ਪੇਇਚਿੰਗ: ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਿੱਕਿਮ ਸਰਹੱਦ ਤੋਂ ਆਪਣੀ ਫੌਜ ਨੂੰ ਫੌਰੀ ਤੌਰ ‘ਤੇ ਵਾਪਸ ਬੁਲਾਵੇ। ਚੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੇ ਸਰਹੱਦ ’ਤੇ ਜਾਰੀ ਤਣਾਅ ਕਰਕੇ ਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਨਿਕਲੇ ਭਾਰਤੀ ਸ਼ਰਧਾਲੂਆਂ ਲਈ ਨਾਥੂ ਲਾ ਦੱਰੇ ਤੋਂ ਦਾਖ਼ਲਾ ਬੰਦ ਕੀਤਾ ਹੈ। ਚੀਨ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਸਰਹੱਦੀ ਉਲੰਘਣਾ ਸਬੰਧੀ ਭਾਰਤ ਕੋਲ ਆਪਣਾ ਸਫ਼ਾਰਤੀ ਵਿਰੋਧ ਦਿੱਲੀ ਤੇ ਪੇਇਚਿੰਗ ਦੋਵਾਂ ਥਾਵਾਂ ’ਤੇ ਦਰਜ ਕਰਵਾ ਦਿੱਤਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਪੱਤਰਕਾਰਾਂ ਨਾਲ ਸੰਖੇਪ ਮਿਲਣੀ ਦੌਰਾਨ ਕਿਹਾ,‘ਅਸੀਂ ਪੇਇਚਿੰਗ ਤੇ ਨਵੀਂ ਦਿੱਲੀ ਦੋਵਾਂ ਥਾਵਾਂ ’ਤੇ ਆਪਣਾ ਰਸਮੀ ਰੋਸ ਦਰਜ ਕਰਾ ਦਿੱਤਾ ਹੈ। ਪ੍ਰਦੇਸ਼ਕ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਅਸੀਂ ਆਪਣੇ ਸਟੈਂਡ ’ਤੇ ਦ੍ਰਿੜ੍ਹ ਸੰਕਲਪ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਵੀ ਚੀਨ ਨਾਲ ਉਸੇ ਰਾਹ ’ਤੇ ਤੁਰਦਿਆਂ ਸਰਹੱਦ ਉਲੰਘ ਕੇ ਚੀਨੀ ਖੇਤਰ ਵਿੱਚ ਦਾਖ਼ਲ ਹੋਏ ਆਪਣੇ ਫ਼ੌਜੀਆਂ ਨੂੰ ਫ਼ੌਰੀ ਉਥੋਂ ਵਾਪਸ ਸੱਦੇਗਾ।’ ਕੈਲਾਸ਼ ਤੇ ਮਾਨਸਰੋਵਰ ਵੱਲ ਵੱਧ ਰਹੇ ਸ਼ਰਧਾਲੂਆਂ, ਜਿਨ੍ਹਾਂ ਨੂੰ ਚੀਨ ਨੇ ਤਿੱਬਤ ਵਿੱਚ ਦਾਖ਼ਲ ਹੋਣ ਤੋਂ ਰੋਕਦਿਆਂ ਗੰਗਟੋਕ ਮੋੜ ਦਿੱਤਾ ਸੀ, ਬਾਰੇ ਲੂ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਸੁਰੱਖਿਆ ਕਾਰਨਾਂ ਕਰਕੇ ਰੱਦ ਕੀਤੀ ਗਈ ਹੈ। ਲੂ ਨੇ ਕਿਹਾ,‘ਚੀਨ ਨਾਥੂ ਲਾ ਦੱਰੇ ਰਾਹੀਂ ਤਿੱਬਤ ਵਿੱਚ ਦਾਖ਼ਲ ਹੋਣ ਵਾਲੇ ਭਾਰਤੀ ਸ਼ਰਧਾਲੂਆਂ ਦੀ ਸਹੂਲਤ ਲਈ ਚੀਨ ਲੰਮੇ ਸਮੇਂ ਤੋਂ ਯਤਨ ਕਰਦਾ ਰਿਹਾ ਹੈ, ਪਰ ਸਰਹੱਦ ’ਤੇ ਤਾਇਨਾਤ ਭਾਰਤੀ ਫੌਜ ਨੇ ਹਾਲ ਹੀ ਵਿੱਚ ਸਰਹੱਦ ਉਲੰਘ ਕੇ ਚੀਨ ਵਾਲੇ ਪਾਸੇ ਚੱਲ ਰਹੇ ਉਸਾਰੀ ਦੇ ਕੰਮ ’ਚ ਅੜਿੱਕਾ ਡਾਹਿਆ ਹੈ, ਲਿਹਾਜ਼ਾ ਜ਼ਰੂਰੀ ਕਾਰਵਾਈ ਵਜੋਂ ਸਾਨੂੰ ਨਾਥੂ ਲਾ ਦੱਰੇ ਰਾਹੀਂ ਲਾਂਘਾ ਬੰਦ ਕਰਨਾ ਪਿਆ ਹੈ।’
ਜ਼ਿਕਰਯੋਗ ਹੈ ਕਿ ਸਿੱਕਮ ਦੇ ਨਾਥੂ ਲਾ ਦੱਰੇ ਰਾਹੀਂ ਤਿੱਬਤ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਉਤੇ ਜਾ ਰਹੇ ਇਨ੍ਹਾਂ ਸ਼ਰਧਾਲੂਆਂ ਨੂੰ ਪਿਛਲੇ ਹਫ਼ਤੇ ਚੀਨ ਨੇ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। ਇਨ੍ਹਾਂ ਸ਼ਰਧਾਲੂਆਂ ਨੇ 19 ਜੂਨ ਨੂੰ ਸਰਹੱਦ ਪਾਰ ਕਰਨੀ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਜਾ ਨਹੀਂ ਸਕੇ। ਬੇਸ ਕੈਂਪ ਵਿੱਚ ਇੰਤਜ਼ਾਰ ਕਰਨ ਮਗਰੋਂ ਜਦੋਂ ਉਨ੍ਹਾਂ 23 ਜੂਨ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੀਨੀ ਅਧਿਕਾਰੀਆਂ ਨੇ ਮਨਜ਼ੂਰੀ ਨਹੀਂ ਦਿੱਤੀ। ਯਾਦ ਰਹੇ ਕਿ ਭਾਰਤੀ ਫ਼ੌਜ ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਦੇ ਹੱਥੋਪਾਈ ਹੋਣ ਬਾਅਦ ਸਿੱਕਿਮ ਦੇ ਦੁਰੇਡੇ ਇਲਾਕੇ ਵਿੱਚ ਤਣਾਅ ਵਧ ਗਿਆ ਹੈ। ਇਸ ਝੜਪ ਮਗਰੋਂ ਚੀਨੀ ਫੌਜੀਆਂ ਨੇ ਭਾਰਤੀ ਫੌਜੀਆਂ ਦੇ ਬੰਕਰਾਂ ਨੂੰ ਨੁਕਸਾਨ ਪਹੁੰਚਾਇਆ। ਸੂਤਰਾਂ ਮੁਤਾਬਕ ਸਿੱਕਿਮ ਵਿੱਚ ਡੋਕਾ ਲਾ ਇਲਾਕੇ ਵਿੱਚ ਲਾਲਟਨ ਚੌਕੀ ਨੇੜੇ ਜੂਨ ਦੇ ਪਹਿਲੇ ਹਫ਼ਤੇ ਇਹ ਘਟਨਾ ਹੋਈ।