ਨਵੀਂ ਦਿੱਲੀ(15 ਜਨਵਰੀ, 2015): ਭਾਰਤੀ ਫਿਲਮ ਸੈਂਸਰ ਬੋਰਡ ਨੇ ਵਿਵਾਦਤ ਸੌਦਾ ਸਾਧ ਸਿਰਸਾ ਜੋ ਕਿ ਸੀਬੀਆਈ ਅਦਾਲਤ ‘ਚ ਵੱਖ-ਵੱਖ ਸੰਗੀਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਦੀ ਫਿਲਮ “ਪ੍ਰਮਾਤਮਾ ਦਾ ਦੂਤ” ਨੂੰ ਪਾਸ ਕਰ ਦਿੱਤਾ ਹੈ। ਇਹ ਫਿਲਮ 16 ਜਨਵਰੀ ਨੂੰ ਰਿਲੀਜ਼ ਕੀਤੀ ਜਾਣੀ ਹੈ।
ਪਹਿਲਾਂ ਸੈਂਸਰ ਬੋਰਡ ਨੇ ਫਿਲਮ ਦੇ ਹੀਰੋ ਸੌਦਾ ਸਾਧ ਨੂੰ ਫਿਲਮ ਵਿੱਚ ਰੱਬ ਵਜੋਂ ਫਿਲਮਾਉਣ ‘ਤੇ ਇਤਰਾਜ਼ ਕਰਦਿਆਂ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੈਂਸਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੇ ਫਿਲਮ ਦੇ ਮੁੱਖ ਪਾਤਰ ਵਿਵਾਦਤ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਚਮਤਕਾਰ ਵਿਖਾਉਣ ਅਤੇ ਆਪਣੀ ਸ਼ਕਤੀ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਨ ‘ਤੇ ਇਤਰਾਜ਼ ਜਤਾਇਆ ਸੀ।
ਸੈਂਸਰ ਬੋਰਡ ਦੀ ਮੁੱਢਲ਼ੀ ਕਮੇਟੀ ਵੱਲੋਂ ਇਸਨੂੰ ਪਾਸ ਨਾ ਕਰਨ ਤੋਂ ਬਾਅਦ ਇਹ ਮਾਮਲਾ ਬੋਰਡ ਦੀ ਨਜ਼ਰਸ਼ਾਨੀ ਕਮੇਟੀ ਕੋਲ ਪਹੁੰਚ ਗਿਆ ਸੀ।
ਇਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਰਿਲੀਜ਼ ਕਰਨ ‘ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਸ ਨਾਲ ਫਿਰਕੂ ਤਣਾਅ ਪੈਦਾ ਹੋਵੇਗਾ ਅਤੇ ਇਸ ਨੇ ਫਿਲਮ ਦੇ ਕੁਝ ਦਿ੍ਸ਼ਾਂ ਅਤੇ ਜਿਸ ਤਰੀਕੇ ਨਾਲ ਡੇਰਾ ਮੁਖੀ ਨੇ ਆਪਣੇ ਆਪ ਨੂੰ ਗਾਡ ਮੈਨ ਵਜੋਂ ਪੇਸ਼ ਕੀਤਾ ਸੀ ‘ਤੇ ਵੀ ਇਤਰਾਜ਼ ਕੀਤਾ ਸੀ ।ਇਸੇ ਦੌਰਾਨ ਪੰਜਾਬ ਦੇ ਸਿਨੇਮਾ ਮਾਲਕਾਂ ਨੇ ਤਣਾਅ ਕਾਰਨ ਫਿਲਮ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ।