December 10, 2011 | By ਸਿੱਖ ਸਿਆਸਤ ਬਿਊਰੋ
(ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ ਧੰਨਵਾਦ ਸਹਿਤ)
ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੇਣ ਵਾਲੇ ਸਰਬਰਾਹ ਅਰੂੜ ਸਿੰਘ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ, ਮੌਜੂਦਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 92 ਸਾਲ ਪੁਰਾਣਾ ‘ਕਿੱਸਾ’ ਮੁੜ ਦੋਹਰਾ ਦਿੱਤਾ ਹੈ। 5 ਦਸੰਬਰ ਨੂੰ, ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਮੁਬਾਰਕ ਤਖਤ ਤੋਂ, ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਅਖੌਤੀ ਪੈਟਰਨ (ਅਸਲ ਵਿੱਚ ਅਕਾਲੀ ਦਲ ਦੇ ਇੰਤਕਾਲ-ਸ਼ੁਦਾ ਮਾਲਕ) ਪ੍ਰਕਾਸ਼ ਸਿੰਘ ਬਾਦਲ ਨੂੰ ਦੋ ਲਕਬਾਂ ਨਾਲ ਨਿਵਾਜਿਆ ਗਿਆ, ਜਿਨ੍ਹਾਂ ਵਿੱਚ ਇੱਕ ‘ਪੰਥ ਰਤਨ’ ਅਤੇ ਦੂਸਰਾ ‘ਫਖਰ-ਏ-ਕੌਮ’ ਹੈ। ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ, ‘ਬਾਦਲ ਚਪੜਾਸੀ’ ਜਨਤਕ ਇਕੱਠਾਂ ਵਿੱਚ ਬਾਦਲ ਦਾ ਨਾਂ ਲੈਣ ਤੋਂ ਪਹਿਲਾਂ, ਇਨ੍ਹਾਂ ਉਪਰੋਕਤ ਵਿਸ਼ੇਸ਼ਣਾਂ ਦਾ ਇਸਤੇਮਾਲ ਕਰਿਆ ਕਰਨਗੇ। 28 ਮਿਲੀਅਨ ਸਿੱਖ ਕੌਮ ਲਈ ਅਤੇ ‘ਇਤਿਹਾਸਕ’ ਦ੍ਰਿਸ਼ਟੀਕੋਣ ਤੋਂ ਇਸ ‘ਪੱਤਤਗਿਰੀ ਘਟਨਾ’ ਦੀ ਕੋਈ ਅਹਿਮੀਅਤ ਨਹੀਂ ਹੈ। ਹਾਂ! ਇਸ ‘ਕਿੱਸੇ’ ਦਾ ਇਹ ਇਤਿਹਾਸਕ ਦੋਹਰਾਅ ਹੋ ਸਕਦਾ ਹੈ ਕਿ ਜਿਵੇਂ ਕੁਝ ਵਰ੍ਹਿਆਂ ਬਾਅਦ ਅਰੂੜ ਸਿੰਘ ਨੇ, ਗਲ ਵਿੱਚ ਪੱਲਾ ਪਾ ਕੇ, ਅਕਾਲ ਤਖਤ ਦੇ ਸਨਮੁਖ ਆਪਣੇ ਘ੍ਰਿਣਤ ਕਾਰੇ ਲਈ ਪੰਥ ਤੋਂ ਖਿਮਾਂ ਜਾਚਨਾ ਕੀਤੀ ਸੀ, ਇਵੇਂ ਹੀ ਆਉਣ ਵਾਲੇ ਸਮੇਂ ਵਿੱਚ ਜਥੇਦਾਰ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਬਾਦਲ ਨੂੰ ਨਿਵਾਜਣ ਵਾਲੇ ਜਥੇਦਾਰ, ਗ੍ਰੰਥੀ, ਮੂੰਹ ਵਿੱਚ ਘਾਹ ਅਤੇ ਗਲ ਵਿੱਚ ਪੱਲੂ ਪਾ ਕੇ, ਸਰਬੱਤ ਖਾਲਸੇ ਸਾਹਮਣੇ ਖਿਮਾਂ ਜਾਚਨਾ ਕਰ ਰਹੇ ਹੋਣ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ (ਜਥੇਦਾਰ ਦਮਦਮਾ ਸਾਹਿਬ) ਵਧਾਈ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਇਸ ਸਮਾਗਮ ਤੋਂ ਦੂਰੀ ਬਣਾਈ ਭਾਵੇਂ ਕਿ ਬਹਾਨਾ ਉਨ੍ਹਾਂ ਨੇ ਬਿਮਾਰੀ ਦਾ ਹੀ ਲਾਇਆ ਹੋਵੇ। ਗੁਰਬਾਣੀ ਦੇ ਫੁਰਮਾਨ -‘ਕੋਈ ਹਰਿਓ ਬੂਟ ਰਹਿਓ ਰੀ’ ਵਾਂਗ, ਜਥੇਦਾਰ ਨੰਦਗੜ੍ਹ, ਗ੍ਰੰਥੀ ਕੁਲਵਿੰਦਰ ਸਿੰਘ (ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਿੰਦੂਤਵੀ ਅਡਵਾਨੀ ਨੂੰ ਸਿਰੋਪਾਓ ਦੇਣ ਤੋਂ ਨਾਂਹ ਕਰ ਦਿੱਤੀ) ਆਦਿ ਮੌਜੂਦਾ ਦੌਰ ਦੇ ਭ੍ਰਿਸ਼ਟ ਸ਼੍ਰੋਮਣੀ ਕਮੇਟੀ ਨਿਜ਼ਾਮ ਵਿੱਚ, ‘ਸਿੱਖੀ ਅਣਖ’ ਦੇ ਪ੍ਰਤੀਕਾਂ ਵਜੋਂ ਹਮੇਸ਼ਾਂ ਯਾਦ ਰੱਖੇ ਜਾਣਗੇ।
ਜਿਸ ਦਿਨ ਬਾਦਲ ’ਤੇ ‘ਖਿਤਾਬਾਂ’ ਦੀ ਵਰਖਾ ਕੀਤੀ ਗਈ, ਉਸ ਤੋਂ 3 ਦਿਨ ਪਹਿਲਾਂ 2 ਦਸੰਬਰ (19 ਮੱਘਰ) ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਤੇ ਸਾਥੀ ਸਿੰਘਾਂ ਦਾ ਸ਼ਹੀਦੀ ਦਿਨ ਸੀ, ਜਿਨ੍ਹਾਂ 30 ਸਿੰਘਾਂ ਨੇ 2 ਦਸੰਬਰ, 1762 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ-ਸਨਮਾਨ ਦੀ ਰੱਖਿਆ ਲਈ, ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਜੂਝਦਿਆਂ ਸ਼ਹੀਦੀਆਂ ਪਾਈਆਂ ਸਨ। ਅਕਾਲ ਤਖਤ ਦੇ ਰਾਖੇ (ਮੌਜੂਦਾ ਸ਼ਬਦਾਵਲੀ ਵਿੱਚ ਜਥੇਦਾਰ) ਸ਼ਹੀਦ ਗੁਰਬਖਸ਼ ਸਿੰਘ ਤੇ ਸਿੰਘਾਂ ਦੀ ਬਹਾਦਰੀ ਦੀ ਗਾਥਾ ਦਾ, ਅਬਦਾਲੀ ਦੇ ਨਾਲ ਆਏ ਇਤਿਹਾਸਕਾਰ – ਸੈਨਾਪਤੀ ਨੂਰ ਮੁਹੰਮਦ ਨੇ ਵਿਸ਼ੇਸ਼ ਜ਼ਿਕਰ ਕੀਤਾ ਹੈ। ਸ਼ਹੀਦੀ ਗਾਨੇ ਬੰਨ੍ਹਣ ਤੇ ਸ਼ਹੀਦੀ ਬਾਣੇ ਪਾਉਣ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਸੀ –
‘ਹਰਿਮੰਦਰ ਕੇ ਬੀਚ ਮੇ,
ਇਮ ਕੀਨੀ ਅਰਦਾਸ।
ਸਿੱਖੀ ਤੋੜ ਨਿਭਾਈਐ,
ਕੇਸਨ, ਸੰਗ ਨਿਵਾਸ।’
ਅਕਾਲ ਤਖਤ ਸਾਹਿਬ ਦੇ ਪਿੱਛੇ ਮੌਜੂਦ ‘ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ’ ਯਾਦ ਕਰਵਾ ਰਿਹਾ ਹੈ ਕਿ ਅਕਾਲ ਤਖਤ ਦਾ ਸੇਵਾਦਾਰ, ਜਥੇਦਾਰ ਹੋਣ ਦਾ ਮਤਲਬ ਕੀ ਹੈ। ਕੀ ਜਥੇਦਾਰ ਗੁਰਬਚਨ ਸਿੰਘ ਨੂੰ, ਅਕਾਲ ਤਖਤ ਦੇ ਚਾਰ ਸਦੀਆਂ ਦੇ ਗੌਰਵਮਈ ਇਤਿਹਾਸ ਦੇ ਕਿਸੇ ਵਾਕਿਆ ਨੇ, ਆਪਣੇ ਫਰਜ਼ਾਂ ਦੀ ਯਾਦ ਨਹੀਂ ਦਵਾਈ?
