ਚੰਡੀਗੜ੍ਹ, ਪੰਜਾਬ (8 ਫਰਵਰੀ, 2012 – ਸਿੱਖ ਸਿਆਸਤ): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਖਿਲਾਫ ਸਿਆਸੀ ਕਾਰਨਾਂ ਕਰਕੇ ਦਰਜ਼ ਕੀਤੇ ਗਏ ਮਾਨਸਾ ਕੇਸ ਵਿਚੋਂ ਜਮਾਨਤ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੋਣੀ ਸੀ ਪਰ ਜੱਜ ਅਲੋਕ ਸਿੰਘ ਵੱਲੋਂ ਦੋਹਰੇ ਬੈਂਚ ਦੇ ਰੁਝੇਵਿਆਂ ਵਿਚ ਰੁਝੇ ਰਹਿਣ ਨਾਲ ਪੱਕੀ ਜਮਾਨਤ ਵਾਲੇ ਇਕੱਲੇ ਬੈਂਚ ਵਾਲੇ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਗਈ।
ਇਸ ਮਾਮਲੇ ਵਿਚ ਹੁਣ 16 ਫਰਵਰੀ, 2012 ਤਰੀਕ ਮਿੱਥੀ ਗਈ ਹੈ। ਇਸ ਮਾਮਲੇ ਦੇ ਮਾਨਸਾ ਵਿਚ ਚੱਲ ਰਹੇ ਮੁਕਦਮੇਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ ਵਿਚ ਹੁਣ ਤੱਕ ਕਈ ਨਾਟਕੀ ਮੋੜ ਆ ਚੁੱਕੇ ਹਨ। ਇਸ ਮਾਮਲੇ ਵਿਚ ਮੁੱਖ ਗਵਾਹ ਅਦਾਲਤ ਵਿਚ ਕਈ ਵਾਰ ਬਿਆਨ ਦੇ ਚੁੱਕਾ ਹੈ ਕਿ ਭਾਈ ਦਲਜੀਤ ਸਿੰਘ ਤੇ ਸਾਥੀਆਂ ਦਾ ਇਸ ਮਾਮਲੇ ਨਾਲ ਕੋਈ ਸਰੋਕਾਰ ਨਹੀਂ ਹੈ ਪਰ ਪੁਲਿਸ ਅਤੇ ਸਰਕਾਰੀ ਵਕੀਲ ਇਸ ਮਾਮਲੇ ਵਿਚ ਭਾਈ ਦਲਜੀਤ ਸਿੰਘ ਨੂੰ ਫਸਾਉਣ ਦੇ ਸਿਰਤੋੜ ਯਤਨ ਕਰ ਰਹੇ ਹਨ। ਮੁੱਖ ਗਵਾਹ ਹਾਈ ਕੋਰਟ ਵਿਚ ਵੀ ਹਲਫਨਾਮਾ ਦਾਇਰ ਕਰ ਚੁੱਕਾ ਹੈ ਕਿ ਪੰਜਾਬ ਪੁਲਿਸ ਉਸ ਉੱਤੇ ਭਾਈ ਦਲਜੀਤ ਸਿੰਘ ਖਿਲਾਫ ਝੂਠੀ ਗਵਾਹੀ ਦੇਣ ਲਈ ਦਬਾਅ ਪਾ ਰਹੀ ਹੈ।
ਜਿਥੋਂ ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਮਾਨਤ ਦੀ ਸੁਣਵਾਈ ਦਾ ਸਵਾਲ ਹੈ, ਹਾਈ ਕੋਰਟ ਦੇ ਜੱਜ ਅਲੋਕ ਸਿੰਘ ਕੋਲ ਮਾਮਲੇ ਦੀ ਸੁਣਵਾਈ ਕਾਫੀ ਸਮੇਂ ਤੋਂ ਲਮਕ ਰਹੀ ਹੈ। ਕਾਨੂੰਨੀ ਮਾਹਰਾਂ ਤੇ ਭਾਈ ਦਲਜੀਤ ਸਿੰਘ ਦੇ ਵਕੀਲਾਂ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਵਿਚ ਕੁਝ ਵੀ ਨਹੀਂ ਹੈ ਤੇ ਹਾਈ ਕੋਰਟ ਵਿਚੋਂ ਜਮਾਨਤ ਮਿਲ ਜਾਣ ਦੇ ਕਾਫੀ ਅਸਾਰ ਹਨ ਪਰ ਮਾਮਲੇ ਦੀ ਸੁਣਵਾਈ ਨਾ ਹੋ ਸਕਣ ਕਾਰਨ ਦੇਰੀ ਹੋ ਰਹੀ ਹੈ।