ਨਵੀਂ ਦਿੱਲੀ: ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਵਿਵਾਦਤ ਫੈਸਲਿਆਂ ਬਾਰੇ ਭਾਰਤੀ ਸੁਪਰੀਮ ਕੋਰਟ ਕੋਲੋਂ ਉਸ ਨੂੰ ਬਹੁਤੀ ਉਮੀਦ ਨਹੀਂ ਹੈ। ਉਸਨੇ ਇਹ ਗੱਲ ਕੌਮਾਂਤਰੀ ਖਬਰ ਅਦਾਰੇ ਅਲਜਜ਼ੀਰਾ ਨਾਲ ਬੁੱਧਵਾਰ (25 ਦਸੰਬਰ ਨੂੰ) ਕੀਤੀ ਗੱਲਬਾਤ ਦੌਰਾਨ ਕਹੀ।
ਇਹ ਸਵਾਲ ਪੁੱਛੇ ਜਾਣ ਉੱਤੇ ਕਿ ਭਾਰਤੀ ਸੁਪਰੀਮ ਕੋਰਟ ਅਗਲੇ ਮਹੀਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਦਰਜਨਾਂ ਅਰਜ਼ੀਆਂ ਸੁਣਨ ਜਾ ਰਿਹਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਇਨ੍ਹਾਂ ਨੂੰ (ਮੋਦੀ ਸਰਕਾਰ ਨੂੰ) ਰੋਕੇਗਾ? ਤਾਂ ਅਰੁੰਧਤੀ ਰਾਏ ਨੇ ਕਿਹਾ ”ਵੇਖੋ, ਮੈਨੂੰ ਪਤਾ ਨਹੀਂ… ਮੈਨੂੰ ਉਨ੍ਹਾਂ (ਸੁਪਰੀਮ ਕੋਰਟ) ਤੋਂ ਬਹੁਤੀ ਉਮੀਦ ਨਹੀਂ ਹੈ”।
ਅਸਾਮ ਦੀ ਉਦਾਹਰਨ ਦਿੰਦਿਆਂ ਅਰੁੰਧਤੀ ਰਾਏ ਨੇ ਕਿਹਾ ਕਿ ਸਰਕਾਰ ਨੇ ਅਸਾਮ ਵਿੱਚ ਨਾਗਰਿਕਤਾ ਰਜਿਸਟਰ ਬਣਾ ਲਿਆ ਜਦਕਿ ਸੁਪਰੀਮ ਕੋਰਟ ਹਾਲੀ ਵੀ ਇਸੇ ਗੱਲ ਉੱਤੇ ਹੀ ਵਿਚਾਰ ਕਰ ਰਿਹਾ ਹੈ ਕਿ ਕੀ ਅਜਿਹਾ ਰਜਿਸਟਰ ਬਣਾਉਣਾ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ?
ਉਸ ਨੇ ਕਿਹਾ ਕਿ ਅਸਾਮ ਵਿੱਚ ਜੋ ਵੀ ਨੁਕਸਾਨ ਹੋਣਾ ਸੀ ਉਹ ਤਾਂ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਸੁਪਰੀਮ ਕੋਰਟ ਅਜੇ ਵੀ ਲੰਮੀਆਂ ਸੁਣਵਾਈਆਂ ਹੀ ਕਰ ਰਿਹਾ ਹੈ।
ਅਸਾਮ ਵਿੱਚ ਇਹ ਸਾਰੀ ਕਾਰਵਾਈ ਕਾਰਨ ਜਿਸ ਭਿਆਨਕਤਾ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਹੈ ਉਸ ਬਾਰੇ ਬਾਕੀ ਉਪ-ਮਹਾਂਦੀਪ ਵਿੱਚ ਰਹਿਣ ਵਾਲੇ ਬਹੁਤ ਘੱਟ ਲੋਕ ਜਾਣਦੇ ਹਨ, ਉਹਨੇ ਕਿਹਾ।
ਅਰੁੰਧਤੀ ਰਾਏ ਨੇ ਅੱਗੇ ਕਿਹਾ ਕਿ ਮੈਂ ਉਮੀਦ ਤਾਂ ਕਰ ਸਕਦੀ ਹਾਂ ਪਰ ਜੋ ਕੁਝ ਸੁਪਰੀਮ ਕੋਰਟ ਕਰ ਰਿਹਾ ਹੈ ਉਸ ਤੋਂ ਵੱਧ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਹਾਲੀ ਤਾਂ ਸੁਪਰੀਮ ਕੋਰਟ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਏਜੰਡੇ ਦੇ ਰਾਹ ਵਿੱਚ ਕਿਤੇ ਵੀ ਖੜ੍ਹਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਮੈਂ ਉਮੀਦ ਤਾਂ ਕਰਦੀ ਹਾਂ ਪਰ ਮੈਨੂੰ ਸੁਪਰੀਮ ਕੋਰਟ ਤੋਂ ਬਹੁਤੀ ਉਮੀਦ ਨਹੀਂ ਹੈ, ਕੌਮਾਂਤਰੀ ਬੁੱਕਰ ਇਨਾਮ ਜੇਤੂ ਲੇਖਿਕਾ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ।
Θ ਅਲਜਜ਼ੀਰਾ ਵੱਲੋਂ ਅਰੁੰਧਤੀ ਰਾਏ ਨਾਲ ਕੀਤੀ ਗੱਲਬਾਤ ਸੁਣੋ :