ਬਰਨਾਲਾ(28 ਨਵੰਬਰ, 2014): ਪੰਜਾਬ ਵਿੱਚ ਹਿੰਦੂਵਤੀ ਪਾਰਟੀ ਭਾਜਪਾ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਅਤੇ ਸਿੱਖ ਧਰਮ ਦੀ ਨਿਵੇਕਲੀ ਪਛਾਣ ਨੂੰ ਹਿੰਦੂਤਵ ਨਾਲ ਰਲਗੱਡ ਕਰਨ ਦੇ ਲਈ ਯਤਨ ਕਰ ਰਹੀਆਂ ਹਿੰਦੂਵਤੀ ਤਾਕਤਾਂ ਨੇ ਪੰਜਾਬ ਨੂੰ ਆਪਣੀਆਂ ਗਤੀਵਿਧੀਆਂ ਦਾ ਮੁੱਖ ਸਥਾਨ ਬਣਾ ਲਿਆ ਹੈ। ਹਰ ਦਿਨ ਇਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਆਪਣੀ ਸ਼ਾਖ ਨੂੰ ਮਜਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਇਨ੍ਹਾਂ ਯਤਨਾਂ ਤਹਿਤ ਹੀ ਅੱਜ ਆਰ. ਐੱਸ. ਐੱਸ ਦੀ ਸ਼ਾਖ ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਮੁਖੀ ਗੁਰਬਚਨ ਸਿੰਘ ਮੋਖਾ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਐਡਵੋਕੇਟ ਸ: ਰਾਜਦੇਵ ਸਿੰਘ ਖਾਲਸਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ।
ਮੋਖਾ ਨੇ ਇਸ ਮੁਲਾਕਾਤ ਨੂੰ ਸੁਭਾਵਿਕ ਦੱਸਿਆ ਅਤੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਦਾ ਮਕਸਦ ਸਿਰਫ਼ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਹੈ । ਉਨ੍ਹਾਂ ਕਿਹਾ ਉਨ੍ਹਾਂ ਦੀ ਜਥੇਬੰਦੀ ਸ਼ੁਰੂ ਤੋਂ ਹੀ ਸਿੱਖੀ ਲਈ ਵੱਖ-ਵੱਖ ਕਾਰਜ ਕਰਦੇ ਆ ਰਹੇ ਹਨ ਪਰ ਹੁਣ ਇਸ ਨੂੰ ਸਮੁੱਚੇ ਪੰਜਾਬ ਵਿਚ ਵੱਡੇ ਪੱਧਰ ‘ਤੇ ਅੱਗੇ ਲਿਆ ਕੇ ਸਿੱਖ ਕੌਮ ਦੀ ਪ੍ਰਫੁੱਲਤਾ ਲਈ ਕੰਮ ਕੀਤੇ ਜਾਣਗੇ।
ਭਾਵੇਂ ਕਿ ਮੌਖਾ ਨੇ ਇਸ ਮੁਲਕਾਤ ਨੂੰ ਸੁਭਾਵਿਕ ਦੱਸਿਆ, ਪਰ ਰਾਸ਼ਟਰੀ ਸਿੱਖ ਸੰਗਤ ਵੱਲੌਂ ਵੱਖ-ਵੱਖ ਸਿੱਖ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਸੂਭਾਵਿਕ ਨਹੀਂ, ਬਲਕਿ ਰਾਸ਼ਟਰੀ ਸਿੱਖ ਸੰਗਤ ਦੇ ਅਧਾਰ ਨੂੰ ਮਜਬੂਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਇੱਕ ਹਿੱਸਾ ਹਨ।
