ਆਮ ਖਬਰਾਂ

ਸੁਰਜੀਤ ਸਿੰਘ ਵਲੋਂ ਆਪਣੇ ਆਪ ਨੂੰ ਭਾਰਤੀ ਖੁਫੀਆ ਏਜੰਸੀ ਰਾਅ ਦਾ ‘ਜਾਸੂਸ’ ਐਲਾਨਣ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਹੱਥਾਂ-ਪੈਰਾਂ ਦੀ ਪਾਈ

July 4, 2012 | By

ਵਾਸ਼ਿੰਗਟਨ (ਡੀ. ਸੀ.) (4 ਜੁਲਾਈ, 2012 – ਡਾ. ਅਮਰਜੀਤ ਸਿੰਘ): ਅੱਜਕੱਲ੍ਹ ਭਾਰਤੀ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਵਿੱਚ, ਜਿਸ ਸ਼ਖਸੀਅਤ ਦੀ ਸਭ ਤੋਂ ਵੱਧ ਚਰਚਾ ਹੈ, ਉਹ ਹੈ 31 ਸਾਲ ਪਾਕਿਸਤਾਨੀ ਜੇਲ੍ਹਾਂ ਵਿੱਚ ਰੁਲਣ ਤੋਂ ਬਾਅਦ, ਪਿਛਲੇ ਦਿਨੀਂ ਵਾਘਾ ਸਰਹੱਦ ਰਾਹੀਂ ਵਾਪਸ ਪਰਤੇ ਭਾਰਤੀ ‘ਜਾਸੂਸ’ ਸੁਰਜੀਤ ਸਿੰਘ ਦੀ। ਜ਼ਿਲ੍ਹਾ ਫਿਰੋਜ਼ਪੁਰ ਦੇ ਫਿੱਡੇ ਪਿੰਡ ਦੇ ਮੂਲ ਨਿਵਾਸੀ ਸੁਰਜੀਤ ਸਿੰਘ (ਅਸਲੀ ਨਾਂ ਮੱਖਣ ਸਿੰਘ, ਪਾਕਿਸਤਾਨੀ ਨਾਂ ਅਨਵਰ) ਨੇ, ਭਾਰਤੀ ਹਦੂਦ ਅੰਦਰ ਦਾਖਲ ਹੁੰਦਿਆਂ, ਮੀਡੀਏ ਨਾਲ ਕੀਤੀ ਪਹਿਲੀ ਮਿਲਣੀ ਵਿੱਚ, ਬੜੀ ਇਮਾਨਦਾਰੀ ਨਾਲ ਸਵਾਲਾਂ ਦੇ ਜਵਾਬ ਦਿੱਤੇ। ਪੂਰੇ ਖਾਲਸਾਈ ਜਾਹੋ-ਜਲਾਲ ਵਾਲੀ ਰੌਂਅ ਵਿੱਚ ਉਸਨੇ ਜਿੱਥੇ ਪਾਕਿਸਤਾਨੀ ਜੇਲ੍ਹਾਂ ਵਿੱਚ ਭਾਰਤੀ ਕੈਦੀਆਂ ਨਾਲ ਹੁੰਦੇ ਚੰਗੇ ਸਲੂਕ ਦੀ ਖੁੱਲ੍ਹ ਕੇ ਤਾਰੀਫ ਕੀਤੀ, ਉ¤ਥੇ ਉਸਨੇ ਇਹ ਇੰਕਸ਼ਾਫ ਵੀ ਕੀਤਾ ਕਿ ਉਹ ਭਾਰਤੀ ਖੁਫੀਆ ਏਜੰਸੀ ਰਾਅ ਅਤੇ ਮਿਲੀਟਰੀ ਇੰਟੈਲੀਜੈਂਸ ਦੇ ‘ਜਾਸੂਸ’ ਵਜੋਂ ਕੰਮ ਕਰਦਾ ਰਿਹਾ ਹੈ ਅਤੇ ਇਸ ਕਾਰਣ ਹੀ ਉਸਦੀ ਗ੍ਰਿਫਤਾਰੀ ਹੋਈ ਸੀ। ਸੁਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਕਿਸੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਨਹੀਂ ਕਿਹਾ ਜਾਂਦਾ ਪਰ ਆਪਣੇ ਬੰਦੇ ਸਜ਼ਾ ਮਾਫ ਕਰਵਾਉਣ ਲਈ ਖੁਦ ਹੀ ਮੁਸਲਮਾਨ ਬਣ ਜਾਂਦੇ ਹਨ – ਜਿਵੇਂ ਕਿ ਸਰਬਜੀਤ ਸਿੰਘ ਤੇ ਕਿਰਪਾਲ ਸਿੰਘ ਨੇ ਕੀਤਾ ਹੈ। ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤ-ਮਸਤਕ ਹੋਣ ਤੋਂ ਬਾਅਦ ਸੁਰਜੀਤ ਸਿੰਘ ਨੇ ਕਿਹਾ, ‘ਮੇਰੀ ਅਕਾਲਪੁਰਖ ਅੱਗੇ ਇੱਕੋ ਅਰਦਾਸ ਸੀ ਕਿ ਕਦੀ ਮੈਂ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਂ, ਜਿਹੜੀ ਇੱਛਾ ਕਿ ਵਾਹਿਗੁਰੂ ਨੇ ਪੂਰੀ ਕੀਤੀ ਹੈ।’ ਸੁਰਜੀਤ ਸਿੰਘ ਸਿੱਖੀ ਵਿਸ਼ਵਾਸ, ਦ੍ਰਿੜਤਾ ਅਤੇ ਸਾਫਗੋਈ ਕਰਕੇ ਸਾਰੇ ਪਾਸੇ (ਸਮੇਤ ਇੰਟਰਨੈਟ ਦੇ, ਜਿੱਥੇ ਉਨ੍ਹਾਂ ਦੇ ਸਟੈਂਡ ਦੀ ਸਰਾਹਨਾ ਕੀਤੀ ਜਾ ਰਹੀ ਹੈ) ਛਾਏ ਹੋਏ ਹਨ।

ਸੁਰਜੀਤ ਸਿੰਘ ਦੇ ‘ਇੰਕਸ਼ਾਫਾਂ’ ਨੇ, ਜੇ ਕਿਸੇ ਮਹਿਕਮੇ ਦੀ ਸਭ ਤੋਂ ਜ਼ਿਆਦਾ ਨੀਂਦ ਹਰਾਮ ਕੀਤੀ ਹੈ ਤਾਂ ਉਹ ਹੈ ਗ੍ਰਹਿ ਮੰਤਰਾਲਾ। ਭਾਰਤੀ ਗ੍ਰਹਿ ਮੰਤਰਾਲੇ ਨੇ ਹਾਲੀਆ ਵਿੱਚ ‘ਸਾਊਦੀ ਅਰਬ’ ਤੋਂ ਫੜ੍ਹ ਕੇ ਲਿਆਂਦੇ ਮੁੰਬਈ ਦਹਿਸ਼ਤਗਰਦ ਹਮਲਿਆਂ ਦੇ ਇੱਕ ਸਾਜ਼ਸ਼ੀ (ਜਿਸ ਕੋਲ ਪਾਕਿਸਤਾਨੀ ਪਾਸਪੋਰਟ ਸੀ) ਨੂੰ ਅਧਾਰ ਬਣਾ ਕੇ, ਪਾਕਿਸਤਾਨ ’ਤੇ ਭਾਰੀ ਦਬਾਅ ਬਣਾਇਆ ਹੋਇਆ ਸੀ। ਸੁਰਜੀਤ ਸਿੰਘ ਦੇ ਮੂੰਹ ਖੋਲ੍ਹਣ ਨਾਲ ਇਹ ਤੱਥ ਜ਼ਾਹਰ ਹੋਇਆ ਕਿ ਦੋਵੇ ਦੇਸ਼, ਇੱਕ ਦੂਸਰੇ ਦੀ ਹਦੂਦ ਅੰਦਰ ਦਹਿਸ਼ਤਗਰਦੀ ਅਤੇ ਜਾਸੂਸੀ ਦੀਆਂ ਕਾਰਵਾਈਆਂ ਲਈ, ‘ਭਾੜੇ ਦੇ ਟੱਟੂਆਂ’ ਨੂੰ ਵਰਤ ਰਹੀਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਜੇਲ੍ਹ ’ਚੋਂ 35 ਸਾਲ ਬਾਅਦ ਰਿਹਾਅ ਹੋ ਕੇ ਆਏ ਕਸ਼ਮੀਰ ਸਿੰਘ ਨੇ ਵੀ ‘ਭਾਰਤੀ ਜਾਸੂਸ’ ਹੋਣ ਦਾ ਦਾਅਵਾ ਕਰਦਿਆਂ, ਬੀ. ਬੀ. ਸੀ. ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, ‘ਜਿਸ ਦੇਸ਼ ਦੀ ਸੇਵਾ ਲਈ ਮੈਂ ਆਪਣਾ ਧਰਮ ਵੀ ਗਵਾਇਆ, ਉਸ ਦੀਆਂ ਏਜੰਸੀਆਂ ਨੇ ਮੇਰੇ ਟੱਬਰ ਦੀ ਵੀ ਸਾਰ ਨਹੀਂ ਲਈ।’ ਸੁਰਜੀਤ ਸਿੰਘ ਨੇ ਵੀ ਭਾਰਤੀ ਏਜੰਸੀਆਂ ’ਤੇ ਇਹੋ ਜਿਹਾ ਦੋਸ਼ ਹੀ ਲਾਇਆ ਹੈ। ਸੁਰਜੀਤ ਸਿੰਘ ਦੇ ਮੀਡੀਆ ਇੰਟਰਵਿਊ ਤੋਂ ਫੌਰਨ ਬਾਅਦ, ਗ੍ਰਹਿ ਮੰਤਰਾਲੇ ਦੇ ਸਕੱਤਰ ਆਰ. ਕੇ. ਸਿੰਘ ਨੇ, ਇੱਕ ਪ੍ਰੈਸ ਕਾਨਫਰੰਸ ਕਰਕੇ ਸੁਰਜੀਤ ਸਿੰਘ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ, ‘ਜੋ ਕੁਝ ਸੁਰਜੀਤ ਸਿੰਘ ਕਹਿ ਰਿਹਾ ਹੈ, ਉਹ ਸੱਚ ਨਹੀਂ ਹੈ। ਸਾਡਾ, ਪਾਕਿਸਤਾਨ ਵਿੱਚ ਕੋਈ ਜਾਸੂਸ ਨਹੀਂ ਹੈ। ਇਸ ਕਿਸਮ ਦੇ ਦਾਅਵੇ, ਆਪਣੇ ਆਪ ਨੂੰ ‘ਅਹਿਮ’ ਸਾਬਤ ਕਰਨ ਲਈ ਕੀਤੇ ਜਾ ਰਹੇ ਹਨ….’ ਸੁਰਜੀਤ ਸਿੰਘ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਉਹ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਏਗਾ ਅਤੇ ਭਾਰਤੀ ਹਾਕਮਾਂ ਤੋਂ ਬਣਦਾ ਮੁਆਵਜ਼ਾ ਵੀ ਲਵੇਗਾ ਅਤੇ ਆਪਣੇ ਆਪ ਨੂੰ ਜਾਸੂਸ ਸਾਬਤ ਕਰੇਗਾ।

ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਰਾਜ ਸਭਾ ਮੈਂਬਰ ਸ. ਮਨੋਹਰ ਸਿੰਘ ਗਿੱਲ ਨੇ, ਇਸ ਸਬੰਧੀ ਪੂਰੀ ‘ਯਥਾਰਥਕ’ ਪਹੁੰਚ ਅਪਣਾਉਂਦਿਆਂ, ਮੀਡੀਏ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ, ‘‘ਸਾਨੂੰ ਇਸ ਸਬੰਧੀ ਇੱਕ ਨੀਤੀ ਬਣਾਉਣ ਦੀ ਲੋੜ ਹੈ। ਜਿਹੜੇ ਅੰਡਰਕਵਰ ਏਜੈਂਟ (ਜਾਸੂਸ) ਦੇ ਤੌਰ ’ਤੇ ਕੰਮ ਕਰਦਿਆਂ, ਫੜ੍ਹੇ ਜਾਂਦੇ ਹਨ ਅਤੇ ਕਈ ਕਈ ਵਰ੍ਹੇ ਜੇਲ੍ਹਾਂ ਵਿੱਚ ਰੁਲਦੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਉਨ੍ਹਾਂ ਖੁਫੀਆ ਏਜੰਸੀਆਂ ਦੀ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਹੁੰਦਾ ਹੈ। ……ਸੁਰਜੀਤ ਸਿੰਘ ਦੀ ਪਤਨੀ ਨੂੰ ਟੱਬਰ ਪਾਲਣ ਲਈ ਕਿੰਨੇ ਜਫਰ ਜਾਲਣੇ ਪਏ। ਜਿਨ੍ਹਾਂ ਏਜੰਸੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ, ਉਹ ਪੂਰੀ ਤਰ੍ਹਾਂ ਭਗੌੜੀਆਂ ਹੋ ਗਈਆਂ। ਕੀ ਇਸ ਟੱਬਰ ਦੀ ਸਾਰ ਲੈਣੀ ਉਨ੍ਹਾਂ ਦਾ ਫਰਜ਼ ਨਹੀਂ ਸੀ? ਮੈਂ ਪਾਰਲੀਮੈਂਟ ਵਿੱਚ ਇਹ ਸਵਾਲ ਚੁੱਕਾਂਗਾ ਅਤੇ ਇਸ ਦਾ ਸਰਕਾਰ ਤੋਂ ਜਵਾਬ ਮੰਗਾਂਗਾ। ਇਹ ਇੱਕ ਹਕੀਕਤ ਹੈ ਕਿ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ, ਇੱਕ ਦੂਸਰੇ ਦੇ ਦੇਸ਼ ਵਿੱਚ ਆਪਣੇ ਜਾਸੂਸ ਭੇਜਦੀਆਂ ਹਨ। ਭਾਰਤ ਤੇ ਪਾਕਿਸਤਾਨ ਸੱਭਿਅਕ ਦੇਸ਼ਾਂ ਵਾਂਗ, ਆਪਣੇ ਕੈਦ ਜਾਸੂਸਾਂ ਦਾ ਉਵੇਂ ਹੀ ਆਦਾਨ-ਪ੍ਰਦਾਨ ਕਰਨ ਜਿਵੇਂ ਕਿ ਪਿੱਛੇ ਜਿਹੇ ਰੂਸ ਅਤੇ ਅਮਰੀਕਾ ਨੇ ਕੀਤਾ ਸੀ……’’ ਅਸੀਂ ਸ. ਮਨੋਹਰ ਸਿੰਘ ਗਿੱਲ ਦੀ ਪਹੁੰਚ ਨਾਲ ਪੂਰੀ ਤਰ੍ਹਾਂ ਸਮਿਹਤ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਆਪਣੀ ਪਾਰਟੀ (ਕਾਂਗਰਸ) ਦੇ ਗ੍ਰਹਿ ਮੰਤਰੀ ਨੂੰ ਵੀ ਇਹ ਗੱਲਾਂ ਚੰਗੀ ਤਰ੍ਹਾਂ ਸਮਝਾ ਦੇਣ ਕਿਉਂਕਿ ਉਹ ਤਾਂ ਸਾਫ ਹੀ ਮੁੱਕਰ ਗਏ ਹਨ ਕਿ ਸਾਡਾ ਪਾਕਿਸਤਾਨ ਵਿੱਚ ਕੋਈ ਜਾਸੂਸ ਹੀ ਨਹੀਂ ਹੈ….ਜੈ ਬੋਲੋ ਬੇਈਮਾਨ ਕੀ!

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,