ਚੰਡੀਗੜ੍ਹ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਲੀ ਸਲਤਨਤ ਦੀ ਫੇਰੀ ਤੋਂ ਪਹਿਲਾਂ ਵਾਈਟ ਹਾਊਸ ਵੱਲੋਂ ਸਿੱਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਕਰਨ ਦੀ ਖਬਰ ਇਸ ਸਮੇਂ ਚਰਚਾ ਵਿੱਚ ਹੈ।
ਦਰਅਸਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਵਾਈਟ ਹਾਊਸ ਵਿੱਚੋਂ ਸਿੱਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਦੇ ਬਾਹਰ ਆਉਣ ਦੇ ਕੁਝ ਦ੍ਰਿਸ਼ ਫੈਲੇ ਹਨ ਜਿਨ੍ਹਾਂ ਬਾਰੇ ਖਬਰਖਾਨੇ ਅਤੇ ਦਿੱਲੀ ਸਲਤਨਤ ਦੇ ਗਲਿਆਰਿਆਂ ਵਿੱਚ ਚਰਚਾ ਹੋ ਰਹੀ ਹੈ।
ਭਾਵੇਂ ਕਿ ਦਿੱਲੀ ਸਲਤਨਤ ਵੱਲੋਂ ਇਸ ਸੰਬੰਧ ਵਿੱਚ ਹਾਲੇ ਤੱਕ ਕੋਈ ਵੀ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਗਿਆ ਪਰ ਅੰਗਰੇਜ਼ੀ ਦੇ ਕੁਝ ਖਬਰ ਅਦਾਰਿਆਂ ਨੇ ਇਹ ਗੱਲ ਛਾਇਆ ਕੀਤੀ ਹੈ ਕਿ ਉਕਤ ਮਿਲਣੀ ਦੀਆਂ ਖਬਰਾਂ ਨਾਲ ਦਿੱਲੀ ਸਲਤਨਤ ਵਿੱਚ ਨਿਰਾਸ਼ਤਾ ਹੈ। ਇੱਕ ਖਬਰ ਅਦਾਰੇ ਨੇ ਦਿੱਲੀ ਸਲਤਨਤ ਦੇ ਨੁਮਾਇੰਦੇ ਵੱਲੋਂ ਗੈਰ-ਰਸਮੀ ਤੌਰ ਉੱਤੇ ਕੀਤੇ ਗਏ ਇਜ਼ਹਾਰ ਦਾ ਜਿਕਰ ਕੀਤਾ ਹੈ ਕਿ ਡੋਨਾਲਡ ਟਰੰਪ ਦੀ ਫੇਰੀ ਤੋਂ ਫੌਰੀ ਪਹਿਲਾਂ ਅਮਰੀਕਾ ਸਰਕਾਰ ਨੂੰ ਸਿਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਨਹੀਂ ਸੀ ਕਰਨੀ ਚਾਹੀਦੀ ਅਤੇ ਇਸ ਨਾਲ ਦਿੱਲੀ ਸਲਤਨਤ ਵਿੱਚ ਨਿਰਾਸ਼ਤਾ ਫੈਲੀ ਹੈ।
ਦੱਸ ਦਈਏ ਕਿ ਦਿੱਲੀ ਸਲਤਨਤ ਵੱਲੋਂ ਸਿੱਖਸ ਫਾਰ ਜਸਟਿਸ ਉੱਤੇ ਪਾਬੰਦੀ ਲਾਈ ਗਈ ਹੈ ਜਦਕਿ ਅਮਰੀਕਾ ਵਿੱਚ ਇਸ ਜਥੇਬੰਦੀ ਉੱਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੈ।
ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ 2020 ਦੇ ਨਾਂ ਉੱਪਰ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਮਨੋਰਥ ਇਹ ਦੱਸਿਆ ਜਾਂਦਾ ਹੈ ਕਿ ਇਸ ਮੁਹਿੰਮ ਰਾਹੀਂ ਪੰਜਾਬ ਦੀ ਦਿੱਲੀ ਸਲਤਨਤ ਤੋਂ ਆਜਾਦੀ ਸਬੰਧੀ ਰਾਏ ਇਕੱਤਰ ਕੀਤੀ ਜਾਣੀ ਹੈ।