ਚੰਡੀਗੜ੍ਹ: ਕਾਂਗਰਸ ਦੇ ਬੰਗਾ ਤੋਂ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਸਫ਼ਾਈ ਦਿੱਤੀ ਹੈ ਕਿ ਉਸ ਨੇ ਵਿਧਾਨ ਸਭਾ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਸਗੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲ ਜੁੱਤਾ ਸੁੱਟਿਆ ਸੀ ਕਿਉਂਕਿ ਵਲਟੋਹਾ ਨੇ ਉਸ ਲਈ ਜਾਤੀਸੂਚਕ ਸ਼ਬਦ ਵਰਤੇ ਸਨ।
ਸੈਸ਼ਨ ਦੀ ਸਮਾਪਤੀ ਤੋਂ ਬਾਅਦ ਵਿਧਾਨ ਸਭਾ ਕੈਂਪਸ ਵਿੱਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਵਿਧਾਇਕ ਸੁਨੀਲ ਜਾਖੜ ਸਮੇਤ ਹੋਰ ਵਿਧਾਇਕਾਂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੂੰਢ ਨੇ ਕਿਹਾ ਕਿ ਵਲਟੋਹਾ ਨੇ ਵਿਧਾਨ ਸਭਾ ਵਿੱਚ ਉਸ ਨੂੰ ਗਾਲ੍ਹ ਕੱਢ ਕੇ ਕਿਹਾ ਸੀ ਕਿ ਉਨ੍ਹਾਂ ਇਕੱਲੇ ਨੇ ਹੀ ਕੁਝ ਜਾਤਾਂ ਦਾ ਠੇਕਾ ਲਿਆ ਹੋਇਆ ਹੈ।
ਇਸ ਮੌਕੇ ਉਨ੍ਹਾਂ ਦਾ ਮਨ ਭਰ ਆਇਆ ਅਤੇ ਉਨ੍ਹਾਂ ਕਿਹਾ ਕਿ ਉਹ ਦਲਿਤ ਵਿਰੋਧੀ ਸ਼ਬਦ ਸੁਣ ਕੇ ਆਪੇ ਤੋਂ ਬਾਹਰ ਹੋ ਗਏ ਸਨ ਜਿਸ ਕਾਰਨ ਜੁੱਤਾ ਲਾਹ ਕੇ ਵਲਟੋਹਾ ਵੱਲ ਸੁੱਟਿਆ ਸੀ। ਉਨ੍ਹਾਂ ਕਿਹਾ, “ਮੇਰੇ ਪਿਤਾ “ਅਤਿਵਾਦ” ਦੀ ਭੇਟ ਚੜ੍ਹੇ ਸਨ ਅਤੇ ਹੁਣ ਮੁੜ ਦਲਿਤਾਂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।” ਇਸ ਦੌਰਾਨ ਚੰਨੀ ਨੇ ਤਰਲੋਚਨ ਸਿੰਘ ਦੀ ਹਮਾਇਤ ਕਰਦਿਆਂ ਕਿਹਾ, “ਜੇ ਅੱਗੇ ਤੋਂ ਕੋਈ ਦਲਿਤ ਨੂੰ ਇਸ ਤਰ੍ਹਾਂ ਗਾਲ੍ਹਾਂ ਦੇਵੇਗਾ ਤਾਂ ਉਹ ਇਕ ਦੀ ਥਾਂ 100 ਜੁੱਤੇ ਮਾਰਨਗੇ।” ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਤੋਂ ਹੁਕਮਰਾਨ ਧਿਰ ਇਸ ਕਰ ਕੇ ਦੁਖੀ ਹੈ ਕਿਉਂਕਿ ਉਹ ਅਕਸਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਵਲਟੋਹਾ ਵੱਲੋਂ ਵਰਤੇ ਜਾਤੀਸੂਚਕ ਸ਼ਬਦਾਂ ਦੀ ਸ਼ਿਕਾਇਤ ਸਪੀਕਰ ਕੋਲ ਵੀ ਕੀਤੀ ਜਾਵੇਗੀ।
ਚੰਨੀ ਨੇ ਵਲਟੋਹਾ ਵੱਲੋਂ ਕਾਂਗਰਸ ਵਿਧਾਇਕਾਂ ਉਪਰ ਵਿਧਾਨ ਸਭਾ ’ਚ ਸ਼ਰਾਬ ਅਤੇ ਮੁਰਗੇ ਖਾਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਉਹ ਆਪਣੀ ਗ਼ਲਤੀ ਛੁਪਾਉਣ ਲਈ ਅਜਿਹੇ ਹੋਛੇ ਦੋਸ਼ ਲਾ ਰਹੇ ਹਨ।
ਦੂਸਰੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਵੀ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਤਰਲੋਚਨ ਸਿੰਘ ਨੇ ਸ਼ਰਾਬ ਦੀ ਲੋਰ ਵਿੱਚ ਜੁੱਤੀ ਸੁੱਟੀ ਹੈ ਕਿਉਂਕਿ ਕਾਂਗਰਸ ਵਿਧਾਇਕ ਵਿਧਾਨ ਸਭਾ ਵਿੱਚ ਹੀ ਸ਼ਰਾਬ ਅਤੇ ਮੀਟ-ਮੁਰਗੇ ਦੀ ਵਰਤੋਂ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਸੀ, ਉਸ ਵੇਲੇ ਉਹ ਚੁੱਪ ਬੈਠੇ ਸਨ ਅਤੇ ਤਰਲੋਚਨ ਸਿੰਘ ਨੇ ਜੁੱਤਾ ਮਜੀਠੀਆ ਵੱਲ ਹੀ ਮਿਥ ਕੇ ਸੁੱਟਿਆ ਸੀ। ਉਨ੍ਹਾਂ ਕਿਹਾ ਕਿ ਸੂੰਢ ਦੀ ਇਸ ਹਰਕਤ ਤੋਂ ਸੀਨੀਅਰ ਕਾਂਗਰਸ ਵਿਧਾਇਕ ਨਾਰਾਜ਼ ਹੋ ਗਏ ਤਾਂ ਬਾਅਦ ’ਚ ਉਨ੍ਹਾਂ ਆਪਣੀ ਗ਼ਲਤੀ ਛੁਪਾਉਣ ਲਈ ਝੂਠੀ ਕਹਾਣੀ ਘੜੀ ਹੈ। ਅਕਾਲੀ ਦਲ ਦੇ ਵਿਧਾਇਕ ਨੇ ਕਿਹਾ ਕਿ ਜੇ ਵਿਧਾਨ ਸਭਾ ਦੇ ਰਿਕਾਰਡ ਵਿੱਚ ਉਨ੍ਹਾਂ ਵੱਲੋਂ ਕਿਸੇ ਜਾਤ ਬਾਰੇ ਗਲਤ ਸ਼ਬਦ ਵਰਤਣ ਦੀ ਗੱਲ ਸਾਬਿਤ ਹੁੰਦੀ ਹੈ ਤਾਂ ਉਹ ਸਿਆਸਤ ਛੱਡ ਦੇਣਗੇ, ਨਹੀਂ ਤਾਂ ਕਾਂਗਰਸ ਤਰਲੋਚਨ ਸਿੰਘ ਨੂੰ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ਲਵੇ। ਅਕਾਲੀ ਦਲ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਧਾਇਕਾਂ ਜਸਟਿਸ ਨਿਰਮਲ ਸਿੰਘ, ਸੋਮ ਪ੍ਰਕਾਸ਼, ਦੇਸਰਾਜ ਧੁੱਗਾ, ਪਵਨ ਕੁਮਾਰ ਟੀਨੂ, ਐਸ ਆਰ ਕਲੇਰ, ਮਹਿੰਦਰ ਕੌਰ ਜੋਸ਼ ਆਦਿ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਦੋਸ਼ ਲਾਇਆ ਕਿ ਤਰਲੋਚਨ ਸਿੰਘ ਵੱਲੋਂ ਜੁੱਤੀ ਸੁੱਟਣ ਅਤੇ ਵਿਰੋਧੀ ਧਿਰ ਦੇ ਆਗੂ ਚੰਨੀ ਵੱਲੋਂ ਸਦਨ ਵਿਚ ਵਰਤੇ ਜਾ ਰਹੇ ਅਸੱਭਿਅਕ ਸ਼ਬਦਾਂ ਕਾਰਨ ਦਲਿਤ ਭਾਈਚਾਰੇ ਨੂੰ ਠੇਸ ਪੁੱਜੀ ਹੈ।