ਲਖਨਊ (23 ਜੂਨ, 2015): ਭਾਰਤ ਵਿੱਚ ਹਿੰਦੂਵਾਦੀ ਤਾਕਤਾਂ ਦੇ ਸਹਿਯੋਗ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਨਾਲ ਭਾਰਤ ਦਾ ਹਿੰਦੂਕਰਨ ਕਰਨ ਹਿੱਤ ਭਗਵਾ ਜੱਥੇਬੰਦੀਆਂ ਵੱਲੋਂ ਰਾਜਸੀ ਸ਼ਹਿ ‘ਤੇ ਨਿੱਤ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਐਲਾਨ ਕੀਤੇ ਜਾ ਰਹੇ ਹਨ।
ਇਸੇ ਪ੍ਰਕਰਣ ਵਿੱਚ ਭਾਰਤ ਦੇਸ਼ ਦੀ ਭਗਵਾਂ ਬਿ੍ਰਗੇਡ ਹਿੰਦੂ ਮਹਾਂਸਭਾ ਵਲੋਂ ‘‘ਹਿੰਦੂ, ਹਿੰਦੀ, ਹਿੰਦੁਸਤਾਨ’’ ਦੇ ਨਾਅਰੇ ਦੀ ਪੂਰਤੀ ਵੱਲ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਤੋਂ ਦੇਸ਼ ਨੂੰ ਇਸਲਾਮ ਮੁਕਤ ਭਾਰਤ ਬਣਾਉਣ ਦੀ ਲਹਿਰ ਚਲਾਉਣ ਦਾ ਐਲਾਨ ਕਰਕੇ ਸਨਸਨੀ ਫੈਲਾ ਦਿੱਤੀ ਹੈ।
ਰੋਜ਼ਾਨਾ ਪਹਿਰੇਦਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਮਹਾਂਸਭਾ ਨੇ ਆਖਿਆ ਹੈ ਕਿ ਉਹ ਹਰ ਹਿੰਦੂ ਘਰ ਨੂੰ ਮੁਸਲਿਮ ਕੱਟੜਪੰਥੀਆਂ ਤੋਂ ਰੱਖਿਆ ਲਈ ਇਕ ਇਕ ਕ੍ਰਿਪਾਨ ਵੀ ਦੇਵੇਗੀ। ਮਹਾਂਸਭਾ ਨੇ ਮੋਦੀ ਸਰਕਾਰ ਤੋਂ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਦੀ ਮੰਗ ਕੀਤੀ ਹੈ। ਹਿੰਦੂ ਮਹਾਂਸਭਾ ਦੀ ਲਖਨਊ ਵਿਚ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਮਹਾਂਸਭਾ ਦੇ ਇਸ ਏਜੰਡੇ ਤੇ ਮੋਹਰ ਲਾ ਦਿੱਤੀ ਹੈ।
ਇਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾ ਇਹ ਸੰਸਥਾ ਗਦਾਰੋ ਭਾਰਤ ਛੱਡੋ ਮੁਹਿੰਮ ਵੀ ਚਲਾ ਚੁੱਕੀ ਹੈ। ਮਹਾਂਸਭਾ ਦੇ ਕਾਰਜਕਾਰੀ ਕੌਮੀ ਪ੍ਰਧਾਨ ਕਮਲੇਸ਼ ਤਿਵਾੜੀ ਨੇ ਇਸ ਸਮੇਂ ਦੱਸਿਆ ਕਿ ਸਾਉਣ ਦੇ ਪਹਿਲੇ ਸੋਮਵਾਰ ਨੂੰ ਕਾਂਸ਼ੀ ਦੇ ਵਿਸ਼ਵਾਨਾਥ ਮੰਦਰ ’ਚ ਪੂਜਾ ਤੋਂ ਬਾਅਦ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।