ਚੰਡੀਗੜ੍ਹ: ਭਾਰਤੀ ਹਵਾਈ ਫੌਜ ਦੇ ਇਕ ਮਿਗ–21 ਲੜਾਕੂ ਜਹਾਜ਼ ਦੇ ਰਾਜਸਥਾਨ ਵਿਚ ਪੰਛੀ ਵੱਜਣ ਨਾਲ ਡਿੱਗ ਜਾਣ ਦੀਆਂ ਖਬਰਾਂ ਹਨ। ਜਾਣਕਾਰੀ ਮੁਤਾਬਕ ਇਹ ਜਹਾਜ਼ ਬੀਕਾਨੇਰ ਦੇ ਨਲ ਹਵਾਈ ਅੱਡੇ ਤੋਂ ਉੱਡਿਆ ਹੀ ਕਿ ਇਕ ਪੰਛੀ ਵੱਜ ਜਾਣ ਕਾਰਨ ਇਹ ਜਹਾਜ਼ ਜ਼ਮੀਨ ਉੱਤੇ ਡਿੱਗ ਪਿਆ ਤੇ ਤਬਾਹ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਡਿੱਗਣ ਤੋਂ ਪਹਿਲਾਂ ਜਹਾਜ਼ ਚਲਾ ਰਹੇ ਹਵਾਈ ਫੌਜੀ ਨੇ ਆਪਣੀ ਕੁਰਸੀ ਜਹਾਜ਼ ਤੋਂ ਬਾਹਰ ਕੱਢ ਲਈ ਸੀ ਤੇ ਉਹ ‘ਪੈਰਾਸ਼ੂਟ’ ਦੀ ਮਦਦ ਨਾਲ ਆਪ ਸੁਰੱਖਿਅਤ ਜ਼ਮੀਨ ਉੱਤੇ ਉੱਤਰ ਆਇਆ।
ਮੁਕਾਮੀ ਪੁਲਿਸ ਮੁਤਾਬਕ ਇਸ ਘਟਨਾ ਵਿਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।
ਭਾਰਤੀ ਫੌਜ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਸ ਘਟਨਾ ਦੀ ਜਾਂਚ ਲਈ ‘ਕੋਰਟ ਆਫ ਇਨਕੁਆਰੀ’ ਬਿਠਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਵਲੋਂ ਵਰਤੇ ਜਾ ਰਹੇ ਸੂਵੀਅਤ ਰੂਸ ਦੇ ਜ਼ਮਾਨੇ ਦੇ ਮਿੱਗ-21 ਜਹਾਜ਼ ਅਕਸਰ ਡਿੱਗਦੇ ਰਹਿੰਦੇ ਹਨ।
ਇਸ ਤੋਂ ਪਹਿਲਾਂ ਸਤੰਬਰ 2016 ਵਿਚ ਵੀ ਬੀਕਾਨੇਰ ਚ ਹੀ ਇਕ ਮਿੱਗ-21 ਜਹਾਜ਼ ਇਸੇ ਤਰ੍ਹਾਂ ਪੰਛੀ ਵੱਜਣ ਨਾਲ ਡਿੱਗ ਗਿਆ ਸੀ।
ਜੇਕਰ ਹਾਲੀਆਂ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲੰਘੇ ਕੁਝ ਕੁ ਦਿਨਾਂ ਦੌਰਾਨ ਹੀ ਭਾਰਤੀ ਫੌਜ ਦੇ ਜਹਾਜ਼ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।
1 ਫਰਵਰੀ ਨੂੰ ਫੌਜ ਦਾ ਮਿਰਾਜ਼ 2000 ਲੜਾਕੂ ਜਹਾਜ਼ ਆਮ ਪਰਖ ਉਡਾਣ ਮੌਕੇ ਹੀ ਡਿੱਗ ਗਿਆ ਸੀ। ਇਸ ਘਟਨਾ ਚ ਦੋਵੇਂ ਹਵਾਈ ਫੌਜੀ ਮਾਰੇ ਗਏ ਸਨ ਕਿਉਂਕਿ ਉਨ੍ਹਾਂ ਦੇ ਬਚਾਅ ਵਾਲਾ ਸਾਜੋ-ਸਮਾਨ ਨਕਾਰਾ ਹੋ ਗਿਆ ਸੀ।
12 ਫਰਵਰੀ ਨੂੰ ਰਾਜਸਥਾਨ ਦੇ ਪੋਖਰਨ ਵਿਚ ਇਕ ਮਿੱਗ-27 ਜਹਾਜ਼ ਡਿੱਗ ਗਿਆ ਸੀ।
19 ਫਰਵਰੀ ਨੂੰ ਬੰਗਲੌਰ ਵਿਚ ਹਵਾਈ ਮਸ਼ਕਾਂ ਕਰਦੇ ਦੋ ਸੂਰਿਆ ਕਿਰਨ ਜਹਾਜ਼ ਆਪਸ ਵਿਚ ਟਕਰਾਅ ਗਏ ਸਨ। ਇਸ ਘਟਨਾ ਵਿਚ ਇਕ ਹਵਾਈ-ਚਾਲਕ ਦੀ ਮੌਤ ਹੋ ਗਈ ਸੀ।
27 ਫਰਵਰੀ ਨੂੰ ਕਸ਼ਮੀਰ ਦੇ ਬੁਡਗਾਮ ਵਿਚ ਭਾਰਤੀ ਹਵਾਈ ਫੌਜ ਦਾ ਇਕ ਐਮ.ਆਈ.17 ਉੱਡਣਖਟੋਲਾ (ਹੈਲੀਕਪਟਰ) ਡਿੱਗ ਗਿਆ ਸੀ ਜਿਸ ਵਿਚ ਸਵਾਰ ਸਾਰੇ 6 ਹਵਾਈ ਫੌਜੀ ਮਾਰੇ ਗਏ ਸਨ।
27 ਫਰਵਰੀ ਨੂੰ ਹੀ ਪਾਕਿਸਤਾਨੀ ਜਹਾਜ਼ਾਂ ਦੇ ਪਿੱਛੇ ਕਸ਼ਮੀਰ ਤੇ ਕਬਜੇ ਵਾਲੀ ਹੱਦ ਪਾਰ ਕਰ ਗਏ ਭਾਰਤੀ ਹਵਾਈ ਫੌਜੀ ਦਾ ਮਿੱਗ-21 ਜਹਾਜ਼ ਪਾਕਿਸਤਾਨ ਨੇ ਸੁੱਟ ਲਿਆ ਸੀ ਤੇ ਇਸ ਨੂੰ ਚਲਾਉਣ ਵਾਲੇ ਭਾਰਤੀ ਫੌਜੀ ਨੂੰ ਫੜ੍ਹ ਲਿਆ ਸੀ।
ਅਭੀਨੰਦਰ ਵਰਧਮਾਨ ਨਾਮੀ ਇਸ ਫੌਜੀ ਨੂੰ ਪਾਕਿਸਤਾਨ ਸਰਕਾਰ ਵਲੋਂ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦੇ ਐਲਾਨ ਤੋਂ ਬਾਅਦ ‘ਅਮਨ ਦੇ ਸੁਨੇਹੇ’ ਦੇ ਤੌਰ ਉੱਤੇ ਛੱਡ ਦਿੱਤਾ ਗਿਆ ਸੀ।
ਹਾਲ ਵਿਚ ਹੀ ਕੌਮਾਂਤਰੀ ਖਬਰਖਾਨੇ ਵਿਚ ਭਾਰਤੀ ਫੌਜ ਦੇ ਵਧੇਰੇ ਕਰ ਹਥਿਆਰ ਤੇ ਸਾਜੋ-ਸਮਾਨ ਖਸਤਾ ਹਾਲਤ ਤੇ ਪੁਰਾਣੇ ਜ਼ਮਾਨੇ ਦਾ ਹੋ ਜਾਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ।
ਵੱਡੀਖੋਰੀ ਦੇ ਚੱਲਦਿਆਂ ਭਾਰਤੀ ਫੌਜ ਲਈ ਖਰੀਦੇ ਜਾਣ ਵਾਲੇ ਰਿਫੇਲ ਜਗਾਜ਼ਾਂ ਦਾ ਮਾਮਲਾ ਵੀ ਵਿਵਾਦਾਂ ਵਿਚ ਘਿਿਰਆ ਹੋਇਆ ਹੈ। ਵਿਰੋਧੀ ਦਲ ਮੌਜੂਦਾ ਮੋਦੀ ਸਰਕਾਰੀ ਉੱਤੇ ਫਰਾਂਸ ਤੋਂ ਖਰੀਦੇ ਜਾਣ ਵਾਲੇ ਇਨ੍ਹਾਂ ਜਹਾਜ਼ਾਂ ਦੀ ਦਲਾਲੀ ਚ ਅੰਬਾਨੀ ਕਾਰੋਬਾਰੀਆਂ ਨੂੰ ਨਜਾਇਜ਼ ਫਾਇਦਾ ਤੇ ਸਰਕਾਰੀ ਖਜਾਨੇ ਨੂੰ ਖੋਰਾ ਲਾਉਣ ਦਾ ਦੋਸ਼ ਲਾ ਰਹੇ ਹਨ।