ਸਿਆਸੀ ਖਬਰਾਂ

ਜੇਕਰ ਦੂਰਦਰਸ਼ਨ ਭਾਗਵਤ ਦਾ ਭਾਸ਼ਣ ਪ੍ਰਸਾਰਿਤ ਕਰ ਸਕਦਾ ਹੈ ਤਾਂ ਇਹ ਸਹੂਲਤ ਖਾਲਿਸਤਾਨ ਅਤੇ ਅਜ਼ਾਦ ਕਸ਼ਮੀਰ ਦੀ ਮੰਗ ਕਰਨ ਵਾਲਿਆਂ ਨੂੰ ਵੀ ਦੇਣੀ ਚਾਹੀਦੀ ਹੈ: ਕਲਕੱਤਾ

By ਸਿੱਖ ਸਿਆਸਤ ਬਿਊਰੋ

October 04, 2014

ਅੰਮ੍ਰਿਤਸਰ,( 3 ਅਕਤੂਬਰ, 2014): ਆਰ. ਐੱਸ. ਐੱਸ ਦੇ ਮੁੱਖੀ ਮੋਹਨ ਭਾਗਵਤ ਵੱਲੋਂ ਦਸਹਿਰੇ ਅਤੇ ਆਰ. ਐੱਸ. ਐੱਸ ਦੇ ਸਥਾਪਨਾ ਦਿਵਸ ‘ਤੇ ਦਿੱਤੇ ਭਾਸ਼ਣ ਦਾ ਭਾਰਤ ਦੇ ਸਰਕਾਰੀ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕਰਨ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਪੰਜਾਬ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਭਾਰਤ ਦੇ ਸੂਚਨਾ ‘ਤੇ ਪ੍ਰਸਾਰਣ ਮੰਤਰੀ ਵੱਲੋਂ ਦੂਰਦਰਸ਼ਨ ਦੀ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਦੱਸਣਾ ਕਿ ਜੇਕਰ ਨਿੱਜੀ ਚੈਨਲ ਅਜਿਹਾ ਪ੍ਰਸਾਰਣ ਕਰ ਸਕਦੇ ਹਨ ਤਾਂ ਦੂਰਦਰਸ਼ਨ ‘ਤੇ ਇਤਰਾਜ਼ ਕਿਉਂ ?

ਸ੍ਰ. ਕਲਕੱਤ ਨੇ ਕਿਹਾ ਕਿ ਜੇਕਰ ਭਾਰਤ ਦਾ ਸੂਚਨਾ ਮੰਤਰਾਲਾ ਭਾਰਤੀ ਸੰਵਿਧਾਨ ਦੇ ਉਲਟ ਜਾ ਕੇ ਘੱਟ ਗਿਣਤੀਆਂ ਦੀ ਹੋਂਦ ਅਤੇ ਹਸਤੀ ਨੂੰ ਚੁਣੌਤੀ ਦੇਣ ਵਾਲੀ, ਭਾਰਤ ਨੂੰ ਹਿੰਦੂ ਰਾਸ਼ਟਰ ਦੱਸਣ ਵਾਲੀ ਅਤੇ ਸਾਰੇ ਹੋਰ ਧਰਮਾਂ ਨੂੰ ਹਿੰਦੂ ਧਰਮ ਵਿੱਚ ਜ਼ਜਬ ਕਰਨ ਦੀਆਂ ਧਮਕੀਆਂ ਦੇਣ ਵਾਲੀ ਕੱਟੜ ਹਿੰਦੂਵਾਦੀ ਜੱਥੇਬੰਦੀ ਦੇ ਮੁੱਖੀ ਦੀ ਨਫਰਤ ਫੈਲਾਉਣ ਵਾਲਾ ਭਾਸ਼ਣ ਪ੍ਰਸਾਰਿਤ ਕਰ ਸਕਦਾ ਹੈ ਤਾਂ ਫਿਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੱਲੋਂ ਅਲੱਗ ਸਿੱਖ ਰਾਜ (ਖਾਲਿਸਤਾਨ) ਅਤੇ ਅਜ਼ਾਦ ਕਸ਼ਮੀਰ ਦੀ ਮੰਗ ਕਰਨ ਵਾਲ਼ਿਆਂ ਨੂੰ ਵੀ ਆਪਣੇ ਵਿਚਾਰ ਦੂਰਦਰਸ਼ਨ ਰਾਹੀਂ ਪ੍ਰਸਾਰਿਤ ਕਰਨ ਦੀ ਸਹੂਲਤ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ ਵਰਗੀਆਂ  ਫਿਰਕੂ ਹਿੰਦੂ ਜੱਥੇਬੰਦੀ ਦੇ ਮੁਖੀ ਦਾ ਇਸ ਤਰਾਂ ਸਰਕਾਰੀ ਟੈਲੀਵਿਜ਼ਨ ਰਾਂਹੀ ਪ੍ਰਸਾਰਣ ਕਰਨਾ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀਆਂ ਦੇ ਹੱਕ ਵਿੱਚ ਨਹੀਂ ਹੈ।

ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ ਦੇ ਸਲਾਨਾ ਸਥਾਪਨਾ ਦਿਨ ‘ਤੇ ਸੰਘ ਮੁਖੀ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਸਰਕਾਰੀ ਟੀ.ਵੀ ਚੈਨਲ ਵੱਲੋਂ ਵਿਖਾਏ ਜਾਣ ‘ਤੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਨਿਖੇਧੀ ਕੀਤੀ ਸੀ।ਭਾਗਵਤ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਹਿੰਦੂਤਵ ਭਾਰਤ ਦੀ ਕੌਮੀ ਪਛਾਣ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: