ਲੰਦਨ: ਨਵੀਂ ਪੰਜਾਬੀ ਫਿਲਮ ਤੂਫਾਨ ਸਿੰਘ ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ (13 ਜੁਲਾਈ) ਨੂੰ ਪ੍ਰੈਸ ਬਿਆਨ ਜਾਰੀ ਕਰਕੇ ਫਿਲਮ ‘ਚ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਫਿਲਮਾਂ ਦੇ ਕਲਾਕਾਰ ਰਣਜੀਤ ਬਾਵਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਫਿਲਮ ਬਣਾਉਣ ਵਾਲਿਆਂ ਨੇ ਜਾਰੀ ਬਿਆਨ ‘ਚ ਕਿਹਾ, “ਫਿਲਮ ਨੂੰ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 15 ਜੁਲਾਈ ਨੂੰ ਜਾਰੀ ਹੋਣਾ ਸੀ ਪਰ ਭਾਰਤੀ ਸੈਂਸਰ ਬੋਰਡ ਦੇ ਚੇਅਰਮੈਨ ਵਲੋਂ ਸਹਿਮਤੀ ਨਾ ਮਿਲਣ ਕਰਕੇ ਇਸਨੂੰ ਫਿਲਹਾਲ ਰੋਕਿਆ ਗਿਆ ਹੈ।”
ਬਿਆਨ ‘ਚ ਦੱਸਿਆ ਗਿਆ ਕਿ ਫਿਲਮ “ਤੂਫਾਨ ਸਿੰਘ” 1980 ਦੇ ਦਹਾਕੇ ‘ਚ ਨੌਜਵਾਨ ਸਿੱਖ ਲੜਕੇ ਦੀ ਕਹਾਣੀ ਹੈ। ਕਹਾਣੀ ਸਾਰਿਆਂ ਲਈ ਨਿਆਂ, ਬਰਾਬਰਤਾ ਦੀ ਭਾਲ ‘ਤੇ ਆਧਾਰਤ ਹੈ। ਮਜਬੂਰ ਹੋ ਕੇ ਤੂਫਾਨ ਸਿੰਘ ਨੂੰ ਸਮਾਜ ਦੀ ਰਾਖੀ ਲਈ ਭ੍ਰਿਸ਼ਟਾਚਾਰ, ਅਪਰਾਧ ਅਤੇ ਕਰੂਰਤਾ ਨਾਲ ਲੜਨਾ ਪੈਂਦਾ ਹੈ।
ਰਾਇਲ ਸਿਨੇ ਆਰਟਸ ਦੇ ਬਘੇਲ ਸਿੰਘ ਨੇ ਨਿਰਦੇਸ਼ਕ ਦੇ ਤੌਰ ‘ਤੇ ਅਤੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਇਕ ਕਲਾਕਾਰ ਵਲੋਂ ਇਸ ਫਿਲਮ ਤੋਂ ਆਪਣੀ ਕਲਾਕਾਰੀ ਦੀ ਸ਼ੁਰੂਆਤ ਕੀਤੀ ਹੈ। ਬਘੇਲ ਸਿੰਘ ਨੇ ਦੱਸਿਆ ਕਿ ਫਿਲਮ 4 ਅਗਸਤ ਨੂੰ ਕੌਮਾਂਤਰੀ ਪੱਧਰ ‘ਤੇ ਜਾਰੀ ਕੀਤੀ ਜਾਏਗੀ ਜੇ ਉਦੋਂ ਤਕ ਸਾਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਅਸੀਂ ਉਸਨੂੰ ਅਦਾਲਤ ‘ਚ ਚੁਣੌਤੀ ਦਿਆਂਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: India Censor Board Refuses to Clear Toofan Singh Movie for ‘glorifying Khalistan movement’ …