਘ ਨਾਗੀ, ਨਜ਼ੀਰ ਅਹਿਮਦ ਸਾਵਲ ਅਤੇ ਅਨੇਕਾਂ ਹੋਰ ਕਸ਼ਮੀਰੀ ਆਗੂ ਵੀ ਸ਼ਾਮਲ ਹੋਏ। ਖ਼ਾਲਿਸਤਾਨ ਜ਼ਿੰਦਾਬਾਦ, ਅਜ਼ਾਦ ਕਸ਼ਮੀਰ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ ਸਮੇਤ ਸਮੂਹ ਸਿਆਸੀ ਕੈਦੀਆਂ ਦੀ ਰਿਹਾਈ ਲਈ ਅਤੇ ਜੰਗੀ ਜੁਰਮ ਕਰਨ ਵਾਲੇ ਭਾਰਤੀ ਫੌਜੀਆਂ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਨਾਅਰਿਆਂ ਦੀ ਗੂੰਜ ਨੇ ਦੂਤ ਘਰਾਂ ਵਿਚ ਬੈਠਿਆਂ ਨੂੰ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਇਹ ਭਾਈਵਾਲ ਕੌਮਾਂ ਆਪਣੀਆਂ ਸਰ-ਜ਼ਮੀਨਾਂ ਅਜ਼ਾਦ ਕਰਵਾਉਣ ਤਕ ਹੀ ਮੁਜਾਹਰੇ ਕਰਦੀਆਂ ਰਹਿਣਗੀਆਂ। ਇਹ ਗੱਲ ਕੌਂਸਲ ਆਫ ਖ਼ਾਲਿਸਤਾਨ ਦੇ ਪ੍ਰਧਾਨ ਅਮਰੀਕ ਸਿੰਘ ਸਹੋਤਾ ਨੇ ਹਾਜ਼ਰ ਸਮੂਹ ਪ੍ਰਦਰਸ਼ਨਕਾਰੀਆਂ ਦਾ ਧੰਨਵਾਦ ਕਰਦਿਆਂ ਕਹੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਮੋਦੀ ਸਰਕਾਰ ਅਗਾਂਹ ਤੋਂ ਯੂ.ਕੇ. ਦੇ ਸਿੱਖਾਂ ਨਾਲ ਗੱਲਬਾਤ ਕਰਨਾ ਚਾਹੇਗੀ ਤਾਂ ਅਖੌਤੀ ਆਗੂਆਂ ਨਾਲ ਮਜ਼ਾਕ ਕਰਨ ਦੀ ਬਜਾਏ ਪਹਿਲਾਂ ਸਮੂਹ ਸਿਆਸੀ ਕੈਦੀਆਂ ਨੂੰ ਰਿਹਾਅ ਕਰਨਾ ਹੋਵੇਗਾ ਅਤੇ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਖੁਦ ਕੌਮਾਂਤਰੀ ਅਦਾਲਤ ਅੱਗੇ ਪੇਸ਼ ਕਰਨਾ ਹੋਵੇਗਾ।