ਸ: ਖਾਲਸਾ ਵੱਲੋਂ ਅਜੇ ਇਸ ਸੰਗਠਨ ਨਾਲ ਜੁੜਨ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਮੁਲਾਕਾਤ ਨੇ ਭਵਿੱਖ ਵਿਚ ਸ: ਖਾਲਸਾ ਦੇ ਰਾਸ਼ਟਰੀ ਸਿੱਖ ਸੰਗਤ ਨਾਲ ਜੁੜ ਕੇ ਅੱਗੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਰਾਜਨੀਤਕ ਅੇ ਸਿੱਖ ਹਲਕਿਆਂ ਵਿਚ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਸਿੱਖੀ ਦੇ ਨਵੇਕਲੀ ਪਛਾਣ ਅਤੇ ਸਿੱਖ ਧਰਮ ਨੁੰ ਸਿਧਾਂਥਕ ਤੌਰ ‘ਤੇ ਖੋਰਾ ਲਾਕੇ ਹਿੰਦੂਤਵ ਦੇ ਖਾਰੇ ਸਮੂੰਦਰ ਵਿੱਚ ਜ਼ਜਬ ਕਰਨ ਲਈ ਬੇਤਾਬ ਹਿੰਦੂਤਵੀ ਤਾਕਤਾਂ ਵੱਲੋਂ ਰਾਸ਼ਟਰੀ ਸਿੱਖ ਸੰਗਤ ਦਾ ਗਠਨ ਸੰਨ 1986 ਵਿੱਚ ਗੁਰੂ ਨਾਨਾਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਕੀਤਾ ਗਿਆ।ਜਿਵੈਂ ਕਿ ਪ੍ਰਸਿੱਧ ਅਖਾਣ ਹੈ ਕਿ ਜੰਗਲ ਨੂੰ ਵੱਢਕੇ ਖਤਮ ਕਰਨ ਲਈ ਕੁਹਾੜੇ ਦਾ ਦਸਤਾ ਵੀ ਉਸ ਜੰਗਲ ਦੀ ਲੱਕੜ ਦਾ ਹੀ ਬਣਾਇਆ ਜਾਂਦਾ ਹੈ।ਸਿੱਖ ਧਰਮ ਦੀ ਨਿਆਰੇਪਨ ਨੂੰ ਖਤਮ ਕਰਨ ਲਈ ਹਿੰਦੂਵਤੀ ਤਾਕਤਾਂ ਵੱਲੋਂ ਇਸਦੇ ਮੁਖੀ ਵੀ ਸਿੱਖਾਂ ਵਿੱਚੋਂ ਕੁਝ ਬੈਖਰੀਦ ਬੰਦਿਆਂ ਨੂੰ ਲਾਇਆ ਜਾਂਦਾ ਹੈ।
ਇਸਦਾ ਪਹਿਲਾ ਪ੍ਰਧਾਨ ਸਮਸ਼ੇਰ ਸਿੰਘ ਲਖਨਤੂ ਨੂੰ ਲਾਇਆ ਗਿਆ ਸੀ ਅਤੇ ਸੰਨ 2009 ਵਿੱਚ ਇਸਦੇ ਪ੍ਰਧਾਨ ਰੁਲਦਾ ਸਿੰਘ ਦਾ ਸਿੱਖ ਖਾੜਕੂਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਰਾਸ਼ਟਰੀ ਸਿੱਖ ਸੰਗਤ ਦੀਆਂ ਸਿੱਖ ਵਿਰੋਧੀਆ ਕਾਰਵਾਈਆਂ ਦੇ ਮੱਦੇ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਂਨ 2004 ਵਿੱਚ ਇਸਨੂੰ ਸਿੱਖ ਕੌਮ ਵਿਰੋਧੀ ਜੱਥੇਬੰਦੀ ਕਰਾਰ ਦਿੱਤਾ ਗਿਆ ਸੀ।
ਸ. ਰਾਜਦੇਵ ਸਿੰਘ ਖਾਲਸਾ ਨਾਲ ਮੁਲਾਕਾਤ ਮੌਕੇ ਸਤਨਾਮ ਸਿੰਘ, ਅਵਿਨਾਸ਼ ਰਾਣਾ, ਹਰਦੀਪ ਸਿੰਘ, ਅਵਤਾਰ ਸਿੰਘ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਟੱਲੇਵਾਲੀਆ, ਬਲਰਾਰ ਅਰੋੜਾ, ਦੀਪਕ ਜਿੰਦਲ, ਰਾਜ ਧੂਰਕੋਟ, ਸ: ਖਾਲਸਾ ਦੇ ਪੀ.ਏ. ਅਵਤਾਰ ਸਿੰਘ ਸੰਧੂ, ਐਡਵੋਕੇਟ ਜਤਿੰਦਰਪਾਲ ਸਿੰਘ ਉਗੋਕੇ ਆਦਿ ਵੀ ਹਾਜ਼ਰ ਸਨ।