March 24, 2012 | By ਸਿੱਖ ਸਿਆਸਤ ਬਿਊਰੋ
ਪਟਿਆਲਾ, ਪੰਜਾਬ (24 ਮਾਰਚ, 2012): ਫਾਂਸੀ ਦੀ ਸਜਾ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਭੈਣ ਬੀਬੀ ਕਮਲਜੀਤ ਕੌਰ ਨੇ ਅੱਜ ਉਨ੍ਹਾਂ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਤੇ ਭਾਈ ਰਾਜੋਆਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ 23 ਮਾਰਚ, 2012 ਨੂੰ ਲਏ ਗਏ ਫੈਸਲੇ ਤੋਂ ਜਾਣੂ ਕਰਵਾਇਆ। ਬਾਅਦ ਵਿਚ ਪਟਿਆਲਾ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਲਵੰਤ ਸਿੰਘ ਦਾ ਲਿਖਤੀ ਸੰਦੇਸ਼ ਪੜ੍ਹਿਆ ਜਿਸ ਵਿਚ ਕਿਹਾ ਗਿਆ ਹੈ ਕਿ ਭਾਈ ਬਲਵੰਤ ਸਿੰਘ ਬਾਰੇ ਜੋ ਸਾਰੇ ਪੰਥ ਦੀਆਂ ਭਾਵਨਾਵਾਂ ਹਨ ਉਹ ਉਨ੍ਹਾਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਅਨੁਸਾਰ ਜਿੰਦਾ ਅਤੇ ਸ਼ਹੀਦ ਵੱਖ-ਵੱਖ ਗੱਲਾਂ ਹਨ। ਜਾਂ ਤਾਂ ਕੋਈ ਸ਼ਹੀਦ ਹੋ ਸਕਦਾ ਹੈ ਤੇ ਜਾਂ ਫਿਰ ਜਿੰਦਾ, ਇਸ ਲਈ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ “ਜਿੰਦਾ-ਸ਼ਹੀਦ” ਦਾ ਖਿਤਾਬ ਰੱਦ ਕਰ ਦਿੱਤਾ ਹੈ। ਕਮਲਜੀਤ ਕੌਰ ਨੇ ਜੋ ਸੁਨੇਹਾ ਪੱਤਰਕਾਰਾਂ ਸਾਹਮਣੇ ਪੜ੍ਹਿਆ ਉਸ ਅਨੁਸਾਰ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮੰਨਣਾ ਹੈ ਕਿ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਆਉਂਦੇ ਸਮੇਂ ਵਿਚ ਸ਼ਹੀਦੀ ਕਾਫਲੇ ਉੱਤੇ ਮਾੜਾ ਅਸਰ ਪਵੇਗਾ ਅਤੇ ਹਰ ਕੋਈ ਜਿੰਦਾ ਹੀ ਸ਼ਹੀਦ ਬਣਨ ਬਾਰੇ ਸੋਚ ਸਕਦਾ ਹੈ।