ਬਠਿੰਡਾ: ਬਠਿੰਡਾ ਇਲਾਕੇ ਵਿੱਚ ਭਾਰਤੀ ਨੀਮ ਫੌਜੀ ਦਸਤਿਆਂ ਦੇ ਆਉਣ ਮਗਰੋਂ ਪੰਜਾਬ ਪੁਲਿਸ ਨੇ ਮੁੱਖ ਸੜਕਾਂ ਉੱਤੇ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਆਉਂਦੀਆਂ ਜਾਂਦੀਆਂ ਗੱਡੀਆਂ ਵਿੱਚੋਂ ਡਾਂਗਾਂ ਆਦਿ ਤਲਾਸ਼ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਖਦਸ਼ਾ ਹੈ ਕਿ ਵਿਵਾਦਤ ਡੇਰਾ ਸਿਰਸਾ ਦੇ ਪੈਰੋਕਾਰ ਆਪਣੀਆਂ ਸ਼ਾਖਾਵਾਂ ਜਿਸ ਨੂੰ ਕਿ ਉਹ “ਨਾਮ ਚਰਚਾ ਘਰ” ਕਹਿੰਦੇ ਹਨ, ਵਿੱਚ ਡਾਂਗਾਂ ਅਤੇ ਹੋਰ ਮਾਰੂ ਹਥਿਆਰ ਇਕੱਠੇ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਖ਼ਿਲਾਫ਼ ਪੰਚਕੂਲਾ ਦੀ ਅਦਾਲਤ ਵਿਚ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਚੱਲ ਰਹੇ ਕੇਸ ਦਾ 25 ਅਗਸਤ ਨੂੰ ਫੈਸਲਾ ਆਉਣ ਦੀ ਉਮੀਦ ਹੈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਮੁੱਖ ਡੇਰਾ ਸਲਾਬਤਪੁਰਾ ਦੇ ਚੁਫੇਰੇ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਹੈ ਅਤੇ ਡੇਰਾ ਸਲਾਬਤਪੁਰਾ ਦੀਆਂ ਦੁਕਾਨਾਂ ਵੀ ਸੋਮਵਾਰ ਨੂੰ ਬੰਦ ਹੋ ਗਈਆਂ ਹਨ। ਇਕ ਪੰਜਾਬੀ ਰੋਜ਼ਾਨਾ ਦੀ ਖ਼ਬਰ ਮੁਤਾਬਕ ਪਿੰਡ ਦੁੱਲੇਵਾਲਾ ਦੇ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਵੱਡੀ ਗਿਣਤੀ ਵਿਚ ਤਾਇਨਾਤੀ ਮਗਰੋਂ ਆਮ ਲੋਕਾਂ ਨੂੰ ਖਦਸ਼ਾ ਹੈ ਕਿ ਮੁੜ 2007 ਵਾਲਾ ਮਾਹੌਲ ਬਣ ਸਕਦਾ ਹੈ। ਬਠਿੰਡਾ ਜ਼ਿਲ੍ਹੇ ਵਾਸਤੇ ਭਾਰਤੀ ਨੀਮ ਫੌਜੀ ਦਸਤਿਆਂ ਦੀਆਂ ਡੇਢ ਦਰਜਨ ਕੰਪਨੀਆਂ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਛੇ ਕੰਪਨੀਆਂ ਪੁੱਜ ਗਈਆਂ ਹਨ।
ਬਠਿੰਡਾ ਦੇ ਡੀ.ਏ.ਵੀ ਕਾਲਜ ਵਿੱਚ ਭਾਰਤੀ ਨੀਮ ਫੌਜੀ ਦਸਤਿਆਂ ਦੀਆਂ ਠਹਿਰਾਂ ਬਣਾ ਦਿੱਤੀਆਂ ਗਈਆਂ ਹਨ। ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਦੇ ਟਰੇਨਿੰਗ ਸੈਂਟਰਾਂ ਵਿੱਚੋਂ 500 ਰੰਗਰੂਟ ਪੁੱਜ ਗਏ ਹਨ। ਪੁਲਿਸ ਵੱਲੋਂ ਉਨ੍ਹਾਂ ਡੇਰਾ ਪੈਰੋਕਾਰਾਂ ਦੇ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਦਫ਼ਾ 144 ਲਗਾਈ ਹੋਈ ਹੈ। ਬਠਿੰਡਾ ਸ਼ਹਿਰ ਵਿੱਚ ਸੋਮਵਾਰ ਜ਼ਿਲ੍ਹਾ ਪੁਲਿਸ ਨੇ ਨੀਮ ਫੌਜੀ ਦਸਤਿਆਂ ਨਾਲ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ।
ਰਾਮ ਰਹੀਮ ਦੇ ਬਲਾਤਕਾਰ ਕੇਸ ਦੇ ਫੈਸਲੇ ਨੂੰ ਦੇਖਦਿਆਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਚਾਰ ਹੋਸਟਲਾਂ ’ਚ ਰਹਿੰਦੇ ਵਿਦਿਆਰਥੀ ਆਪਣੇ ਆਪਣੇ ਘਰਾਂ ਨੂੰ ਤੁਰ ਗਏ ਹਨ। ਹਿੰਸਾ ਹੋਣ ਦੀਆਂ ਸੰਭਾਵਨਾਵਾਂ ਕਾਰਨ ਵਿਦਿਆਰਥੀਆਂ ‘ਚ ਡਰ ਦਾ ਮਾਹੌਲ ਹੈ।