ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਪਿੰਡ ਹੋਂਦ ਚਿੱਲੜ ਦੇ ਸਾੜੇ ਗਏ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਸ਼ਾ

ਲੇਖ

ਇਕ ਪਿੰਡ ਜਿਸ ਵਿਚੋਂ ’84 ਦੇ ਫੱਟ ਅਜੇ ਤੱਕ ਵੀ ਰਿਸਦੇ ਹਨ

By ਸਿੱਖ ਸਿਆਸਤ ਬਿਊਰੋ

March 03, 2018

ਇੰਜੀ: ਮਨਵਿੰਦਰ ਸਿੰਘ ਗਿਆਸਪੁਰ*

ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹ ਕੇ, ਕਾਲ ਬੀਤ ਗਏ ਨੇ, ਚੌਕ ਚੁਰਾਹੇ ਰੁਲੀਆਂ ਪੱਗਾਂ, ਹਾਲ ਬੀਤ ਗਏ ਨੇ। ਇਨਸਾਫ਼ ਦੀ ਕੋਈ ਵੀ ਕਿਰਨ, ਕਿਤੇ ਨਾ ਨਜ਼ਰੀਂ ਪੈਂਦੀ ਏ, ਸੀਨੇ ਫੱਟ ਲੱਗੇ, 26 ਸਾਲ ਬੀਤ ਗਏ ਨੇ। ਮਿਲੇਗਾ ਇਨਸਾਫ਼ ਕਦੋਂ, ਉਜੜ ਹੋਏ ਮਾਸੂਮਾਂ ਨੂੰ? ਟੁੱਟੇ ਸਭ ਭਰੋਸੇ, ਸਭ ਖ਼ਿਆਲ ਬੀਤ ਗਏ ਨੇ।

ਕੱਲ੍ਹ ਕੁਝ ਏਦਾਂ ਦਾ ਹੀ ਉਜੜਿਆ ਇਕ ਪਿੰਡ ਦੇਖਿਆ, ਜੋ ਨਵੰਬਰ 1984 ਦੀਆਂ ਯਾਦਾਂ ਨੂੰ ਅਜੇ ਤੱਕ ਆਪਣੇ ਕੋਲ ਸੰਭਾਲੀ ਬੈਠਾ ਹੈ, ਜਿਸ ਵਿਚੋਂ 84 ਦੇ ਫੱਟ ਅਜੇ ਤੱਕ ਵੀ ਰਿਸਦੇ ਨੇ। ਓਦਾਂ ਹੀ ਸੁੰਨੀ ਬੇਆਬਾਦ ਬੀਆਬਾਨ ਖੂਨੀ ਸੜਕ, ਨਾ ਬੰਦਾ ਨਾ ਬੰਦੇ ਦੀ ਜਾਤ, ਸ਼ਾਇਦ ਆਦਮ ਜਾਤ ਦੇ ਪੈਰਾਂ ਨੂੰ ਤਰਸਦੀ ਹੋਵੇ। ਖੰਡਰ ਹੋਈਆਂ ਹਵੇਲੀਆਂ, ਢਹੀਆਂ ਕੰਧਾਂ, ਰਸਤੇ ਦੇ ਦੋਵੇਂ ਪਾਸੀਂ ਉ¤ਗਿਆ ਸਲਵਾੜ, ਹੈਵਾਨੀਅਤ ਦੇ ਨੰਗੇ ਨਾਚ ਦੀਆਂ ਯਾਦਾਂ ਨੂੰ ਸਮੋਈ ਬੈਠਾ ਇਕ ਪਿੰਡ। ਹੁਣ ਪੂਰੇ ਪਿੰਡ ਵਿਚ ਕੋਈ ਵੀ ਨਹੀਂ ਵੱਸਦਾ, ਬਿਲਕੁਲ ਉਜੜਿਆ ਹੋਇਆ। ਅਗਰ ਅਸੀਂ ਸਾਰੇ ਹੰਭਲਾ ਮਾਰੀਏ ਤਾਂ ਉਹ ਯਾਦਗਾਰ ਸੰਭਾਲੀ ਜਾ ਸਕਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੀਏ ਕਿ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਕਿੰਨੀ ਭਿਆਨਕ ਹੁੰਦੀ ਹੈ। ਜੋ ਜ਼ੁਲਮ ਹੋਏ ਨੇ ਉਨ੍ਹਾਂ ਦੀ ਦਾਸਤਾਂ ਨੂੰ ਹੂ-ਬਹੂ ਵਿਖਾ ਸਕੀਏ।

ਗੁੜਗਾਵਾਂ ਤੋਂ ਉਤਰ ਵੱਲ ਐਨ. ਐਚ. 8 ’ਤੇ ਜੈਪੁਰ ਵੱਲ ਨੂੰ 27 ਕਿ.ਮੀ. ਦੀ ਦੂਰੀ ’ਤੇ ਬਿਲਾਸਪੁਰ, ਉਸ ਤੋਂ 8 ਕਿ.ਮੀ. ਨਵਾਬਾਂ ਦੀ ਪਟੌਦੀ, ਪਟੌਦੀ ਤੋਂ ਚੜ੍ਹਦੇ ਪਾਸੇ ਵੱਲ ਤਕਰੀਬਨ 18 ਕਿ.ਮੀ. ਦੀ ਦੂਰੀ ’ਤੇ ਹੈ ਇਹ ਅਭਾਗਾ ਪਿੰਡ ਹੋਂਦ ਚਿੱਲੜ। ਤਹਿਸੀਲ ਤੇ ਜ਼ਿਲ੍ਹਾ ਰੇਵਾੜੀ ਦੇ ਅਧੀਨ ਆਉਂਦਾ ਹੈ। ਹੁਣ ਪਿੰਡ ਦੇ ਅੰਦਰ ਵੜਦੇ ਹੀ ਧੁਆਂਖੀਆਂ, ਢਹੀਆਂ ਹਵੇਲੀਆਂ ਦਿਸਦੀਆਂ ਨੇ। ਬੱਸ ਓਨੇ ਕੁ ਹੀ ਹੱਡ ਪਏ ਨੇ ਜੋ ਚਬਾਏ ਨਹੀਂ ਜਾ ਸਕੇ, ਬਾਕੀ ਦਾ ਮਾਸ ਤਾਂ ਕਾਂ-ਕੁੱਤੇ ਖਾ ਗਏ। ਕਹਿੰਦੇ ਪਹਿਲਾਂ ਪਿੰਡ ਵੜਦੇ ਹੀ ਕਹਿੰਦੀ ਕਹਾਉਂਦੀ ਹਵੇਲੀ ਹੁੰਦੀ ਸੀ। ਇਹ ਸੜੀਆਂ ਕੰਧਾਂ ਆਪਣੀ ਕਹਾਣੀ ਆਪ ਬਿਆਨ ਕਰਦੀਆਂ ਨੇ। ਇਕ ਅਜਿਹੀ ਤਬਾਹੀ ਜੋ ਦਹਾਕਿਆਂ ਤੱਕ ਸਹਿਕਦੀ ਰਹਿੰਦੀ ਹੈ, ਸ਼ਾਇਦ ਸਦੀਆਂ ਤੱਕ ਵੀ। ਅਜਿਹੀ ਪੀੜ ਜੋ ਕਦੇ ਵੀ ਖ਼ਤਮ ਨਾ ਹੋਵੇ। ਮੁਆਵਜ਼ਿਆਂ ਦੇ ਦੋ-ਚਾਰ, ਦਸ-ਵੀਹ ਲੱਖ ਇਸ ਦੇ ਸਾਹਮਣੇ ਕੁਝ ਵੀ ਨਹੀਂ ਹਨ। ਕੀ ਪੈਸੇ ਨਾਲ ਲੁੱਟੀਆਂ ਇੱਜ਼ਤਾਂ, ਸਾੜੇ ਭੈਣ-ਭਰਾ ਵਾਪਸ ਆ ਸਕਦੇ ਹਨ? ਨਹੀਂ ਕਦੀ ਵੀ ਨਹੀਂ।

