ਪੰਜਾਬ ਦੀ ਰਾਜਨੀਤੀ

ਬਾਦਲ ਐਂਡ ਕੰਪਨੀ ਨੂੰ ਜੇਲ੍ਹ ਭੇਜਣ ਤੱਕ ਪੰਜਾਬ ਵਿੱਚ ਹੀ ਡੱਟ ਕੇ ਬੈਠਾਂਗਾ: ਅਰਵਿੰਦ ਕੇਜਰੀਵਾਲ

By ਸਿੱਖ ਸਿਆਸਤ ਬਿਊਰੋ

September 08, 2016

ਚੰਡੀਗੜ੍ਹ/ਲੁਧਿਆਣਾ: ਚਾਰ ਦਿਨਾਂ ਦੌਰੇ ਉੱਤੇ ਪੰਜਾਬ ਪਹੁੰਚੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤਾਧਾਰੀ ਬਾਦਲ ਸਰਕਾਰ ਨੂੰ ਲਲਕਾਰਦੇ ਹੋਏ ਕਿਹਾ ਕਿ ਉਹ ਪੰਜਾਬ ਵਿੱਚ ਉਦੋਂ ਤੱਕ ਡੇਰਾ ਜਮਾਏ ਰੱਖਣਗੇ, ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਬਾਦਲ ਐਂਡ ਕੰਪਨੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਕਰ ਦਿੰਦੇ।

ਝਾਂਡੇ ਪਿੰਡ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਮੈਂ ਇੱਥੇ ਖੂੰਡਾ ਗੱਡਕੇ ਬੈਠਾਂਗਾ, ਬਾਦਲਾਂ ਨੂੰ ਜੇਲ੍ਹ ਵਿੱਚ ਭੇਜ ਕੇ ਹੀ ਵਾਪਸ ਮੁੜਾਂਗਾ’

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਉਹ ਬਾਘਾ ਪੁਰਾਣਾ ਵਿੱਚ 11 ਸਤੰਬਰ ਨੂੰ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕਰਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਸਮੇਂ ਸਭ ਤੋਂ ਖੁਸ਼ਹਾਲ ਮੰਨਿਆ ਜਾਂਦਾ ਪੰਜਾਬ ਦਾ ਕਿਸਾਨ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਅੱਜ ਆਤਮ-ਹੱਤਿਆਵਾਂ ਕਰਨ ਨੂੰ ਮਜਬੂਰ ਹੋ ਗਿਆ ਹੈ। ਖੇਤੀਬਾੜੀ ਘਾਟੇ ਦਾ ਧੰਦਾ ਬਣ ਕੇ ਰਹਿ ਗਈ ਹੈ, ਪਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਬਹਾਲ ਕਰਨ ਲਈ ਪੰਜਾਬ ਦੇ ਕਿਸਾਨਾਂ ਵਿੱਚ ਬੈਠ ਕੇ ਉਨ੍ਹਾਂ ਦੇ ਸਲਾਹ ਮਸ਼ਵਰੇ ਦੇ ਅਧਾਰ ‘ਤੇ ਹੀ ਕਿਸਾਨ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰਜ਼ ਦੇ ਬੋਝ ਤੋਂ ਦੁੱਖੀ ਪੰਜਾਬ ਦੇ ਕਿਸਾਨਾਂ ਨੂੰ ਕਰਜ਼ ਤੋਂ ਮੁੱਕਤੀ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਛੋਟੇ ਅਤੇ ਗਰੀਬ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ। ਬਾਕੀ ਕਿਸਾਨਾਂ ਨੂੰ ਕਰਜ਼ ਦੇ ਵਿਆਜ਼ ਤੋਂ ਛੁੱਟ ਦਿੱਤੀ ਜਾਵੇਗੀ। ਦਸੰਬਰ 2018 ਤੱਕ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਕਰਜ਼ ਮੁਕੱਤ ਕਰ ਦਿੱਤਾ ਜਾਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਉੱਤੇ ਹੁਣ ਹਰ ਤਰੀਕੇ ਨਾਲ ਹਮਲੇ ਕੀਤੇ ਜਾਣਗੇ। ‘ਲੁਧਿਆਣਾ ਵਿੱਚ ਮੇਰੀ ਗੱਡੀ ਉੱਤੇ ਵੀ ਲੋਹੇ ਦੀ ਰਾਡ ਨਾਲ ਹਮਲਾ ਹੋਇਆ। ਮਲੋਟ ਰੈਲੀ ਵਿੱਚ ਸੰਸਦ ਭਗਵੰਤ ਮਾਨ ਉੱਤੇ ਹਮਲਾ ਕਰਵਾਇਆ ਗਿਆ ਅਤੇ ਭਵਿੱਖ ਵਿਚ ਹੋਰ ਵੀ ਹਮਲੇ ਹੋਣਗੇ। ਇਹ ਵਿਰੋਧੀ ਲੋਕ ਸਭ ਕੁਝ ਕਰਵਾਉਣਗੇ ਪਰ ਅਸੀਂ ਡਰਨ ਵਾਲੇ ਨਹੀਂ, ਅਸੀਂ ਜਾਨ ਤੱਲੀ ‘ਤੇ ਧਰ ਕੇ ਤੁਰਦੇ ਹਾਂ ਪੂਰਾ ਪੰਜਾਬ ਸਾਡੇ ਨਾਲ ਹੈ’।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਸਾਡੇ ਵਿਰੋਧੀ ਸਾਡੇ ‘ਤੇ ਹਰ-ਰੋਜ਼ ਚਿੱਕੜ ਸੁੱਟ ਰਹੇ ਹਨ। ਸਾਡੇ ਵਿਰੋਧੀ ਸਾਡੇ ਖਿਲਾਫ ਝੂਠਾ ਅਤੇ ਗਲਤ ਪ੍ਰਚਾਰ ਕਰਣਗੇ, ਫਰਜ਼ੀ ਸੀਡੀਆਂ ਸਾਹਮਣੇ ਲਿਆਉਣਗੇ ਅਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ। ਸਾਨੂੰ ਸੂਚਨਾ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਖਿਲਾਫ ਸੁਖਬੀਰ ਬਾਦਲ ਨੇ 63 ਫਰਜ਼ੀ ਸੀਡੀਆਂ ਤਿਆਰ ਕਰਵਾਇਆਂ ਹਨ। ਰੋਜ਼ਾਨਾ ਦੋ-ਚਾਰ ਕੱਢਕੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਣ ਦੀ ਕੋਸ਼ਿਸ਼ ਕਰਣਗੇ। ਆਪਣੇ ਨਿੱਜੀ ਚੈਨਲ ਉੱਤੇ ਵਾਰ-ਵਾਰ ਦਿਖਾਉਣਗੇ, ਪਰੰਤੂ ਪੰਜਾਬ ਦੇ ਲੋਕ ਸਮਝਦਾਰ ਹਨ, ਇਹਨਾਂ ਦੀ (ਬਾਦਲਾਂ) ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹਿਣਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਫਰੀਦਕੋਟ ਤੋਂ ਸੰਸਦ ਪ੍ਰੋ. ਸਾਧੂ ਸਿੰਘ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: