ਸੰਗਰੂਰ: ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 8 ਦਸੰਬਰ ਨੂੰ “ਸਰਬੱਤ ਖ਼ਾਲਸਾ” ਹੋਣ ਤੋਂ ਜਬਰੀ ਰੋਕਿਆ ਗਿਆ ਤਾਂ ਉਸੇ ਦਿਨ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਭਾਈ ਦਾਦੂਵਾਲ ਗੁਰਦੁਆਰਾ ਅਕਾਲਸਰ ਸਾਹਿਬ ਵਿੱਚ “ਸਰਬੱਤ ਖ਼ਾਲਸਾ” ਦੀ ਤਿਆਰੀ ਸਬੰਧੀ ਤਿੰਨ ਜ਼ਿਲ੍ਹਿਆਂ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ “ਸਰਬੱਤ ਖ਼ਾਲਸਾ” ਵਿੱਚ ਸ਼ਾਮਲ ਹੋਣ ਵਾਲੀ ਸਿੱਖ ਸੰਗਤ ਨੂੰ ਸੱਦਾ ਦਿੱਤਾ ਕਿ ਜੇਕਰ ਪੁਲਿਸ ਵੱਲੋਂ “ਸਰਬੱਤ ਖ਼ਾਲਸਾ” ਨੂੰ ਜਾਂਦੇ ਰਾਹ ਰੋਕੇ ਗਏ ਤਾਂ ਪੰਜਾਬ ਭਰ ਵਿੱਚ ਸੜਕਾਂ ਅਤੇ ਰੇਲਵੇ ਲਾਈਨਾਂ ਜਾਮ ਕਰ ਦਿੱਤੀਆਂ ਜਾਣ ਅਤੇ ਜਿਥੇ ਕਿਤੇ ਵੀ ਪਾਣੀ ਦੀਆਂ ਟੈਂਕੀਆਂ ਅਤੇ ਟਾਵਰ ਮਿਲਣ ਉਨ੍ਹਾਂ ’ਤੇ ਚੜ੍ਹ ਕੇ ਆਵਾਜ਼ ਬੁਲੰਦ ਕੀਤੀ ਜਾਵੇ।
ਭਾਈ ਦਾਦੂਵਾਲ ਨੇ ਕਿਹਾ ਕਿ ਅਕਾਲੀ ਦਲ ਮੋਗਾ ਵਿੱਚ ਰੈਲੀ ਕਰਕੇ ਪਾਣੀਆਂ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ “ਸਰਬੱਤ ਖ਼ਾਲਸਾ” ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਕਰਵਾ ਰਹੀ ਹੈ ਅਤੇ ਇਸੇ ਕਾਰਨ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਪਾਸੋਂ ਆਈਐਸਆਈ ਦੇ ਦਖ਼ਲ ਦਾ ਸਬੂਤ ਮੰਗਿਆ ਗਿਆ ਤਾਂ ਕੋਈ ਜਵਾਬ ਨਹੀਂ ਦਿੱਤਾ। ਜੇਕਰ ਸਰਕਾਰ ਹੁਣ ਪਾਬੰਦੀ ਲਗਾਉਂਦੀ ਹੈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਪੰਜਾਬ ਦਾ ਮਾਹੌਲ ਖੁਦ ਵਿਗਾੜਨਾ ਚਾਹੁੰਦੀ ਹੈ। ਮਾਨ ਨੇ ਕਿਹਾ ਕਿ “ਸਰਬੱਤ ਖ਼ਾਲਸਾ” ’ਚ ਜਾਣ ਤੋਂ ਰੋਕਣ ਲਈ ਜੇਕਰ ਪੁਲਿਸ ਵੱਲੋਂ ਘਰਾਂ ’ਤੇ ਛਾਪੇ ਗਏ ਤਾਂ ਘਰ ’ਚ ਦਾਖਲ ਹੋਈ ਪੁਲਿਸ ਨੂੰ ਅੰਦਰ ਹੀ ਬੰਦ ਕਰ ਲਿਆ ਜਾਵੇ ਕਿਉਂਕਿ ਬਗੈਰ ਵਾਰੰਟ ਤੋਂ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਨੂੰ ਗੈਰਕਾਨੂੰਨੀ ਕਾਰਵਾਈਆਂ ਦੀ ਆਦਤ ਪੈ ਗਈ ਹੈ, ਜਿਸਨੂੰ ਦਰੁਸਤ ਕਰਨਾ ਹੈ।