ਥੋੜ੍ਹਾ ਅੱਗੇ ਚੱਲ ਕੇ ਗੁਰਦੁਆਰਾ ਸਾਹਿਬ ਹੈ। ਗੁਰਦੁਆਰੇ ਦੇ ਪ੍ਰਵੇਸ਼ ਦੁਆਰ ’ਤੇ ਲਿਖਿਆ ਹੈ ‘ਜੀ ਆਇਆਂ ਨੂੰ’ ਥੋੜ੍ਹਾ ਉਪਰ ਲਿਖਿਆ ਹੈ ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ।’ ਹੁਣ ਗੁਰਦੁਆਰੇ ਦਾ ਕੋਈ ਵੀ ਦਰਵਾਜ਼ਾ ਨਹੀਂ,  ਨਾ ਹੀ ਬਾਰੀਆਂ ਹਨ। ਅੰਦਰ ਕਿਸੇ ਅਗਿਆਤ ਦੀ ਤੂੜੀ ਪਈ ਹੈ, ਠੀਕ ਉਸੇ ਜਗ੍ਹਾ, ਜਿਥੇ ਕਦੇ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹੋਣਗੇ। ਗੁਰਦੁਆਰੇ ਦੇ ਲਾਗੇ ਖੂਹ ਅਜੇ ਵੀ ਓਵੇਂ ਦਾ ਓਵੇਂ ਮੌਜੂਦ ਹੈ। ਬਹੁਤ ਸਾਰੀਆਂ ਅਜਿਹੀਆਂ ਹਵੇਲੀਆਂ ਵੀ ਹਨ ਜੋ ਬੁਲਡੋਜ਼ਰ ਨਾਲ ਪੱਧਰਾ ਕਰ ਦਿੱਤੀਆਂ ਗਈਆਂ ਹਨ, ਉਹ ਅੱਜ ਖੇਤਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ।

ਵੱਡਾ ਸਾਰਾ ਬਰੋਟੇ ਦਾ ਦਰੱਖਤ ਅੱਜ ਵੀ ਬੱਚਿਆਂ, ਬੁੱਢਿਆਂ ਨੂੰ ਆਵਾਜ਼ਾਂ ਮਾਰਦਾ ਹੈ। ਉਹ ਆਦਮ ਜਾਤ ਨੂੰ ਦੇਖਣ ਲਈ, ਬੱਚਿਆਂ ਦੀਆਂ ਕਿਲਕਾਰੀਆਂ ਨੂੰ ਤੇ ਜਵਾਨਾਂ ਦੇ ਮਖੌਲਾਂ ਨੂੰ ਸੁਣਨ ਲਈ ਤਰਸ ਰਿਹਾ ਹੈ, ਕੁੜੀਆਂ ਦੀਆਂ ਪੀਂਘਾਂ, ਉਨ੍ਹਾਂ ਦੇ ਹੁਲਾਰਿਆਂ ਨੂੰ ਵੇਖਣਾ ਚਾਹ ਰਿਹਾ ਹੈ। ਪੂਰੇ ਭਾਰਤ ਵਿਚ 31 ਅਕਤੂਬਰ ਤੋਂ 5 ਨਵੰਬਰ ਤੱਕ ਹਜ਼ਾਰਾਂ ਹੀ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ, (ਇਹ ਤਾਂ ਸਿਰਫ ਇਕ ਪਿੰਡ ਦੀ ਹੀ ਕਹਾਣੀ ਹੈ) ਇੱਜ਼ਤਾਂ ਲੁੱਟੀਆਂ ਗਈਆਂ, ਇਸ ਕਾਰੇ ਨੂੰ ਪੂਰੇ 26 ਸਾਲ ਬੀਤ ਗਏ ਨੇ, ਪਰ ਅਜੇ ਤੱਕ ਕਿਸੇ ਇਕ ਦੋਸ਼ੀ ਨੂੰ ਵੀ ਕੋਈ ਮਿਸਾਲੀ ਸਜ਼ਾ ਨਹੀਂ ਹੋਈ। ਚੇਤੇ ਰਹੇ ਕਿ ’84 ਵਾਲੇ ਘੱਲੂਘਾਰੇ ਤੋਂ ਭਿਆਨਕ ਹੋਰ ਕੋਈ ਵੀ ਘਟਨਾ ਨਹੀਂ ਹੋ ਸਕਦੀ, ਫਿਰ ਵੀ ਅਜਿਹਾ ਵਿਤਕਰਾ ਕਿਉਂ? ਸਿੱਖਾਂ ਦੇ ਮਾਮਲੇ ਵਿਚ ਕਿਸੇ ਜੱਜ ਨੂੰ ਜੇਕਰ ਸੁਪਨਾ ਵੀ ਆ ਜਾਵੇ ‘ਕਿ ਫਲਾਣਾ ਸਿੱਖ ਦੋਸ਼ੀ ਹੈ’, ਉਸੇ ਨੂੰ ਸੂਲੀ ’ਤੇ ਚਾੜ੍ਹ ਦਿੰਦੇ ਨੇ, ਸ਼ਾਇਦ ਇਹੋ ਇਨ੍ਹਾਂ ਦਾ ਕਾਨੂੰਨ ਹੈ।

ਪਿੰਡ ਚਿੱਲੜ ਕੋਲ ਇਕ ਛੋਟੀ ਢਾਣੀ ਹੋਂਦ 2 ਨਵੰਬਰ 1984 ਤੋਂ ਪਹਿਲਾਂ ਹੱਸਦਾ ਵੱਸਦਾ 25-30 ਘਰਾਂ ਦਾ ਪਿੰਡ ਹੁੰਦਾ ਸੀ। ਇਥੇ ਸਾਰੇ ਹੀ ਸਿੱਖਾਂ ਦੇ ਘਰ ਸਨ। ਇਹ ਸਾਰੇ ਪਾਕਿਸਤਾਨ ਦੇ ਸ਼ਹਿਰ ਮੀਆਂ ਵਾਲੀ ਤੋਂ 1947 ਵਿਚ ਲੁੱਟ-ਪੁੱਟ ਕੇ, ਉਜੜ ਕੇ ਇਧਰ ਆਪਣੇ ਦੇਸ਼ ਆਏ ਸਨ। ਪਾਕਿਸਤਾਨ ਨੂੰ ਬੇਗਾਨਾ ਕਰਕੇ ਇਨ੍ਹਾਂ ਛੱਡ ਦਿੱਤਾ ਸੀ। ਆਪਣਿਆਂ ਦਾ ਮਾਰਿਆ ਫੁੱਲ ਵੀ ਗ਼ੈਰਾਂ ਦਿਆਂ ਪੱਥਰਾਂ ਤੋਂ ਵੱਧ ਦਰਦ ਕਰਦਾ ਹੈ। ਆਪਣਿਆਂ ਨੇ ਤਾਂ ਸਾੜ ਹੀ ਦਿੱਤਾ। ਬੱਚੇ, ਜਵਾਨ, ਬੁੱਢਿਆਂ ਨੂੰ, ਸ਼ਾਇਦ ਇਨ੍ਹਾਂ ਦੀ ਭੁੱਲ ਸੀ, ਆਪਣਾ ਸਮਝਣ ਦੀ। ਭੁੱਲ ਤਾਂ ਭੁਗਤਣੀ ਹੀ ਪੈਂਦੀ ਹੈ, ਕਿਉਂ ਕੀਤੀ ਭੁੱਲ? ਇਨ੍ਹਾਂ ਨੇ ਆਪਣੀ ਤਕਦੀਰ ਆਪਣੇ ਆਪ ਲਿਖੀ ਸੀ। ਇਹ ਸਵਖਤੇ ਉ¤ਠ ਪਾਠ ਪੂਜਾ ਕਰਦੇ, ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਇਨ੍ਹਾਂ ਬਾਬੇ ਨਾਨਕ ਤੋਂ ਸਿੱਖਿਆ ਸੀ। ਚਿੱਲੜ ਦੇ ਨਿਵਾਸੀਆਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਿਆ ਕਿ ਇਹ ਦਾਨ ਕਰਨ ਨੂੰ ਵੀ ਹਮੇਸ਼ਾ ਅੱਗੇ ਰਹਿੰਦੇ ਸਨ। ਸਾਬਕਾ ਹੈ¤ਡ ਮਾਸਟਰ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ 1978 ਵਿਚ ਚਿੱਲੜ ਵਿਚ ਧਰਮਸ਼ਾਲਾ ਬਣਨੀ ਸੀ, ਹੋਂਦ ਵਾਸੀਆਂ ਉਸ ਲਈ ਖੁੱਲ੍ਹ ਕੇ ਦਾਨ ਦਿੱਤਾ ਸੀ।

ਪਿੰਡ ਹੋਂਦ ਤੇ ਚਿੱਲੜ ਦੋਵਾਂ ਪਿੰਡਾਂ ਦੀ ਸਾਂਝੀ ਇਕ ਹੀ ਪੰਚਾਇਤ ਹੁੰਦੀ ਸੀ। ਚਿੱਲੜ ਬਹੁਤ ਵੱਡਾ ਪਿੰਡ ਹੈ। ਏਥੇ ਜਾਟ, ਗੁੱਜਰ, ਅਹੀਰ ਵੱਸਦੇ ਹਨ। ਐਨੇ ਵੱਡੇ ਚਿੱਲੜ ਪਿੰਡ ਨੂੰ ਛੱਡ ਕੇ ਛੋਟੀ ਢਾਣੀ ਹੋਂਦ ਦੇ ਨਿਵਾਸੀ ਸ: ਸਰੂਪ ਸਿੰਘ ਪੁੱਤਰ ਸ: ਤਿਰਲੋਕ ਸਿੰਘ ਦਾ 1961 ਤੋਂ ਪੰਦਰਾਂ ਸਾਲ ਤੱਕ ਸਰਪੰਚ ਬਣੇ ਰਹਿਣਾ, ਇਨ੍ਹਾਂ ਦੇ ਰਸੂਖ ਤੇ ਕਿਸੇ ਨਾਲ ਵੀ ਜਾਤੀ ਦੁਸ਼ਮਣੀ ਦਾ ਨਾ ਹੋਣਾ ਸਿੱਧ ਕਰਦਾ ਹੈ। ਪੂਰੇ ਇਲਾਕਾ ਨਿਵਾਸੀ ਇਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ। ਫਿਰ ਇਨ੍ਹਾਂ ਨਾਲ ਅਜਿਹਾ ਮਾੜਾ ਵਰਤਾਓ ਕਿਉਂ?

2 ਨਵੰਬਰ 1984 ਦਿਨ ਦੇ ਤਕਰੀਬਨ ਗਿਆਰਾਂ ਵਜੇ, ਨਾਅਰੇ ਲਗਾਉਂਦੀ ਭੀੜ ਨੇ ਪੂਰੇ ਪਿੰਡ ਨੂੰ ਚਾਰੇ ਪਾਸਿਓਂ ਆਪਣੇ ਘੇਰੇ ਵਿਚ ਲੈ ਲਿਆ। ਚਾਰੇ ਪਾਸਿਓਂ ਘੇਰ ਕੇ ਇਨ੍ਹਾਂ ਆਪਣਾ ਤਾਂਡਵ ਨਾਚ ਨੱਚਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕੋਲ ਮਿੱਟੀ ਦੇ ਤੇਲ ਦੇ ਕੇਨ, ਹੱਥਾਂ ਵਿਚ ਬਲਦੀਆਂ ਮਸ਼ਾਲਾਂ, ਕਿਰਪਾਨਾਂ, ਡਾਂਗਾਂ, ਬਰਛੇ ਤੇ ਟਕੂਏ ਸਨ। ਭੀੜ ਨਾਅਰੇ ਲਗਾ ਰਹੀ ਸੀ ‘ਮਾਰੋ ਸਰਦਾਰ ਗਦਾਰੋਂ ਕੋ, ‘ਇੰਦਰਾ ਕੇ ਹਤਿਆਰੋਂ ਕੋ ਮਾਰੋ।’ ਉਨ੍ਹਾਂ ਆਉਂਦਿਆਂ ਹੀ ਤੂੜੀ ਦੇ ਕੁੱਪਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਤੂੜੀ ਦੇ ਕੁੱਪਾਂ ਨੂੰ ਅੱਗ ਨੇ ਧੂੰ-ਧੂੰ ਕਰਕੇ ਜਲਾਉਣਾ ਸ਼ੁਰੂ ਕਰ ਦਿੱਤਾ। ਤੂੜੀ ਦੇ ਕੁੱਪਾ ਨੂੰ ਅੱਗ ਲੱਗਦੀ ਅਤੇ ਭੀੜ ਨੂੰ ਦੇਖ ਬੱਚੇ, ਬੁੱਢੇ, ਜਵਾਨ ਸਭ ਸਹਿਮ ਗਏ। ਸਾਰੇ ਆਪੋ-ਆਪਣੇ ਘਰਾਂ ਵਿਚ ਦੜ ਵੱਟ ਗਏ।

ਭੀੜ ਨੇ ਆਪਣਾ ਤਾਂਡਵ ਨਾਚ ਦਿਖਾਉਣਾ ਸ਼ੁਰੂ ਕੀਤਾ। ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ ਆਪਣੀ ਹੀ ਭਲਾਈ ਦਾ ਫ਼ਿਕਰ ਹੋਣ ਲੱਗਾ। ਉਨ੍ਹਾਂ ਨੂੰ ਇਹ 30-35 ਘਰ ਸਭ ਤੋਂ ਵੱਡੇ ਦੁਸ਼ਮਣ ਲੱਗ ਰਹੇ ਸਨ, ‘ਅੰਨ੍ਹੇ ਸ਼ਿਕਾਰ ਹੱਥ ਬਟੇਰ ਲੱਗ ਗਿਆ। ਘਰਾਂ ਵਿਚ ਛੁਪੇ ਲੋਕਾਂ ’ਤੇ ਇਨ੍ਹਾਂ ਹੱਲਾ ਬੋਲ ਦਿੱਤਾ। ਘਰਾਂ ਦੀਆਂ ਛੱਤਾਂ ’ਤੇ ਮਘੋਰੇ ਕਰਕੇ ਅੰਦਰ ਜਲਦੀਆਂ ਮਸਾਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜੇਕਰ ਕੋਈ ਬਾਹਰ ਭੱਜਿਆ ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਗਈ, ਜਲਦੇ ਟਾਇਰ ਗੱਲਾਂ ਵਿਚ ਪਾਏ ਗਏ। ਚਾਰੇ ਪਾਸੇ ਚੀਕਾਂ, ਕੁਰਲਾਹਟਾਂ, ਹਾੜੇ ਹੀ ਸੁਣਾਈ ਦਿੰਦੇ ਸਨ, ਪਰ ਇਨ੍ਹਾਂ ਨੂੰ ਕੋਈ ਤਰਸ ਨਾ ਆਇਆ। ਠੀਕ ਇਸੇ ਤਰ੍ਹਾਂ ਇਨ੍ਹਾਂ ਇਕੱਲੇ-ਇਕੱਲੇ ਘਰ ਨੂੰ ਅੱਗ ਦੀ ਭੇਟ ਕੀਤਾ। ਤਕਰੀਬਨ ਪੂਰੇ ਪਿੰਡ ਨੂੰ ਮਾਰ ਕੇ ਇਨ੍ਹਾਂ ਲੁੱਟਣਾ ਸ਼ੁਰੂ ਕੀਤਾ, ਜਿਸ ਨੂੰ ਜੋ ਵੀ ਚੀਜ਼ ਹੱਥ ਲੱਗੀ, ਉਹ ਚੁੱਕ ਕੇ ਤੁਰਦਾ ਬਣਿਆ।

ਇਹ ਧਰੋਹਰ ਸੰਭਾਲੀ ਜਾ ਸਕਦੀ ਹੈ, ਆਪਣੀਆਂ ਆਉਣ ਵਾਲੀਆਂ ਪੀਹੜੀਆਂ ਨੂੰ ਇਹ ਦੱਸਣ ਲਈ ਕਿ ਨਫ਼ਰਤ ਦੇ ਡੰਗੇ ਇਨਸਾਨ ਹੈਵਾਨ ਬਣ ਕੇ ਕਿੱਥੋਂ ਤੱਕ ਜਾ ਸਕਦੇ ਹਨ। ਇਹ ਬਦੀ ਦਾ ਕਾਲਾ ਚਿਹਰਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖ ਸਕਦੇ ਹਾਂ, ਜਿਵੇਂ ਜਲ੍ਹਿਆਂਵਾਲਾ ਬਾਗ ਅੰਗਰੇਜ਼ੀ ਰਾਜ ਦਾ ਕਾਲਾ ਚਿਹਰਾ ਅਜੇ ਤੱਕ ਸੰਭਾਲਿਆ ਪਿਆ ਹੈ। ਇਨ੍ਹਾਂ ਸੜੀਆ ਹਵੇਲੀਆਂ, ਉਜੜੇ ਘਰ, ਸਲਵਾੜ ਇਕ ਵਾਰੀ ਦੇਖਣ ਨਾਲ ਸਾਰੀ ਕਹਾਣੀ ਫ਼ਿਲਮ ਦੀ ਤਰ੍ਹਾਂ ਅੱਖਾਂ ਮੂਹਰੇ ਘੁੰਮ ਜਾਂਦੀ ਹੈ, ਕਿਸੇ ਤੋਂ ਪੁੱਛਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਸਾਨੂੰ ਅਗਰ ਯੂ. ਐਨ. ਓ. ਦੀ ਮਦਦ ਲੈਣ ਦੀ ਜ਼ਰੂਰਤ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ । ਇਹ ‘ਜਿਵੇਂ ਹੈ, ਜਿਥੇ ਹੈ, ਜਿੱਦਾਂ ਹੈ’ ਓਵੇਂ ਹੀ ਚਾਰ-ਦੀਵਾਰੀ ਕਰਕੇ ਇਕੱਲੀ-ਇਕੱਲੀ ਇਮਾਰਤ ਨੂੰ ਸ਼ੀਸ਼ੇ ਵਿਚ ਜੜ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਲੈਣਾ ਚਾਹੀਦਾ ਹੈ। ਇਹੋ ਜਿਹਾ ਭਿਆਨਕ ਕਾਰਾ ਕਿਸੇ ਵੀ ਭਾਈਚਾਰੇ ਨਾਲ ਵਾਪਰ ਸਕਦਾ ਹੈ। ਕੁਦਰਤ ਕਦੋਂ ਪੁੱਠਾ ਗੇੜਾ ਦੇ ਦੇਵੇ ਪਤਾ ਨਹੀਂ ਲੱਗਦਾ। ਬਚਾ ਲਵੋ ਜੇ ਭਾਰਤ ਨੂੰ ਟੁੱਟਣ ਤੋਂ ਬਚਾਉਣਾ ਚਾਹੁੰਦੇ ਹੋ, ਨਹੀਂ ਤਾਂ ਹੋਰ ਰਿਆਸਤਾਂ ਬਣਨ ਨੂੰ ਤਿਆਰ ਖੜ੍ਹੀਆਂ ਨੇ।

ਇਸ ਕੰਮ ਲਈ ਬਹੁਤ ਸਾਧਨਾਂ ਤੇ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੈ। ਇਹ ਕਿਸੇ ਇਕੱਲੇ ਆਦਮੀ ਦੇ ਵੱਸ ਦੀ ਗੱਲ ਨਹੀਂ, ਕੋਈ ਸੁਹਿਰਦ ਸੰਸਥਾ ਨੂੰ ਅੱਗੇ ਆ ਕੇ ਇਹ ਕੰਮ ਸੰਭਾਲਣਾ ਪਵੇਗਾ, ਨਹੀਂ ਤਾਂ ਕੁਝ ਸਾਲਾਂ ਤੱਕ ਇਹ ਧਰੋਹਰ ਮਿੱਟੀ ਵਿਚ ਮਿਲ ਜਾਵੇਗੀ ਜਾਂ ਮਿਲਾ ਦਿੱਤੀ ਜਾਵੇਗੀ। ਬਾਅਦ ਵਿਚ ਅਸੀਂ ਸਾਰੇ ਹੱਥ ਮਲਦੇ ਹੀ ਰਹਿ ਜਾਵਾਂਗੇ।

* ਮਕਾਨ ਨੰ: 317. ਪਿੰਡ ਗਿਆਸਪੁਰ, ਡਾਕ. ਢੰਡਾਰੀ ਕਲਾਂ, ਜ਼ਿਲ੍ਹਾ ਲੁਧਿਆਣਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: