ਚੰਡੀਗੜ੍ਹ – ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਆਖਿਆ ਕਿ ਕਿਸਾਨ ਅੰਦੋਲਨ ਪ੍ਰਤੀ ਮੋਦੀ ਸਰਕਾਰ ਦੀ ਗੈਰ ਸੰਜੀਦਗੀ ਅਰਾਜਕਤਾ ਪੈਦਾ ਕਰੇਗੀ। ਮੋਦੀ ਸਰਕਾਰ ਵੱਲੋਂ ਕਿਸਾਨੀ ਮਾਮਲੇ ਨੂੰ ਸੁਲਝਾਉਣ ’ਚ ਨਾਕਾਮ ਰਹਿਣ ਸਗੋਂ ਇਸ ਦੀ ਆੜ ’ਚ ਸਮਾਜੀ ਵੰਡ ਦੀ ਕੀਤੀ ਜਾ ਰਹੀ ਸ਼ਰਾਰਤ ਦੀ ਨਿਖੇਧੀ ਕਰਦਿਆਂ ਉਨ੍ਹਾਂ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨ ਵਾਪਸ ਲੈਣ ਪ੍ਰਤੀ ਰਾਸ਼ਟਰਪਤੀ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਵਿਚ ਖੇਤੀ ਅਤੇ ਕਿਸਾਨੀ ਮਾਮਲਿਆਂ ’ਚ ਵੱਡੇ ਬਦਲਾਅ ਅਤੇ ਯੋਜਨਾਬੰਦੀ ਲਈ ਨਾ ਤਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰਾਂ ਨਾਮੀ ’ਚ ਲਿਆ ਜਾਂਦਾ ਹੈ ਸਗੋਂ ਉਨ੍ਹਾਂ ’ਤੇ ਬਲਬੂਤੇ ਨਾਲ ਆਪਣੀ ਮਰਜ਼ੀ ਠੋਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀ ਕਿਸਾਨੀ ਲੱਕ ਬੰਨ੍ਹ ਕੇ ਸੰਘਰਸ਼ ਕਰ ਰਹੀ ਹੈ ਅਤੇ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਅੰਦੋਲਨ ’ਚ ਹਰਿਆਣਾ ਦੇ ਕਿਸਾਨਾਂ ਨੇ ਆਪਣੀ ਅਹਿਮ ਭੂਮਿਕਾ ਅਦਾ ਕਰਦਿਆਂ ਛੋਟੇ ਭਰਾ ਹੋਣ ਦਾ ਸਬੂਤ ਦਿੱਤਾ ਤੇ ਫਰਜ ਨਿਭਾਇਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਅੰਦੋਲਨ ਰਾਹੀਂ ਭਾਰਤੀ ਕਿਸਾਨੀ ਨੇ ਵਿਸ਼ਵ ਲੀਡਰਸ਼ਿਪ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਉਨ੍ਹਾਂ ਕਿਸਾਨੀ ਲੀਡਰਸ਼ਿਪ ਅਤੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿਸਾਨਾਂ ਨੇ ਸਿਦਕ, ਹਿੰਮਤ ਦਲੇਰੀ ਅਤੇ ਸੂਝ ਸਿਆਣਪ ਨਾਲ ਹਰ ਚੁਨੌਤੀ ਦਾ ਟਾਕਰਾ ਕਰਦਿਆਂ ਨਵੇਂ ਕੀਰਤੀਮਾਨ ਦੇ ਝੰਡੇ ਗੱਡ ਵਿਖਾਏ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿਖੇ ਸਮਾਜਿਕ ਜ਼ਿੰਮੇਵਾਰੀ, ਮਾਨਵੀ ਮਰਯਾਦਾ ਦਾ ਪਾਲਣ ਕਰਨ ਦੇ ਨਾਲ ਨਾਲ ਮੂਲ ਪੰਜਾਬੀ ਕਿਰਦਾਰ ਦਾ ਪੱਲਾ ਨਾ ਛੱਡਣ ਦੀ ਵੀ ਅਪੀਲ ਕੀਤੀ। ਅਖੀਰ ’ਚ ਉਨ੍ਹਾਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਜੋਸ਼, ਹਿੰਮਤ ਤੇ ਬਹਾਦਰੀ ਦੇ ਨਾਲ ਨਾਲ ਪਲ-ਪਲ ਬਦਲਦੇ ਹਾਲਾਤ ਤੇ ਚਤੁਰ ਸਿਆਸਤਦਾਨਾਂ ਤੇ ਹੰਢੇ ਅਫ਼ਸਰਸ਼ਾਹਾਂ ਦੀਆਂ ਚਾਲਾਂ ਪ੍ਰਤੀ ਸੁਚੇਤ ਰਹਿਣ ਅਤੇ ਪਰਪੱਕ ਸੂਝ-ਬੂਝ ਨਾਲ ਰਣਨੀਤੀ ਅਪਣਾਉਣ ਲਈ ਕਿਹਾ।