ਪਰਮਜੀਤ ਸਿੰਘ ਸਰਨਾ, ਪ੍ਰੋ. ਕਿਰਪਾਲ ਸਿੰਘ ਬਡੂੰਗਰ (ਫਾਈਲ ਫੋਟੋ)

ਸਿਆਸੀ ਖਬਰਾਂ

ਜੇ ਸ਼੍ਰੋਮਣੀ ਕਮੇਟੀ ਜੀਐਸਟੀ ਦੇ ਖਿਲਾਫ ਸੰਘਰਸ਼ ਕਰੇ ਤਾਂ ਅਸੀਂ ਪੂਰਾ ਸਾਥ ਦਿਆਂਗੇ: ਸਰਨਾ

By ਸਿੱਖ ਸਿਆਸਤ ਬਿਊਰੋ

July 17, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜੀ.ਐਸ.ਟੀ ਨੰਬਰ ਲੈਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ‘ਤੇ ਜੀ.ਐਸ.ਟੀ ਲਗਾਇਆ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ ਅਤੇ ਕੇਦਰ ਸਰਕਾਰ ਦਾਨ ਦੇ ਨਾਲ ਚੱਲਣ ਵਾਲੀ ਸੰਸਥਾ ਨੂੰ ਟੈਕਸ ਦੇ ਘੇਰੇ ਵਿੱਚ ਨਹੀਂ ਲਿਆ ਸਕਦੀ।

ਜਾਰੀ ਇੱਕ ਬਿਆਨ ਵਿੱਚ ਸ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੇ ਹੋਰ ਸਿੱਖ ਗੁਰਧਾਮ, ਕੋਈ ਲਾਭ ਵਾਲੇ ਅਦਾਰੇ ਨਹੀਂ ਹਨ ਸਗੋਂ ਦਾਨ ਦੇ ਸਹਾਰੇ ਚੱਲਣ ਵਾਲੀਆਂ ਧਾਰਮਿਕ ਸੰਸਥਾਵਾਂ ਹਨ ਜਿਥੇ ਦਾਨ ਸਿਰਫ ਲੋਕ ਭਲਾਈ ਦੇ ਕੰਮਾਂ ‘ਤੇ ਹੀ ਖਰਚ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਜੀ.ਐਸ.ਟੀ ਦਾ ਨੰਬਰ ਲੈਣਾ ”ਆਪਣੇ ਪੈਰ ਆਪ ਕੁਹਾੜਾ ਮਾਰਨਾ” ਵਾਲੀ ਕਹਾਵਤ ਦੀ ਤਰ੍ਹਾਂ ਹੋਵੇਗਾ।

ਸ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਬਾਣੀਆ ਨਹੀਂ ਬਣਨਾ ਚਾਹੀਦਾ ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾˆ ‘ਤੇ ਚੱਲਦਿਆਂ ਗੁਰੂ ਘਰ ਦੇ ਸੇਵਕ ਬਣ ਕੇ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਕਿਉਕਿ ਜੀ.ਐਸ.ਟੀ ਸਿਰਫ ਵਪਾਰਿਕ ਅਦਾਰਿਆਂ ‘ਤੇ ਹੀ ਲਗਾਇਆ ਜਾ ਸਕਦਾ ਹੈ, ਦਾਨ ਦੇ ਸਹਾਰੇ ਚੱਲਣ ਵਾਲੀਆਂ ਸੰਸਥਾਵਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀ.ਐਸ.ਟੀ. ਨੰਬਰ ਲੈਣ ਦਾ ਮਤਲਬ ਹੈ ਕਿ ਸਰਕਾਰ ਅੱਗੇ ਗੋਡੇ ਟੇਕ ਸੰਗਤਾਂ ਦੀ ਸ਼ਰਧਾ ਦੇ ਦਾਨ ਨਾਲ ਸਰਕਾਰੀ ਖਜ਼ਾਨੇ ਨੂੰ ਭਰਨਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਐਲਾਨ ਕਰੇ ਕਿ ਜੇਕਰ ਦਾਨ ਦੇ ਸਹਾਰੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਗੁਰਦੁਆਰਿਆਂ ਨੂੰ ਜੀ.ਐਸ.ਟੀ ਦੇ ਘੇਰੇ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਉਹ ਅਸਤੀਫਾ ਦੇ ਕੇ ਸਰਕਾਰ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਕਿਸੇ ਕਿਸਮ ਦਾ ਕੋਈ ਜੀ.ਐਸ.ਟੀ ਨੰਬਰ ਲੈਣ ਦੀ ਲੋੜ ਨਹੀਂ ਹੈ ਅਤੇ ਲੋੜ ਪੈਣ ‘ਤੇ ਜੇਕਰ ਕੇਂਦਰ ਸਰਕਾਰ ਦੇ ਖਿਲਾਫ ਕੋਈ ਸੰਘਰਸ਼ ਵੀ ਵਿੱਢਿਆ ਜਾˆਦਾ ਹੈ ਤਾˆ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੂਹਰਲੀ ਕਤਾਰ ਵਿੱਚ ਖੜੇ ਹੋ ਕੇ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਦੇਣ ਲੰਗਰ ਨੂੰ ਵੀ ਜੀਐਸਟੀ ਦੇ ਘੇਰੇ ਵਿੱਚ ਲਿਆਉਣ ਦਾ ਮਤਲਬ ਹੈ ਲੰਗਰਾਂ ਦਾ ਵਪਾਰੀਕਰਨ ਕਰਨਾ, ਜੋ ਸਿੱਖ ਸਿਧਾਂਤਾਂ ਦੇ ਅਨੂਕੂਲ ਨਹੀਂ ਹੈ। ਗੁਰਦੁਆਰੇ ਕੋਈ ਵਪਾਰਿਕ ਅਦਾਰੇ ਨਹੀਂ ਸਗੋਂ ਸੇਵਾ ਦੇ ਕੇਂਦਰ ਹਨ ਫਿਰ ਇਹ ਟੈਕਸ ਕਿਉਂ ਅਦਾ ਕਰਨ?

ਸਬੰਧਤ ਖ਼ਬਰ: ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਨੰਬਰ ਲੈਣ ਦੀਆਂ ਤਿਆਰੀਆਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: