ਕੁਝ ਚਿਰ ਪਹਿਲਾਂ ਪੱਛਮ ਦੇ ਦੋ ਪ੍ਰੋਫੈਸਰਾਂ ਨੇ ਇਕ ਕਿਤਾਬ ਛਾਪੀ ਸੀ ਜਿਸ ਵਿਚ ਬੰਦੇ ਅਤੇ ਬੋਲੀ ਨੂੰ ਜੋੜ ਕੇ ਪੜਤਾਲਿਆ ਗਿਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਹੱਦਾਂ ਤੋੜੀਆਂ ਕਿ ਸ਼ਬਦਾਂ ਦਾ ਵਿਖਾਈ ਦਿੰਦਾ ਜਾਂ ਬੋਲਿਆ ਜਾਂਦਾ ਰੂਪ ਹੀ ਬੋਲੀ ਹੁੰਦਾ ਹੈ। ਲਫ਼ਜ਼ਾਂ ਦੀ ਚੋਣ ਅਤੇ ਬੋਲਣ ਦਾ ਢੰਗ ਹੀ ਨਹੀਂ ਸਗੋਂ ਇਸ ਤੋਂ ਵੀ ਅੱਗੇ, ਸੋਚਣ ਦਾ ਢੰਗ, ਉਸ ਦੀ ਅੰਦਰੂਨੀ ਅਸਲ ਸ਼ੈਅ ਬੋਲੀ ਹੁੰਦੀ ਹੈ। ਪੱਛਮ ਵਿਚ ਜਿਸ ਤਰ੍ਹਾਂ ਬੋਲੀ ਸਬੰਧੀ ਖੋਜ ਬਾਰੇ ਧੜਾ-ਧੜ ਕਿਤਾਬਾਂ ਆ ਰਹੀਆਂ ਹਨ, ਉਸ ਦਾ ਅੰਦਾਜ਼ਾ ਤਾਂ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਬੋਲੀ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ। ਗੁਰੂ ਸਾਹਿਬਾਨ ਨੇ ਵੀ ਗੁਰਬਾਣੀ ਵਿਚ ਕਈ ਥਾਵਾਂ ’ਤੇ ਬੋਲੀ ਦੇ ਮਹੱਤਵ ਨੂੰ ਪ੍ਰਗਟਾਇਆ ਹੈ।
ਕੌਮਾਂਤਰੀ ਸਥਿਤੀ
ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਬੋਲੀਆਂ ਸਬੰਧੀ ਕਈ ਰਿਪੋਰਟਾਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਵਿਚ ਮਰ ਰਹੀਆਂ ਬੋਲੀਆਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ। ਆਪਣੀ ਹੋਂਦ ਨੂੰ ਲੈ ਕੇ ਖ਼ਤਰੇ ’ਚ ਪਈਆਂ ਬੋਲੀਆਂ ਵਿਚ ਪੰਜਾਬੀ ਵੀ ਸ਼ਾਮਿਲ ਹੈ, ਜਿਸ ਵਿਚ ਰਤਾ ਵੀ ਅਤਿਕਥਨੀ ਨਹੀਂ ਹੈ। ਇਸੇ ਕਰਕੇ ਅਸੀਂ ਸਾਰੇ ਪੰਜਾਬੀ ਨੂੰ ਬਚਾਉਣ ਲਈ ਪੱਬਾਂ ਭਾਰ ਹੋ ਰਹੇ ਹਾਂ। ਜਿਹੜੇ ਦਲੀਲਾਂ ਦਿੰਦੇ ਹਨ ਕਿ ਪੰਜਾਬੀ ਬੋਲੀ ਕੈਨੇਡਾ ਵਿਚ ਉ¤ਭਰ ਰਹੀ ਹੈ ਜਾਂ ਫਲਾਣੇ ਦੇਸ਼ ਵਿਚ ਪੰਜਾਬੀ ਦੀ ਚੜ੍ਹਦੀ ਕਲਾ ਹੋ ਰਹੀ ਹੈ ਜਾਂ ਫਿਰ ਦੁਨੀਆ ਵਿਚ ਏਨੇ ਕਰੋੜ ਲੋਕ ਪੰਜਾਬੀ ਬੋਲਦੇ ਹਨ, ਜਿਸ ਕਾਰਨ ਇਸ ਨੂੰ ਕੋਈ ਖ਼ਤਰਾ ਨਹੀਂ। ਜੇਕਰ ਉਹ ਅਜਿਹਾ ਸੋਚਦੇ ਹਨ ਤਾਂ ਉਹ ਭੁਲੇਖੇ ਵਿਚ ਹਨ। ਨੀਦਰਲੈਂਡ ਦੇ ਬੋਲੀ ਬਾਰੇ ਇਕ ਖੋਜ ਪਰਚੇ ਅਨੁਸਾਰ ਇਹ ਅੰਕੜਾ ਬਿਲਕੁਲ ਮਹੱਤਵ ਨਹੀਂ ਰੱਖਦਾ ਕਿ ਕਿਸੇ ਬੋਲੀ ਨੂੰ ਬੋਲਣ ਵਾਲਿਆਂ ਦੀ ਗਿਣਤੀ ਕਿੰਨੀ ਹੈ? ਮਹੱਤਵ ਇਸ ਗੱਲ ਦਾ ਹੈ ਕਿ ਕਿਸੇ ਬੋਲੀ ਨੂੰ ਬੋਲਣ ਵਾਲੇ ਆਪਣੀ ਬੋਲੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਕਿਸ ਹੱਦ ਤੱਕ ਪਹੁੰਚਾਉਂਦੇ ਹਨ। ਮਿਸਾਲ ਦੇ ਤੌਰ ’ਤੇ ਬਰਾਜ਼ੀਲ ਵਿਚ ਅਮੇਜ਼ਨ ਦੇ ਜੰਗਲਾਂ ਵਿਚ ਇਕ ਛੋਟਾ ਜਿਹਾ ਜਾਤੀ ਸਮੂਹ ‘ਸੁਰਾਹਾ’ ਰਹਿੰਦਾ ਹੈ ਜਿਸ ਦੇ ਕਰੀਬ 150 ਮੈਂਬਰ ਹਨ ਅਤੇ ਇਹ ਬਾਕੀ ਦੁਨੀਆ ਤੋਂ ਬਿਲਕੁਲ ਵੱਖਰੇ ਤੌਰ ’ਤੇ ਰਹਿੰਦਾ ਹੈ। ਇਸ ਜਾਤੀ ਸਮੂਹ ਦੇ ਸਾਰੇ ਮੈਂਬਰ ਸਿਰਫ਼ ਤੇ ਸਿਰਫ਼ ਸੁਰਾਹਾ ਬੋਲੀ ਹੀ ਬੋਲਦੇ ਹਨ। ਸਮੂਹ ਦਾ ਛੋਟਾ ਆਕਾਰ ਹੋਣ ਦੇ ਬਾਵਜੂਦ ਇਸ ਦੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਇਹ ਅਗਲੀ ਪੀੜ੍ਹੀ ਤੱਕ ਆਪਣੇ ਮੁਢਲੇ ਰੂਪ ’ਚ ਪਹੁੰਚ ਰਹੀ ਹੈ ਜਦ ਕਿ ਕਈ ਕਰੋੜਾਂ ਦੀ ਗਿਣਤੀ ਵਾਲੇ ਅਜਿਹੇ ਵੀ ਸਮੂਹ ਹਨ ਜਿਨ੍ਹਾਂ ਦੀ ਬੋਲੀ ਅਗਲੀ ਪੀੜ੍ਹੀ ਤੱਕ ਇੰਨ-ਬਿੰਨ ਨਹੀਂ ਪਹੁੰਚ ਰਹੀ, ਇਨ੍ਹਾਂ ਵਿਚੋਂ ਪੰਜਾਬੀ ਵੀ ਇਕ ਹਨ।
ਇਸ ਵੇਲੇ ਜਿਹੋ ਜਿਹੀਆਂ ਸਥਿਤੀਆਂ ’ਚੋਂ ਪੰਜਾਬੀ ਬੋਲੀ ਗੁਜ਼ਰ ਰਹੀ ਹੈ, ਉਹੋ ਜਿਹੀਆਂ ਸਥਿਤੀਆਂ ’ਚੋਂ ਦੁਨੀਆ ਦੀਆਂ ਹੋਰ ਵੀ ਅਨੇਕਾਂ ਬੋਲੀਆਂ ਗੁਜ਼ਰ ਕੇ ਆਪਣੀ ਹੋਂਦ ਮਿਟਾ ਚੁੱਕੀਆਂ ਹਨ।
ਬੋਲੀ ਮਰਨ ਦੇ ਕਾਰਨ
ਕੌਮਾਂਤਰੀ ਪੱਧਰ ’ਤੇ ਬੋਲੀ ਬਾਰੇ ਹੋਈ ਖੋਜ ਨੂੰ ਵਾਚਦਿਆਂ ਬੋਲੀ ਮਰਨ ਦੇ ਕਈ ਮੋਟੇ ਕਾਰਨ ਸਾਹਮਣੇ ਆਏ ਹਨ। ਜਦੋਂ ਕਿਸੇ ਬੋਲੀ ਨੇ ਖ਼ਤਮ ਹੋਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਵਿਚ ਮੁਹਾਵਰਾ ਖ਼ਤਮ ਹੁੰਦਾ ਹੈ ਅਤੇ ਉਹ ਬੋਲੀ ਠੇਠ ਹੋਣ ਦਾ ਗੁਣ ਗੁਆਉਣਾ ਸ਼ੁਰੂ ਕਰ ਦਿੰਦੀ ਹੈ। ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਦੇ ਮੁਹਾਵਰਿਆਂ ਦੀ ਕੋਈ ਖਾਸ ਸਮਝ ਨਹੀਂ ਹੈ ਅਤੇ ਇਹ ਸਮਝ ਦਿਨੋ-ਦਿਨ ਗਾਇਬ ਹੁੰਦੀ ਜਾ ਰਹੀ ਹੈ। ਅੱਜਕਲ੍ਹ ਰਸਦਾਰ, ਠੇਠ ਤੇ ਮੁਹਾਵਰੇਦਾਰ ਬੋਲੀ ਸਿਰਫ਼ ਪਿੰਡਾਂ ਦੇ ਬਜ਼ੁਰਗਾਂ ਤੋਂ ਹੀ ਸੁਣਨ ਨੂੰ ਮਿਲਦੀ ਹੈ। ਨਵੀਂ ਪੀੜ੍ਹੀ ਦੀ ਪੰਜਾਬੀ ਬੋਲੀ ਮੁਹਾਵਰੇ ਤੇ ਠੇਠ ਲਫ਼ਜ਼ਾਂ ਤੋਂ ਪੂਰੀ ਤਰ੍ਹਾਂ ਸੱਖਣੀ ਹੁੰਦੀ ਹੈ।
ਕਿਸੇ ਬੋਲੀ ਸਮੂਹ ਵਿਚ ਅਜਿਹੀ ਕਵਾਇਦ ਸ਼ੁਰੂ ਹੋਣ ਨਾਲ ਲਫ਼ਜ਼ਾਂ ਦੇ ਮਰਨ ਦੀ ਪਿਰਤ ਪੈਂਦੀ ਹੈ। ਅਜਿਹੇ ਵਰਤਾਰੇ ਦੇ ਤਹਿਤ ਕਿਸੇ ਬੋਲੀ ਦੇ ਸ਼ਬਦ ਭੰਡਾਰ ਦਾ ਘੇਰਾ ਛੋਟਾ ਹੋਣ ਲਗਦਾ ਹੈ ਅਤੇ ਕਿਸੇ ਹੋਰ ਬੋਲੀ ਦੇ ਸ਼ਬਦ ਉਸ ਬੋਲੀ ਦੇ ਗ਼ੈਰ-ਪ੍ਰਚੱਲਿਤ ਹੋ ਗਏ ਸ਼ਬਦਾਂ ਦੀ ਥਾਂ ਲੈ ਲੈਂਦੇ ਹਨ। ਸਿੱਟੇ ਵਜੋਂ ਰਲੀ-ਮਿਲੀ ਬੋਲੀ ਹੋਂਦ ਵਿਚ ਆ ਜਾਂਦੀ ਹੈ। ਪਰ ਇਸ ਨਾਲ ਨੁਕਸਾਨ ਇਕ ਬੋਲੀ ਦਾ ਹੁੰਦਾ ਹੈ ਜਿਸ ਦੇ ਲਫ਼ਜ਼ਾਂ ਦੀ ਥਾਂ ਕਿਸੇ ਦੂਜੀ ਬੋਲੀ ਦੇ ਲਫ਼ਜ਼ਾਂ ਨੇ ਲੈ ਲਈ ਹੁੰਦੀ ਹੈ। ਨੀਦਰਲੈਂਡ ਦੇ ਉਕਤ ਖੋਜ ਪਰਚੇ ਦੇ ਅਨੁਸਾਰ ਤਨਜ਼ਾਨੀਆ ਦੀਆਂ ਕਈ ਬਾਂਟੂ ਬੋਲੀਆਂ ਦੀ ਹੋਂਦ ਇਸ ਤਰ੍ਹਾਂ ਹੀ ਖ਼ਤਰੇ ਵਿਚ ਪਈ ਹੈ ਅਤੇ ਉਨ੍ਹਾਂ ਦੀ ਥਾਂ ਸਵਾਹਿਲੀ ਬੋਲੀ ਲੈ ਰਹੀ ਹੈ।
ਅਜਿਹੀ ਸਥਿਤੀ ਵਿਚ ਇਕ ਬੋਲੀ ਦਾ ਨੁਕਸਾਨ ਹੁੰਦਾ ਹੈ ਅਤੇ ਦੂਜੀ ਬੋਲੀ ਦਾ ਫਾਇਦਾ। ਫਾਇਦਾ ਹਮੇਸ਼ਾ ਸਮਾਜ ਦੀ ਸ਼ਕਤੀਸ਼ਾਲੀ ਧਿਰ ਜਾਂ ਹਾਕਮ ਧਿਰ ਨਾਲ ਸੰਬੰਧਿਤ ਬੋਲੀ ਨੂੰ ਹੁੰਦਾ ਹੈ ਅਤੇ ਨੁਕਸਾਨ ਹਮੇਸ਼ਾ ਮਹਿਕੂਮ ਘੱਟ-ਗਿਣਤੀ ਸਮੂਹ ਨਾਲ ਸੰਬੰਧਿਤ ਬੋਲੀ ਨੂੰ ਹੁੰਦਾ ਹੈ। ਕੌਮਾਂਤਰੀ ਰਿਪੋਰਟਾਂ ਵੀ ਇਸ ਸਚਾਈ ਦੀ ਪੁਸ਼ਟੀ ਕਰਦੀਆਂ ਹਨ। ਇਸ ਸਥਿਤੀ ਵਿਚ ਸਥਾਪਿਤ ਜਾਂ ਹਾਕਮ ਧਿਰ ਵੱਲੋਂ ਆਪਣੀ ਬੋਲੀ ਨੂੰ ਘੱਟ-ਗਿਣਤੀ ਸਮੂਹ ਦੇ ਲੋਕਾਂ ਉਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਥੋਪਿਆ ਜਾਂਦਾ ਹੈ ਅਤੇ ਮਹਿਕੂਮ ਧਿਰ ਇਸ ਸੱਭਿਆਚਾਰਕ ਸਾਮਰਾਜਵਾਦ ਦੇ ਗਲਬੇ ਹੇਠ ਆ ਕੇ ਆਪਣੀ ਮਾਂ-ਬੋਲੀ ਨੂੰ ਹੌਲੀ-ਹੌਲੀ ਵਿਸਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਸਥਾਪਿਤ ਧਿਰ ਦੀ ਬੋਲੀ ਨੂੰ ਸੁਚੇਤ ਜਾਂ ਅਚੇਤ ਤਰੀਕੇ ਨਾਲ ਅਪਣਾ ਲੈਂਦੀ ਹੈ। ਗੁਰੂ ਕਾਲ ਵਿਚ ਇਸ ਦੀ ਇਕ ਵਧੀਆ ਮਿਸਾਲ ਮਿਲਦੀ ਹੈ। ਉਸ ਸਮੇਂ ਮੁਸਲਮਾਨਾਂ (ਮੁਗਲਾਂ) ਦਾ ਰਾਜ ਹੋਣ ਕਾਰਨ ਗ਼ੈਰ-ਮੁਸਲਿਮ ਲੋਕ ਵੀ ਘਰ ਦੇ ਵਿਚ ਆਪਣੀ ਬੋਲੀ ਵਿਸਾਰ ਕੇ ਮੀਆਂ-ਮੀਆਂ ਉਚਾਰਦੇ ਰਹਿੰਦੇ ਸਨ, ਜਿਨ੍ਹਾਂ ਨੂੰ ਇਸ ਗੱਲ ਤੋਂ ਵਰਜਦਿਆਂ ਗੁਰੂ ਨਾਨਕ ਦੇਵ ਜੀ ਨੇ ਇਹ ਤੁਕ ਉਚਾਰੀ ਸੀ :
ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ॥
ਉਸ ਸਮੇਂ ਸਾਡੇ ਲੋਕਾਂ ਉਤੇ ਅਰਬੀ-ਫਾਰਸੀ ਨੂੰ ਬੋਲਣ ਦਾ ਭੂਤ ਸਵਾਰ ਸੀ, ਜਿਵੇਂ ਅੱਜ ਸਾਡੇ ਪੰਜਾਬੀ ਲੋਕ ਅੰਗਰੇਜ਼ੀ-ਹਿੰਦੀ ਨੂੰ ਉਸੇ ਗੁਲਾਮ ਭਾਵਨਾ ਕਾਰਨ ਪਸੰਦ ਕਰਦੇ ਹਨ, ਜਿਸ ਭਾਵਨਾ ਨਾਲ ਅਰਬੀ-ਫਾਰਸੀ ਨੂੰ ਉਸ ਵੇਲੇ ਪਸੰਦ ਕੀਤਾ ਜਾਂਦਾ ਸੀ।
ਸੱਭਿਆਚਾਰਕ ਸਾਮਰਾਜਵਾਦ
ਅੱਜਕਲ੍ਹ ਪੰਜਾਬੀਆਂ ਦੀ ਆਮ ਬੋਲਚਾਲ ’ਚ ਹਿੰਦੀ ਅਤੇ ਅੰਗਰੇਜ਼ੀ ਦੇ ਲਫ਼ਜ਼ਾਂ ਦੀ ਭਰਮਾਰ ਹੋ ਗਈ ਹੈ ਜੋ ਕਿ ਸੱਭਿਆਚਾਰਕ ਸਾਮਰਾਜਵਾਦ ਦਾ ਹੀ ਸਿੱਟਾ ਹੈ। ਹਿੰਦੀ ਭਾਰਤ ਉਤੇ ਰਾਜ ਕਰਦੇ ਬਹੁਗਿਣਤੀ ਭਾਈਚਾਰੇ ਦੀ ਬੋਲੀ ਹੈ ਅਤੇ ਅੰਗਰੇਜ਼ੀ ਦਾ ਕੌਮਾਂਤਰੀ ਤੇ ਅਕਾਦਮਿਕ ਪੱਧਰ ’ਤੇ ਚੋਖਾ ਬੋਲਬਾਲਾ ਹੈ। ਇਕ ਬਹਿਸ ਆਮ ਤੌਰ ’ਤੇ ਚਲਦੀ ਰਹਿੰਦੀ ਹੈ ਕਿ ਪੰਜਾਬੀ ਨੂੰ ਅੰਗਰੇਜ਼ੀ ਤੋਂ ਵਧੇਰੇ ਖ਼ਤਰਾ ਹੈ ਜਾਂ ਹਿੰਦੀ ਤੋਂ। ਸਾਡੇ ਵਿਚਾਰ ਅਨੁਸਾਰ ਇਕ ਪੱਖ ਤੋਂ ਪੰਜਾਬੀ ਨੂੰ ਅੰਗਰੇਜ਼ੀ ਨਾਲੋਂ ਹਿੰਦੀ ਤੋਂ ਵਧੇਰੇ ਖ਼ਤਰਾ ਹੈ ਕਿਉਂਕਿ ਬੇਸ਼ਕ ਪੰਜਾਬੀ ਆਪਣੀ ਬੋਲਚਾਲ ਵਿਚ ਅੰਗਰੇਜ਼ੀ ਦੇ ਲਫਜ਼ਾਂ ਦੀ ਕਾਫੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਨੂੰ ਅਜੇ ਏਨੀ ਸਮਝ ਹੈ ਕਿ ਕਿਹੜਾ ਲਫ਼ਜ਼ ਪੰਜਾਬੀ ਦਾ ਹੈ ਤੇ ਕਿਹੜਾ ਅੰਗਰੇਜ਼ੀ ਦਾ। ਦੂਜੇ ਸ਼ਬਦਾਂ ’ਚ ਕਹੀਏ ਤਾਂ ਪੰਜਾਬੀ ਲੋਕ ਅੰਗਰੇਜ਼ੀ ਦੇ ਲਫ਼ਜ਼ਾਂ ਨੂੰ ਅਚੇਤ ਪੱਧਰ ’ਤੇ ਅੰਗਰੇਜ਼ੀ ਦੇ ਲਫ਼ਜ਼ ਹੀ ਮੰਨਦੇ ਹਨ ਪਰ ਹਿੰਦੀ ਦੇ ਸਬੰਧ ਵਿਚ ਇਹ ਗੱਲ ਗ਼ੌਰ ਕਰਨਯੋਗ ਹੈ ਕਿ ਪੰਜਾਬੀ ਵਿਚ ਜਿਹੜੇ ਵੀ (ਬਿਨਾਂ ਕਿਸੇ ਲੋੜ ਤੋਂ) ਹਿੰਦੀ ਦੇ ਲਫ਼ਜ਼ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਪੰਜਾਬੀਆਂ ਨੇ ਸੁਚੇਤ ਪੱਧਰ ’ਤੇ ਵੀ ਪੰਜਾਬੀ ਦੇ ਲਫ਼ਜ਼ ਹੀ ਮੰਨ ਲਿਆ ਹੈ। ਇਸ ਦੇ ਤਹਿਤ ਪੰਜਾਬੀ ਦੇ ਆਪਣੇ ਢੁਕਵੇਂ ਲਫ਼ਜ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਥਾਂ ’ਤੇ ਹਿੰਦੀ ਦੇ ਲਫ਼ਜ਼ ਗੂੜ੍ਹ ਤਰੀਕੇ ਨਾਲ ਪ੍ਰਚੱਲਿਤ ਹੋ ਗਏ ਹਨ ਜਿਸ ਦੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਤਿੰਨ-ਚਾਰ ਦਹਾਕੇ ਪਹਿਲਾਂ ਪੰਜਾਬੀ ਵਿਚ ‘ਭਾਸ਼ਾ’ ਦੀ ਥਾਂ ’ਤੇ ‘ਭਾਖਾ’ ਲਫ਼ਜ਼ ਵਰਤਿਆ ਜਾਂਦਾ ਸੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਗੁਰਬਾਣੀ ਵਿਚ ਭਾਖਿਆ (ਭਾਖਾ) ਲਫ਼ਜ਼ ਵਰਤਿਆ ਹੈ-
ਖਤ੍ਰੀਆ ਤਾ ਧਰਮ ਛੋਡਿਆ ਮਲੇਛ ਭਾਖਿਆ ਗਹੀ॥
ਸੰਨ 1930 ਵਿਚ ਸ: ਮੋਹਨ ਸਿੰਘ ਦੀ ਇਕ ਕਿਤਾਬ ਛਪੀ ਸੀ, ਜਿਸ ਦਾ ਸਿਰਲੇਖ ਸੀ-‘ਪੰਜਾਬੀ ਭਾਖਾ ਤੇ ਛੰਦਾਬੰਦੀ’। ਇਸ ਦੇ ’47 ਤੋਂ ਬਾਅਦ ਵੀ ਅੰਕ ਛਪੇ ਸਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਸ਼ੁਰੂ-ਸ਼ੁਰੂ ’ਚ ਇਕ ਪਰਚਾ ਕੱਢਿਆ ਗਿਆ ਸੀ ਜਿਸ ਦੇ ਸਿਰਲੇਖ ਵਿਚ ‘ਭਾਸ਼ਾ’ ਦੀ ਬਜਾਏ ‘ਭਾਖਾ’ ਲਫ਼ਜ਼ ਆਉਂਦਾ ਸੀ। ਸਪੱਸ਼ਟ ਤੌਰ ’ਤੇ ‘ਭਾਖਾ’ ਹੀ ਪੰਜਾਬੀ ਦਾ ਅਸਲੀ ਸ਼ਬਦ ਸੀ ਪਰ ਹਿੰਦੀ ਬੋਲਦੇ ਲੋਕਾਂ ਦਾ ਰਾਜ ਹੋਣ ਕਾਰਨ ‘ਭਾਸ਼ਾ’ ਲਫ਼ਜ਼ ਪ੍ਰਚੱਲਿਤ ਹੋ ਗਿਆ। ਇਸੇ ਤਰ੍ਹਾਂ ਮਹਿਕਮੇ ਦੀ ਥਾਂ ਵਿਭਾਗ, ਦਿਹਾੜੇ ਦੀ ਥਾਂ ਦਿਵਸ, ਕੌਮ ਦੀ ਥਾਂ ਰਾਸ਼ਟਰ ਆਦਿ ਹਿੰਦੀ ਲਫ਼ਜ਼ ਪੰਜਾਬੀ ’ਚ ਪ੍ਰਚੱਲਿਤ ਹੋ ਗਏ ਤੇ ਪੰਜਾਬੀਆਂ ਨੇ ਇਨ੍ਹਾਂ ਵਰਗੇ ਕਈ ਹਿੰਦੀ ਲਫ਼ਜ਼ਾਂ ਨੂੰ ਪੰਜਾਬੀ ਦੇ ਹੀ ਮੰਨ ਲਿਆ।
ਬੋਲਣ ਵਾਲਿਆਂ ਦੀ ਸਮਰੱਥਾ
ਕਈ ਸੱਜਣ ਪੰਜਾਬੀ ਬੋਲੀ ਦੇ ਪਿਛੜਨ ਦਾ ਕਾਰਨ ਇਹ ਮੰਨਦੇ ਹਨ ਕਿ ਇਹ ਬੋਲੀ ਰੁਜ਼ਗਾਰ ਜਾਂ ਆਰਥਿਕ ਪੱਖ ਤੋਂ ਲਾਹੇਵੰਦ ਨਹੀਂ ਰਹੀ ਪਰ ਇਥੇ ਕਸੂਰ ਬੋਲੀ ਦਾ ਨਹੀਂ, ਸਗੋਂ ਬੋਲਣ ਵਾਲਿਆਂ ਦੀ ਸਮਰੱਥਾ ਤੇ ਇੱਛਾ-ਸ਼ਕਤੀ ਦਾ ਹੈ। ਰਾਜਨੀਤੀ ਦੀ ਡੂੰਘੀ ਸਮਝ ਰੱਖਣ ਵਾਲੇ ਇਕ ਚਿੰਤਕ ਨੇ ਆਪਣੇ ਇਕ ਲੇਖ ਵਿਚ ਲਿਖਿਆ ਸੀ ਕਿ ਜਾਪਾਨ ਵਰਗਾ ਛੋਟਾ ਜਿਹਾ ਮੁਲਕ ਵਪਾਰ ਵਿਚ ਅਮਰੀਕਾ ਨੂੰ ਵੀ ਅੱਖਾਂ ਦਿਖਾ ਰਿਹਾ ਹੈ, ਇਸ ਦੀ ਵਜ੍ਹਾ ਇਹ ਹੈ ਕਿ ਜਾਪਾਨੀਆਂ ਨੇ ਆਪਣੀ ਬੋਲੀ ਵਿਚ ਗਿਆਨ ਪੈਦਾ ਕੀਤਾ ਹੈ ਤਾਂ ਹੀ ਉਹ ਦੂਜਿਆਂ ਨਾਲੋਂ ਬਿਹਤਰ ਹਨ।
ਕਿਸੇ ਬੋਲੀ ਦੇ ਮਰਨ ਦਾ ਇਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਜਦੋਂ ਬੰਦੇ ਆਪਣੀ ਮਾਂ-ਬੋਲੀ ਨੂੰ ਬੋਲਣ ਵਿਚ ਸ਼ਰਮ ਮਹਿਸੂਸ ਕਰਨ ਲਗਦੇ ਹਨ ਤਾਂ ਉਸ ਬੋਲੀ ਦੀ ਉਮਰ ਘਟ ਜਾਂਦੀ ਹੈ। ਨੌਜਵਾਨ ਚਿੰਤਕ ਤੇ ਭਾਖਾ ਵਿਗਿਆਨ ਦੇ ਖੋਜਾਰਥੀ ਸ: ਸੇਵਕ ਸਿੰਘ ਨੇ ਇਕ ਲੇਖ ਵਿਚ ਲਿਖਿਆ ਸੀ ਕਿ ‘ਹਰ ਬੋਲੀ ਬਦਲਦੀ ਹੈ ਪਰ ਉਸ ਦੀ ਆਪਣੀ ਹੀ ਰਵਾਨਗੀ ਹੁੰਦੀ ਹੈ। ਜਦੋਂ ਬੰਦੇ ਆਪਣੀ ਬੋਲੀ ਬੋਲਣ ਤੋਂ ਵੀ ਸ਼ਰਮ ਮੰਨਣ ਅਤੇ ਕਿਸੇ ਹੋਰ ਬੋਲੀ ਨੂੰ ਬੋਲਣ ਵਿਚ ਜ਼ਿਆਦਾ ਰੁਚੀ ਲੈਣ, ਉਸ ਨੂੰ ਬੋਲੀ ਬਦਲਣ ਵਿਚ ਨਹੀਂ ਗਿਣਿਆ ਜਾਂਦਾ, ਸਗੋਂ ਬੰਦਿਆਂ ਦੇ ਬਦਚਲਣ ਹੋਣ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ।’ ਪਾਕਿਸਤਾਨ ਵਿਚ ਕਿਸੇ ਸਮੇਂ ਵੱਡੀ ਪੱਧਰ ’ਤੇ ਬੋਲੀ ਜਾਂਦੀ ਪੰਜਾਬੀ ਦੀ ਉਪ ਭਾਖਾ ‘ਸਰਾਇਕੀ’ ਅੱਜ ਗੰਭੀਰ ਖ਼ਤਰਿਆਂ ਨਾਲ ਜੂਝ ਰਹੀ ਹੈ। ਪਾਕਿਸਤਾਨ ਦੀ ਇਕ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਅਨੁਸਾਰ ਉਸ ਨੂੰ ਖ਼ਤਰਾ ਪੈਦਾ ਹੋਣ ਦੀ ਮੁੱਖ ਵਜ੍ਹਾ ਹੀ ਇਹ ਹੈ ਕਿ ਉਸ ਦੇ ਬੋਲਣਹਾਰੇ ਆਪਣੀ ਬੋਲੀ ਨੂੰ ਬੋਲਣ ਵਿਚ ਸ਼ਰਮ ਮਹਿਸੂਸ ਕਰਨ ਲੱਗ ਪਏ ਹਨ।
ਕਿਸੇ ਬੋਲੀ ਦੀ ਲਿੱਪੀ ਇਕ ਤਰ੍ਹਾਂ ਨਾਲ ਉਸ ਦੀ ਰੂਹ ਹੁੰਦੀ ਹੈ। ਲਿੱਪੀ ਬਦਲਣ ਨਾਲ ਵੀ ਕਿਸੇ ਬੋਲੀ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ। ਜਿਸ ਲਿੱਪੀ ਵਿਚ ਕਿਸੇ ਬੋਲੀ ਨੂੰ ਰਿਵਾਇਤੀ ਤੌਰ ’ਤੇ ਕਲਮਬੱਧ ਕੀਤਾ ਜਾਂਦਾ ਹੈ, ਉਹ ਹੀ ਉਸ ਬੋਲੀ ਦੀ ਸਭ ਤੋਂ ਢੁਕਵੀਂ ਲਿੱਪੀ ਹੁੰਦੀ ਹੈ। ਉਹੀ ਲਿੱਪੀ ਉਸ ਬੋਲੀ ਦੇ ਸਮੁੱਚੇ ਮਾਪਦੰਡਾਂ ’ਤੇ ਖਰੀ ਉਤਰਦੀ ਹੈ। ਅਫ਼ਸੋਸ ਦੀ ਗੱਲ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੰਜਾਬੀ ਦੇ ਵਿਕਾਸ ਲਈ ਹੁੰਦੀਆਂ ਉ¤ਚ-ਪੱਧਰੀ ਕਾਨਫ਼ਰੰਸਾਂ ਵਿਚ ਪੰਜਾਬੀ ਦੇ ਉ¤ਘੇ ਲਿਖਾਰੀ ਤੇ ਚਿੰਤਕ ਪੰਜਾਬੀ ਦੀ ਲਿੱਪੀ ਬਦਲਣ ਦੀਆਂ ‘ਸਲਾਹਾਂ’ ਦਿੰਦੇ ਰਹਿੰਦੇ ਹਨ। ਕਈ ਤਾਂ ਇਸ ਨੂੰ ਰੋਮਨ ਲਿੱਪੀ ਵਿਚ ਲਿਖਣ ਦਾ ਵੀ ਸੁਝਾਅ ਦਿੰਦੇ ਹਨ। ਅਰਬ ਵਿਚ ਮੁਹੰਮਦ ਸਾਹਿਬ ਤੋਂ ਬਾਅਦ ਜਦੋਂ ਖਲੀਫੇ ਨੇ ਆਲੇ-ਦੁਆਲੇ ਦੇ ਕਈ ਇਲਾਕੇ ਜਿੱਤ ਲਏ ਤਾਂ ਜਿੱਤੇ ਹੋਏ ਇਲਾਕਿਆਂ ਵਿਚ ਹਕੂਮਤ ਚਲਾਉਣ ਲਈ ਉਸ ਨੂੰ ਬੋਲੀ ਦੀ ਸਮੱਸਿਆ ਆਉਂਦੀ ਸੀ ਕਿਉਂਕਿ ਉਕਤ ਇਲਾਕਿਆਂ ਦੀ ਬੋਲੀ ਅਰਬੀ ਤੋਂ ਵੱਖਰੀ ਸੀ। ਖਲੀਫੇ ਦੇ ਸਲਾਹਕਾਰਾਂ ਨੇ ਉਸ ਨੂੰ ਇਹ ਸੁਝਾਅ ਦਿੱਤਾ ਕਿ ਇਨ੍ਹਾਂ ਇਲਾਕਿਆਂ ਦੀ ਬੋਲੀ ਬਦਲ ਦਿੱਤੀ ਜਾਵੇ। ਖਲੀਫੇ ਨੇ ਇਹ ਸੁਝਾਅ ਠੁਕਰਾਉਂਦਿਆਂ ਕਿਹਾ ਕਿ ਇਨ੍ਹਾਂ ਦੀ ਬੋਲੀ ਨਹੀਂ, ਬੋਲੀ ਦੀ ਲਿੱਪੀ ਬਦਲ ਦਿੱਤੀ ਜਾਵੇ, ਬੋਲੀ ਆਪੇ ਹੀ ਬਦਲ ਜਾਵੇਗੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਬੋਲੀ ਦੀ ਨਿਆਰੀ ਹੋਂਦ ਨੂੰ ਮੇਟਣ ਲਈ ਉਸ ਦੀ ਲਿੱਪੀ ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਂਦਾ ਹੈ। ਪੰਜਾਬੀਅਤ ਵਿਰੋਧੀ ਫ਼ਿਰਕੂ ਤਾਕਤਾਂ ਵੀ ਸਮੇਂ-ਸਮੇਂ ’ਤੇ ਪੰਜਾਬੀ ਨੂੰ ਦੇਵਨਾਗਰੀ ਲਿੱਪੀ ’ਚ ਲਿਖਣ ਦੀਆਂ ਸਲਾਹਾਂ ਦਿੰਦੀਆਂ ਰਹੀਆਂ ਹਨ। ਪਰ ਪੰਜਾਬੀ ਚਿੰਤਕ ਇਨ੍ਹਾਂ ਨੁਕਤਿਆਂ ਦਾ ਜ਼ਿਕਰ ਘੱਟ ਹੀ ਕਰਦੇ ਹਨ। ਪੰਜਾਬੀ ਹਿਤੈਸ਼ੀ ਜਥੇਬੰਦੀਆਂ ਪੰਜਾਬੀ ਜ਼ਬਾਨ ਨੂੰ ਹਰਮਨ-ਪਿਆਰੀ ਬਣਾਉਣ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਬੋਲੀ ਮਰਨ ਦੇ ਕਾਰਨਾਂ ਨੂੰ ਪਹਿਲ ਦੇ ਆਧਾਰ ’ਤੇ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪੰਜਾਬੀ ਬੋਲੀ ਨੂੰ ਸਿੱਖਿਆ ਤੇ ਪ੍ਰਸ਼ਾਸਨ ਵਿਚ ਲਾਗੂ ਕਰਵਾਉਣ ਦੇ ਨਾਲ-ਨਾਲ ਅਗਲੀਆਂ ਪੀੜ੍ਹੀਆਂ ਤੱਕ ਪੂਰੀ ਤਰ੍ਹਾਂ ਪਹੁੰਚਾਉਣ ਲਈ ਵੀ ਸੁਚੇਤ ਯਤਨ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਨੂੰ ਉਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਭਾਰਤ ਦੀ ਸੱਭਿਆਚਾਰਕ ਵੰਨ-ਸੁਵੰਨਤਾ ਦੀਆਂ ਦੋਖੀ ਹਨ ਅਤੇ ਬੋਲੀਆਂ ਸਮੇਤ ਵੱਖ-ਵੱਖ ਸੱਭਿਆਚਾਰਕ ਸਮੂਹਾਂ ਦੀ ਨਿਆਰੀ ਪਛਾਣ ਨੂੰ ਖ਼ਤਮ ਕਰਕੇ ਸਾਰਿਆਂ ਦਾ ਦੜਾ ਬਣਾਉਣ ਦੀ ਕੋਸ਼ਿਸ਼ ’ਚ ਹਨ।
ਮੋ: 094172-58765.