ਬਾਦਲ ਦੀ ਮੁੱਠੀ ਵਿੱਚ ਕੈਦ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤਾਂ ਆਪਣੀ ਜ਼ਮੀਰ ’ਤੇ ਪੱਥਰ ਬੰਨ੍ਹਿਆ ਹੋਇਆ ਹੈ, ਇਸ ਲਈ ਉਨ੍ਹਾਂ ਤਾਂ ਕੀ ਬੋਲਣਾ ਸੀ ਪਰ ਆਮ ਸਿੱਖ ਸੰਗਤਾਂ ਅਤੇ ਜਾਗਰੂਕ ਬੁੱਧੀਜੀਵੀ ਵਰਗ ਨੇ ਇਸ ਕਾਰਵਾਈ ਨੂੰ ‘ਬਹੁਤ ਬੁਰਾ’ ਗਰਦਾਨਿਆ ਹੈ। ਪੰਥਕ ਸਿਆਸੀ ਧਿਰਾਂ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ, 35 ਲੱਖ ਪਰਦੇਸੀ ਖਾਲਸਾ ਜੀ ਨੇ, ਅਕਾਲ ਤਖਤ ਤੋਂ ਕੀਤੀ ਗਈ ਇਸ ਪੰਥ-ਵਿਰੋਧੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਜਥੇਦਾਰ, ਅਕਾਲ ਤਖਤ ਨੇ ਆਪਣੀ ਅਣ-ਸਿਧਾਂਤਕ ਪਹੁੰਚ ’ਤੇ ਪੋਚਾ ਮਾਰਦਿਆਂ, ਫੌਰਨ ਬਾਅਦ ਕੀਤੀ ਗਈ ਇੱਕ ਪ੍ਰੈ¤ਸ-ਕਾਨਫਰੰਸ ਵਿੱਚ ਐਲਾਨ ਕੀਤਾ ਕਿ ‘ਮੈਰਾਥਨ ਦੌੜਾਕ 100 ਸਾਲਾ ਬਾਬਾ ਫੌਜਾ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਸੀਚੇਵਾਲ ਨੂੰ ਵੀ ਅਕਾਲ ਤਖਤ ਤੋਂ ਇਵੇਂ ਹੀ ਸਨਮਾਨਾਂ ਨਾਲ ਨਿਵਾਜਿਆ ਜਾਣਾ ਵਿਚਾਰ ਅਧੀਨ ਹੈ।’ ਇੱਕ ਸਧਾਰਨ ਸਿੱਖ ਨੇ ਇਸ ’ਤੇ ਟਿੱਪਣੀ ਕਰਦਿਆਂ ਕਿਹਾ, ‘ਜਥੇਦਾਰ, ਬਾਹਰਲੇ ਸਿੱਖਾਂ ਨੂੰ ਹੁਣ ਫੁੱਲੀਆਂ ਪਾ ਰਿਹਾ ਹੈ।’
ਆਪਣੀ ਗੈਰ-ਪੰਥਕ ਕਾਰਵਾਈ ਦੀ ਨਿਆਂਸੰਗਤਤਾ ਦੱਸਦਿਆਂ, ਜਥੇਦਾਰ ਨੇ ਬੀਤੇ ਸਮੇਂ ਵਿੱਚ ਅਕਾਲ ਤਖਤ ਤੋਂ ਸਨਮਾਨ ਪ੍ਰਾਪਤ ਕਰ ਚੁੱਕੀਆਂ ਸ਼ਖਸੀਅਤਾਂ ਦੇ ਨਾਮ ਗਿਣਾਏ, ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ, ਸਿਰਦਾਰ ਕਪੂਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਭਾਈ ਜਸਬੀਰ ਸਿੰਘ ਖੰਨੇ ਵਾਲੇ, ਗਿਆਨੀ ਸੰਤ ਸਿੰਘ ਮਸਕੀਨ ਆਦਿ ਸ਼ਾਮਲ ਹਨ। ਅਕਾਲੀ ਦਲ ਦੇ ‘ਬਚਾਊ ਬ੍ਰਿਗੇਡ’ ਦੇ ਬੁੱਧੀਜੀਵੀਆਂ-ਚਮਚਿਆਂ ਨੇ ਵੀ ਟੀ. ਵੀ. ’ਤੇ ਆ ਕੇ ਇਹੋ ਜਿਹੀਆਂ ਬੇਥਵੀਆਂ ਹੀ ਮਾਰੀਆਂ। ਬਾਦਲ ਨੂੰ ‘ਐਵਾਰਡ’ ਦੇਣ ਲਈ ਉਸ ਵਲੋਂ ਸਿੱਖ ਵਿਰਸੇ ਨੂੰ ਸੰਭਾਲਣ ਲਈ ‘ਯਾਦਗਾਰਾਂ ਬਣਾਉਣਾ’ ਮੁੱਖ ਵਜ੍ਹਾ ਦੱਸੀ ਗਈ ਅਤੇ ਨਾਲ ਹੀ ¦ਬੀ ਜੇਲ੍ਹ-ਯਾਤਰਾ ਵੀ ਇੱਕ ਨੁਕਤਾ ਬਣਾਇਆ ਗਿਆ। ਇੱਕ ਨੌਜਵਾਨ ਪੰਥ-ਦਰਦੀ ਨੇ, ਇਨ੍ਹਾਂ ਚਿੱਟੀ ਦਾੜ੍ਹੀ ਵਾਲੇ ਜਥੇਦਾਰਾਂ, ਲੀਡਰਾਂ ਦੀਆਂ ‘ਸਫਾਈਆਂ’ ’ਤੇ ਟਿੱਪਣੀ ਕਰਦਿਆਂ ਕਿਹਾ, ‘ਇਨ੍ਹਾਂ ਸਫੈਦ ਦਾੜ੍ਹੀਆਂ ਵਾਲਿਆਂ ਦੇ ਚਿਹਰਿਆਂ ਤੋਂ ਟਪਕ ਰਿਹਾ ਸਫੈਦ ਝੂਠ, ਇਹ ਸਮਝਣ ਲਈ ਕਾਫੀ ਹੈ ਕਿ ਜ਼ਮੀਰ-ਫਰੋਸ਼ੀ ਦੀ ਕੀ-ਕੀ ਕੀਮਤ ਚੁਕਾਉਣੀ ਪੈਂਦੀ ਹੈ।’
ਕਾਸ਼! ਕਦੀ ਇਨ੍ਹਾਂ ਜ਼ਮੀਰ-ਫਰੋਸ਼ ਜਥੇਦਾਰਾਂ/ਅਕਾਲੀ ਲੀਡਰਾਂ ਨੇ ਅਲਾਮਾ ਇਕਬਾਲ ਦੀ ਇਸ ਲਿਖਤ ਨੂੰ ਪੜ੍ਹਿਆ/ਅਪਣਾਇਆ ਹੁੰਦਾ –
‘ਐ ਤਾਹਿਰੇ ਲਾਹੂਤੀ (ਮਾਰੂਥਲ ਦੇ ਪੰਛੀ)
ਉਸ ਰਿਜ਼ਕ ਸੇ ਮੌਤ ਅੱਛੀ!
ਜਿਸ ਰਿਜ਼ਕ ਸੇ ਆਤੀ ਹੋ,
ਪਰਵਾਜ਼ (ਉਡਾਣ) ਮੇ ਕੋਤਾਹੀ।’
ਉਸ ਰਿਜ਼ਕ ਨੂੰ ਖਾਣਾ ਹਰਾਮ ਹੈ, ਜਿਸ ਦੀ ਖਾਤਰ ਤੁਹਾਨੂੰ ਆਪਣੀ ‘ਅਜ਼ਾਦੀ’ (ਉਡਾਣ) ਨਾਲ ਸਮਝੌਤਾ ਕਰਨਾ ਪਵੇ।
ਪ੍ਰਾਚੀਨ ਪੰਥ ਪ੍ਰਕਾਸ਼ (ਭਾਈ ਰਤਨ ਸਿੰਘ ਭੰਗੂ) ਵਿੱਚ ‘ਅਕਾਲੀ’ ਕਿਰਦਾਰ ਦੀ ਸੱਚਾਈ, ਬੇਖੌਫੀ ਅਤੇ ਅਜ਼ਾਦੀ ਪਸੰਦ ਸ੍ਵੈ-ਮਾਣ ਭਰਪੂਰ ਪਹੁੰਚ ਨੂੰ ਇਵੇਂ ਬਿਆਨਿਆ ਗਿਆ ਹੈ –
‘ਅੰਮ੍ਰਿਤਸਰ ਸਨ ਮੁੱਖ ਦਰਬਾਰ,
ਅਕਾਲ-ਬੁੰਗੇ ਬਹੈਂ ਤਖਤ ਮਝਾਰ!
ਸਿਰੋਂ ਪਰ ਉਨ ਡੇਰੇ ਰਹੈਂ,
ਅਕਾਲ-ਅਕਾਲ ਵਹਿ ਮੁਖ ਤੇ ਕਹੈਂ।
ਹਠੀ ਜਤੀ ਔ ਜਪ ਤਪੀ ਦਾਤੇ ਪੂਰੇ ਸ਼ੁਰ,
ਆਵੇਂ ਪਾਸ ਸਰਦਾਰ ਤਹਿ, ਵਹੁ ਰਹੈ ਆਪ ਗਮਰੂਰ’
ਕਿੱਥੇ ਉਹ ‘ਅਕਾਲੀ’ ਸਨ, ਜਿਹੜੇ ਜਦੋਂ ਅਕਾਲ-ਬੁੰਗੇ ਜੁੜ ਬੈਠਦੇ ਸਨ ਤਾਂ ਸਿੱਖੀ ਅਣਖ ਦੀ ‘ਗਮਰੂਰੀ’ ਵਿੱਚ, ਦੁਸ਼ਮਣ ਦੀ ਤਾਕਤ ਮਿੰਨਤ-ਮਜ਼ਾਮਤ, ਨਵਾਬੀ ਖਿੱਲਤਾਂ ਤੋਂ ਬੇਪ੍ਰਵਾਹ ਹੋ ਕੇ ਫੈਸਲੇ ਲੈਂਦੇ ਸਨ ਤੇ ਕਿਸ ਅਧੋਗਤੀ ਨੂੰ ਪਹੁੰਚਿਆ, ਅੱਜ ਦਾ ਬਾਦਲ ਲਾਣਾ-ਬਾਣਾ ਹੈ। ਇਸ ‘ਅਣਖੀ’ ਪੰਥ ਨੇ ਫੇਰ ਕਦੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ-ਉ¤ਲ-ਕੌਮ’ ਐਲਾਨਿਆ ਅਤੇ ਕਦੀ ਬਾਬਾ ਖੜਕ ਸਿੰਘ ਨੂੰ ‘ਸਿੱਖਾਂ ਦਾ ਬੇਤਾਜ ਬਾਦਸ਼ਾਹ’ ਕਹਿ ਕੇ ਸੰਬੋਧਨ ਕੀਤਾ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿਸੇ ‘ਤਨਖਾਹਦਾਰ ਜਥੇਦਾਰ’ ਨੇ ਵੀਹਵੀਂ ਸਦੀ ਦਾ ਮਹਾਨ ਸਿੱਖ ਨਹੀਂ ਐਲਾਨਿਆ ਬਲਕਿ ਸਮੁੱਚੀ ਸਿੱਖ ਕੌਮ ਨੇ ਦਿਲਾਂ ਦੀਆਂ ਗਹਿਰਾਈਆਂ ਤੋਂ ਇੱਕ ‘ਪ੍ਰਕਿਰਿਆ’ (ਪ੍ਰੋਸੈ¤ਸ) ਰਾਹੀਂ ਉਨ੍ਹਾਂ ਨੂੰ ‘ਮਹਾਨ ਸਿੱਖ’ ਦਾ ਖਿਤਾਬ ਦਿੱਤਾ।
ਇਸ ਕੌਮੀ ਫੈਸਲੇ ਤੋਂ ਬਾਅਦ, ਜਥੇਦਾਰਾਂ ਵਲੋਂ ਉਨ੍ਹਾਂ ਨੂੰ ‘ਸ਼ਹੀਦ’ ਐਲਾਨਿਆ ਗਿਆ ਅਤੇ ਉਨ੍ਹਾਂ ਦੀ ਸਿੱਖ ਦਿਲਾਂ ਵਿੱਚ ਉਤਰੀ ਤਸਵੀਰ ਸਿੱਖ-ਘਰਾਂ ਦੀਆਂ ਕੰਧਾਂ ’ਤੇ ਵੀ ਸੁਭਾਇਮਾਨ ਹੋਈ। ਕੀ ਬਾਦਲ ਦੇ ਮਰਨ ਤੋਂ ਬਾਅਦ, ਉਸ ਨੂੰ ‘ਨਿਵਾਜਣ’ ਵਾਲੇ ਅਤੇ ਅਜੋਕੇ ਸ਼੍ਰੋਮਣੀ ਕਮੇਟੀ ਮੈਂਬਰ, ਅਕਾਲੀ ਲੀਡਰ-ਵਰਕਰ ਪ੍ਰਕਾਸ਼ ਸਿੰਘ ਬਾਦਲ ਦੀ ‘ਤਸਵੀਰ’ ਆਪਣੇ ਘਰਾਂ ਵਿੱਚ ਲਾਉਣਗੇ, ਬਾਕੀ ਸਿੱਖ ਸੰਗਤਾਂ ਦੀ ਤਾਂ ਗੱਲ ਹੀ ਛੱਡੋ?
ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਬੁੱਕ ਸਟਾਲ ’ਤੇ ਜਿਥੇ ਪੁਸਤਕਾਂ, ਤਸਵੀਰਾਂ, ਕੱਕਾਰ ਆਦਿ ਵੇਚਣ ਲਈ ਰੱਖੇ ਗਏ ਸਨ, ਇੱਕ ਅੰਗਰੇਜ਼ੀ ਪੱਤਰਕਾਰ ਪਹੁੰਚਿਆ। ਇਸ ਬੁੱਕ – ਸਟੋਰ ’ਤੇ ਸੰਤ ਭਿੰਡਰਾਂਵਾਲਿਆਂ ਤੇ ਸੰਤ ਲੌਂਗੋਵਾਲ ਦੀਆਂ ਤਸਵੀਰਾਂ ਵੀ ਵੇਚਣ ਲਈ ਰੱਖੀਆਂ ਹੋਈਆਂ ਸਨ। ਪੱਤਰਕਾਰ ਨੇ ਜਗਿਆਸਾ ਵਸ ਦੁਕਾਨਦਾਰ ਨੂੰ ਪੁੱਛਿਆ ਕਿ ਸਵੇਰ ਤੋਂ ਕਿੰਨੀਆਂ ਕੁ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਿਕੀਆਂ ਹਨ ਤੇ ਕਿੰਨੀਆਂ ਲੌਂਗੋਵਾਲ ਦੀਆਂ। ਦੁਕਾਨਦਾਰ ਨੇ ਦੱਸਿਆ ਕਿ ਲੌਂਗੋਵਾਲ ਦੀ ਕੋਈ ਤਸਵੀਰ ਨਹੀਂ ਵਿਕੀ ਜਦੋਂ ਕਿ ਭਿੰਡਰਾਂਵਾਲਿਆਂ ਦੀਆਂ ਮੈਂ ਇੰਨੀਆਂ ਵੇਚੀਆਂ ਹਨ ਕਿ ਗਿਣਤੀ ਕਰਨੀ ਸੰਭਵ ਨਹੀਂ। ਜਦੋਂ ਪੱਤਰਕਾਰ ਨੇ ਇਸ ਦਾ ਕਾਰਨ ਪੁੱਛਿਆ ਤਾਂ ਦੁਕਾਨਦਾਰ ਨੇ ਬਿਨਾਂ ਝਿਜਕ, ਫੌਰਨ ਜਵਾਬ ਦਿੱਤਾ, ‘ਜਿਹੜੇ ਜਿਊਂਦੇ ਜੀਅ, ਆਪ ਵਿਕ ਜਾਂਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਨਹੀਂ ਵਿਕਦੀਆਂ। ਸਿੱਖ, ਕੌਮ ਲਈ ਸੱਚੇ-ਦਿਲੋਂ ਮਰ-ਮਿਟਣ ਵਾਲਿਆਂ ਦੀ ਯਾਦ ਨੂੰ ਹੀ ਸਾਂਭ ਕੇ ਰੱਖਦੇ ਹਨ, ਕੂੜੇ-ਕਰਕਟ ਨੂੰ ਨਹੀਂ।’
ਪ੍ਰਕਾਸ਼ ਸਿੰਘ ਬਾਦਲ ਆਪਣੇ ਤਨ ਨੂੰ ਜਿੰਨੇ ਮਰਜ਼ੀ ਖਿਤਾਬਾਂ ਨਾਲ ਢਕ ਲਵੇ, ਉਸ ਦਾ ਕਰੂਪ ਹਿੰਦੂਤਵੀ ਚਿਹਰਾ ਅਤੇ ਕੌਮ ਘਾਤਕ ਏਜੰਡਾ ਉਸ ਨੂੰ ਸਿੱਖ ਯਾਦਾਂ ਵਿੱਚ, ਲਖਪਤ ਰਾਏ, ਸੁੱਚਾ ਨੰਦ ਸ਼੍ਰੇਣੀ ਵਿੱਚ ਹੀ ਰੱਖੇਗਾ। ਸੰਤ ਭਿੰਡਰਾਂਵਾਲਿਆਂ ਨੇ ਬਾਦਲ-ਸ਼ਖਸੀਅਤ ਦਾ ਲੇਖਾ-ਜੋਖਾ ਸਿਰਫ ਇੱਕ ਫਿਕਰੇ ਵਿੱਚ ਹੀ ਇਉਂ ਕੀਤਾ ਹੋਇਆ ਹੈ, ‘ਇਸ ਦੀ ਪਤਲੂਨ ਲੁਹਾ ਕੇ ਵੇਖੋ, ਇਸ ਨੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ।’
ਕੀ ਅੱਜ ਬਾਦਲ ਦੀ ਮੁੱਛ ਦਾ ਵਾਲ ਬਣੇ ਸੰਤ ਸਮਾਜ ਵਾਲੇ, ਸੰਤਾਂ ਦੇ ਇਸ ਕਥਨ ਦੀ ਕਥਾ ਵਿਆਖਿਆ ਉਵੇਂ ਹੀ ਕਰਕੇ ਦੱਸਣਗੇ ਜਿਵੇਂ ਕਿ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਸੁਣਾਉਂਦੇ ਹਨ? ਗਾਲਿਬ ਦਾ ਇਹ ਸ਼ੇਅਰ ਸਮੁੱਚੇ ਬਾਦਲ ਲਾਣੇ ਦੇ ਕਿਰਦਾਰ ’ਤੇ ਬਿਲਕੁਲ ਠੀਕ ਢੁਕਦਾ ਹੈ –
‘ਕਿਸ ਮੂੰਹ ਸੇ ਜਾਓਗੇ ਕਾਬਾ ਗਾਲਿਬ, ਕਿ ਸ਼ਰਮ ਤੁਮ ਕੋ ਮਗਰ ਨਹੀਂ ਆਤੀ।’
Related Topics: Akal Takhat Sahib, Badal Dal, Shiromani Gurdwara Parbandhak Committee (SGPC)