ਹਰਿੰਦਰ ਸਿੰਘ ਮਹਿਬੂਬ ਦੀ ਤਸਵੀਰ

ਚੋਣਵੀਆਂ ਲਿਖਤਾਂ

ਸ ਹਰਿੰਦਰ ਸਿੰਘ ਮਹਿਬੂਬ ਨੂੰ ਯਾਦ ਕਰਦਿਆਂ : ‘ਸੱਜਣ ਮੇਰੇ ਰੰਗੁਲੇ ,ਜਾਇ ਸੁੱਤੇ ਜੀਰਾਣ’

By ਸਿੱਖ ਸਿਆਸਤ ਬਿਊਰੋ

February 01, 2019

14 ਫਰਵਰੀ, 2010 ਨੂੰ ‘ਫ਼ਕੀਰ ਤਬੀਅਤ, ਦਰਵੇਸ਼-ਕਵੀ, ਸਿੱਖ ਚਿੰਤਕ, ਮਰਹੂਮ ਸਰਦਾਰ ਹਰਿੰਦਰ ਸਿੰਘ ਮਹਿਬੂਬ’ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ੳਨ੍ਹਾਂ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਬੜੀ ਬਹਾਦਰੀ ਨਾਲ ਲੜਾਈ ਲੜੀ ਪਰ ਅਖੀਰ ਉਹ ਆਪਣੀ ਪ੍ਰੀਤ ਪੁਗਾ ਕੇ (ਸੇਵਕ ਕੀ ੳੜਕਿ ਨਿਬਹੀ ਪ੍ਰੀਤ) ਆਪਣੇ ਮਾਹੀ-ਪ੍ਰੀਤਮ ਦੇ ਦੇਸ਼ ਉਡਾਰੀਆਂ ਮਾਰ ਗਏ।

ਮਹਿਬੂਬ ਜੀ ਨੇ ਆਪਣੇ ਜਾਣ ਦਾ ਦਿਨ (14 ਫਰਵਰੀ) ਵੀ, ਅੰਤਰੀਵ ਮੁਹੱਬਤ ਦੇ ਦਿਨ – ਵੈਲਨਟਾਈਨ ਡੇਅ ਨੂੰ ਚੁਣ ਕੇ, ਆਪਣੇ ਪਿਆਰੇ ਦੇ ਪਿਆਰ ਵਿੱਚ ਗ਼ੜੂੰਦ ਹੋਣ ਦਾ ‘ਇਲਾਹੀ ਸੰਕੇਤ’ ਛੱਡਿਆ। ਈਸਾਈ ਪ੍ਰੰਪਰਾ ਵਿੱਚ ‘ਸੰਤ’ ਦੀ ਪਦਵੀ ਨੂੰ ਪ੍ਰਾਪਤ ਸੰਤ ਵੈਲਨਟਾਈਨ, ਜਿਸ ਦੇ ਸ਼ਹੀਦੀ ਦਿਨ ਦੀ ਯਾਦ ਵਿੱਚ ਪੋਪ ਜੈਲੇਸੀਅਸ ਨੇ ਸੰਨ 496 ਈ. ਵਿੱਚ 14 ਫਰਵਰੀ ਦਾ ਦਿਨ, ‘ਸੰਤ ਵੈਲਨਟਾਈਨ ਡੇਅ’ ਵਜੋਂ ਐਲਾਨਿਆ ਸੀ – ਮਨੁੱਖਤਾ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸਨ। ਉਸ ਨੇ ਬਹੁਤ ਪਰਉਪਕਾਰ ਦੇ ਕੰਮ ਕੀਤੇ। ਆਪਣੇ ਈਸਾਈ ਵਿਸ਼ਵਾਸਾਂ ਕਰਕੇ, ਉਸ ਨੂੰ ਬਾਦਸ਼ਾਹ ਕਲਾਡੀਅਸ ਤੀਸਰੇ ਨੇ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਧਰਮ ਪਰਿਵਰਤਨ ਲਈ ਕਿਹਾ, ਪਰ ਉਹ ਆਪਣੇ ਅਕੀਦੇ ‘ਤੇ ਅਡਿੱਗ ਰਿਹਾ। ਜੇਲ਼੍ਹ ਵਿੱਚ ਇੱਕ ਪਾਸੇ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ ਪਰ ਦੂਸਰੇ ਪਾਸੇ ਉਸ ਤੋਂ ਵਰੋਸਾਏ ਹੋਏ ਲੋਕ, ਜੇਲ੍ਹ ਦੇ ਬਾਹਰ ਚੋਰੀ -ਛਿਪੇ ਫੁੱਲਾਂ ਦੇ ਗੁਲਦਸਤੇ ਰੱਖ ਜਾਂਦੇ ਸਨ। ਇਹ ਦਿਨ ਹੁਣ ‘ਪ੍ਰੇਮ ਪਛਾਣ’ ਦਾ ਦਿਨ ਬਣ ਚੁੱਕਾ ਹੈ। ਠੀਕ ਇਸੇ ਤਰ੍ਹਾਂ ਸਰਦਾਰ ਮਹਿਬੂਬ ਇੱਕ ‘ਬਾਗੀ ਸਿੱਖ ਚਿੰਤਕ’ ਵਾਂਗ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ, ਪੁਲੀਸ ਥਾਣਿਆਂ ਦੇ ਚੱਕਰ ਵੀ ਕੱਟਦੇ ਰਹੇ, ਆਰਥਿਕ ਤੰਗ-ਦਸਤੀ ਨਾਲ ਵੀ ਘੁਲਦੇ ਰਹੇ ਪਰ ਉਹ ਸਾਬਤ ਕਦਮਾਂ ਨਾਲ, ਇਲਾਹੀ ਨਦਰ ਦੇ ਵਰੋਸਾਏ ਹੋਏ, ਆਪਣੇ ਗੁਰੂ-ਪ੍ਰੀਤਮ ਦੇ ‘ਇਲਾਹੀ ਨਦਰ ਦੇ ਪੈਂਡੇ’ ਵਿੱਚ ਮਸਤ ਝੂਮਦੇ ਰਹੇ।

ਉਨ੍ਹਾਂ ਆਪਣਾ ਸਾਹਿਤਕ ਸਫਰ ਸਾਹਿਤ ਦੀ ਖਾਤਰ ਨਹੀਂ ਤਹਿ ਕੀਤਾ ਬਲਕਿ ਇਸ ਨੂੰ ‘ਸਿੱਖੀ ਸਿਦਕ ਦਾ ਸਫਰ’ ਬਣਾਇਆ। ਚੇਤੰਨ ਬੁੱਧੀ, ਰੌਸ਼ਨ ਦਿਮਾਗ ਤੇ ਬਾਗੀਆਨਾ ਤਬੀਅਤ ਨੇ, ਪਹਿਲਾਂ ਪਹਿਲ ਉਨ੍ਹਾਂ ਨੂੰ ‘ਖੱਬੇ ਪੱਖੀ ਚਿੰਤਨ’ ਵਲ ਵੀ ਆਕਰਸ਼ਿਤ ਕੀਤਾ। ੳਨ੍ਹਾਂ ਨੇ ਚੀਨੀ ਕ੍ਰਾਂਤੀਕਾਰੀ ਮਾਓ ਜੇ ਤੁੰਗ ਦੇ ‘ਲੌਂਗ ਮਾਰਚ’ ਨੂੰ ਆਪਣੀ ਸਿਰਜਣਾ ਵਿੱਚ ਵਿਸ਼ੇਸ਼ ਥਾਂ ਦਿੱਤੀ। ਉਨ੍ਹਾਂ ‘ਤੇ ‘ਪਿਆਰ ਦੀ ਮਸਤੀ ਤੇ ਧਮਾਲ’ ਦਾ ਸੂਫੀਆਨਾ ਰੰਗ ਵੀ ਚੜ੍ਹਿਆ, ਜਿਸ ਦੀ ਨਿਸ਼ਾਨੀ ਹਰਾ ਰੰਗ, ੳਨ੍ਹਾਂ ਦਾ ਇੰਨਾ ਪਸੰਦੀਦਾ ਰੰਗ ਬਣਿਆ ਕਿ ਉਨ੍ਹਾਂ ਨੇ ਹਮੇਸ਼ਾ ਹਰੇ ਰੰਗ ਦੀ ਦਸਤਾਰ ਹੀ ਸਜਾਈ। ਪਰ ਅਖੀਰ ੳਨ੍ਹਾਂ ਦੀ ਸੁਰਤ ਗੁਰੂ ਚਰਨਾਂ ਵਿੱਚ ਆ ਕੇ ਸੁਰਖਰੂ ਹੋਈ। ਇਸ ਪਿਆਰ ਸੁਰਤ ਦੇ ਆਨੰਦ ਰਸ ਨੂੰ ਉੱਜਲ-ਬੁੱਧ ਦੇ ਗਿਆਨ ਵਿੱਚ ਡੋਬ ਕੇ, ਫਿਰ ਗੁਰੂ ਪਿਆਰ ਦੀਆਂ ਉਨ੍ਹਾਂ ਉਹ ਧਮਾਲਾਂ ਪਾਈਆਂ, ਜਿਹੜੀਆਂ ਇਸ ਤੋਂ ਪਹਿਲਾਂ ਸਿਰਫ 20ਵੀਂ ਸਦੀ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੂੰ ਹੀ ਨਸੀਬ ਹੋਈਆਂ ਸਨ।

ਗੁਰੂ-ਪ੍ਰੀਤ ਨੇ ਉਨ੍ਹਾਂ ਦੇ ਅੰਦਰ ਪਿਆਰ ਦਾ ਹੜ੍ਹ ਲੈ ਆਂਦਾ। ਭਾਵੇਂ ਕਹਿਣ ਨੂੰ ਤਾਂ ਉਹ ਗੜ੍ਹਦੀਵਾਲਾ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਜਾਂ ਪ੍ਰਿੰਸੀਪਲ ਦੀ ਸੇਵਾ ਕਰ ਰਹੇ ਸਨ ਪਰ ਉਹ ਤਾਂ ਪ੍ਰੇਮ-ਦੀਵਾਨੇ ਭਉਰਿਆਂ ਵਾਂਗ ‘ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ’ ਵਾਲੀ ਹਾਲਤ ਵਿੱਚ ਵਿਚਰਦੇ ਸਨ। ਉਨ੍ਹਾਂ ਦੀ ਚੇਤੰਨ-ਸੋਝੀ ‘ਚੋਂ ‘ਸਹਿਜੇ ਰਚਿਓ ਖਾਲਸਾ’ ਦਾ ਆਵੇਸ਼ ਵੀ ਪ੍ਰਗਟ ਹੋਇਆ ਅਤੇ ‘ਝਨਾਂ ਦੀ ਰਾਤ’ ਦੀ ਬਾਤ ਨੇ ਵੀ ਜੱਗ-ਰੌਸ਼ਨਾਹਟ ਕੀਤੀ।

ਨਨਕਾਣੇ ਦੀ ਮਿੱਟੀ ਦੇ ਜ਼ਰੇ-ਜ਼ਰੇ ‘ਚੋਂ, ਬਾਬਾ ਨਾਨਕ ਦੀ ਸੁਗੰਧੀ ਨੂੰ ਫਿਜ਼ਾ ਵਿੱਚ ਮਹਿਸੂਸ ਕਰਨ ਵਾਲੇ ‘ਮਹਿਬੂਬ’ ਨੇ ਆਪਣੇ ਮਹਿਬੂਬ ਨਾਨਕ ਦੀ ਯਾਦ ਵਿੱਚ – ‘ਇਲਾਹੀ ਨਦਰ ਦੇ ਪੈਂਡੇ’ ਦਾ ਮਹਾਂ-ਕਾਵਿ ਰਚਿਆ। ਫਿਰ ਨੀਲੇ ਦੇ ਸ਼ਾਹ ਅਸਵਾਰ ਦੀ ਕਲਗੀ ਦੀਆਂ ਨੂਰੀ-ਰਿਸ਼ਮਾਂ ਦੇ ਚਾਨਣ ਵਿੱਚ, ਦਸਮੇਸ਼ ਪਿਤਾ ਦੀ ਇਲਾਹੀ-ਬਾਟ ਨੂੰ ਵੀ ਜੋਹਿਆ। ਬਾਕੀ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਦਾ ‘ਇਲਾਹੀ ਰਾਗ’ ਅਲਾਪਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦਰਗਾਹੀ ਸੱਦਾ ਆ ਗਿਆ। ‘ਸੁਣ ਕੇ ਸੱਦ ਮਾਹੀ ਦਾ, ਮਹਿ ਘਾਹ-ਪਾਣੀ ਮੂਤੋ ਨੀ’ ਵਾਂਗ, ਇਸ ਮੌਲੇ ਸਾਈਂ ਨੇ ਆਪਣੀ ਕਲਮ-ਦਵਾਤ ਦਾ ਫਿਕਰ ਛੱਡ ਕੇ, ਨੀਲੇ ਦੇ ਅਸਵਾਰ ਦੀ ‘ਕੰਨੀ’ ਘੁੱਟ ਫੜੀ ਅਤੇ ਵੇਖਦਿਆਂ ਵੇਖਦਿਆਂ ਅਸਮਾਨਾਂ ਵਿੱਚ ਅਲੋਪ ਹੋ ਗਿਆ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ:

‘ਸਿਖਰ ਦੁਪਹਿਰੇ ਤਪ ਤਪ ਜਾਂਦੇ, ਡਾਢੀਆਂ ਵਾਲੇ ਫੇਰਾ ਨਾ ਪਾਂਦੇ। ਇੱਕ ਜਨਮ ਵਿੱਚ ਫੇਰਾ ਪਾ ਕੇ, ਲਖ ਜਨਮ ਵਿੱਚ ਕੌਲ ਨਿਭਾਂਦੇ।’

ਉਨ੍ਹਾਂ ਨੇ ‘ਝਨਾਂ ਦੀ ਰਾਤ’ ਵਿਚਲੀ ਆਪਣੀ ਸੱਤਵੀਂ ਕਾਵਿ-ਪੁਸਤਕ ‘ਸ਼ਹੀਦ ਦੀ ਅਰਦਾਸ’ ਨੂੰ ‘ਸਮਰਪਣ’ ਕਰਦਿਆਂ ਇਹ ਸ਼ਬਦ ਲਿਖੇ ਸਨ:

‘ਜਿਹੜੇ ਕੌਮ ਦੀ ਲਹੂ-ਭਿੱਜੀ ਤਕਦੀਰ ਉੱਤੇ ਗਮਗੀਨ ਹੋਏ, ਜਿਹੜੇ ਸਿਦਕ ਦੇ ਬਾਜ਼ ਦੇ ਹਾਣੀ ਸਨ, ਜਿਨ੍ਹਾਂ ਦੇ ਮੱਥੇ ਉੱਤੇ ਬੇ-ਅਣਖੇ ਲੋਕਾਂ ਲਈ ਕੋਈ ਸਦੀਵੀ ਉਲਾਂਭਾ ਲਿਖਿਆ ਸੀ, ਜਿਨ੍ਹਾਂ ਦੇ ਕਹਿਰ ਨੂੰ ਦੂਰ-ਦੁਰੇਡੀ ਕਿਆਮਤ ਨੇ ਦੇਖਿਆ,

ਉਨ੍ਹਾਂ ਕੌਮ ਦੀ ਪੱਤ ਰੱਖਣ ਵਾਲੇ ਦੋ ਸ਼ਹੀਦਾਂ ਦੇ ਨਾਂ’ ਸਰਦਾਰ ਮਹਿਬੂਬ ਰੁੱਖਾਂ ਦੀ ਜੀਰਾਂਦ ਵਾਲੀ ਦਰਵੇਸ਼ੀ ਪੁਗਾ ਕੇ ਪ੍ਰੀਤਮ ਦੀ ਗਲਵਕੜੀ ‘ਚੋਂ ਵੀ ‘ਸ਼ਹੀਦਾਂ ਦੀ ਬਰਕਤ’ ਯਾਦ ਕਰਵਾ ਰਹੇ ਨੇ:

‘ਗੁਮਨਾਮੀ ਦੇ ਭੌਜਲ ਅੰਦਰ ਜਦੋਂ ਕੌਮ ਦੀਆਂ ਪੈੜਾਂ। ਜਦੋਂ ਮਾਸੂਮਾਂ ਦੇ ਤਨ ਡੰਗੇ, ਛੁਪੇ ਪੁਰਾਣੇ ਵੈਰਾਂ। ਸਾਰ ਲਵੇ ਜੇ ਮਾਵਾਂ ਵਾਂਗੂ ਕੌਮ ਸ਼ਹੀਦਾਂ ਸੰਦੀ। ਫੇਰ ਨਾ ਕਦੇ ਉਲਾਂਭਾ ਦੇਵਣ, ਸਮੇਂ ਵਾਂਗ ਹੋ ਗੈਰਾਂ। (ਝਨਾਂ ਦੀ ਰਾਤ ‘ਚੋਂ’)

ਬੇਸ਼ੱਕ ਸਰੀਰਕ ਤੌਰ ‘ਤੇ ਮਹਿਬੂਬ ਜੀ ਸਾਡੇ ਵਿਚਕਾਰ ਨਹੀਂ ਪਰ ਇਸ ਫ਼ਕੀਰ ਤਬੀਅਤ, ਦਰਵੇਸ਼-ਕਵੀ, ਸਿੱਖ ਚਿੰਤਕ ਦੀ ਯਾਦ ਪੰਥ-ਪ੍ਰਸਤਾਂ ਦੇ ਸੀਨੇ ‘ਚ ਅੱਜ ਵੀ ਤਾਜ਼ਾ ਹੈ। ਨਵੀਂ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਦਰਵੇਸ਼ ਲੇਖਕਾਂ ਦੀਆਂ ਲਿਖਤਾਂ ਤੋਂ ਗਿਆਨ ਹਾਸਲ ਕਰਕੇ ਆਪਣਾ ਪੰਧ ਰੌਸ਼ਨ ਕਰੇ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: