ਆਮ ਖਬਰਾਂ

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

By ਪਰਦੀਪ ਸਿੰਘ

December 26, 2011

ਫ਼ਤਹਿਗੜ੍ਹ ਸਾਹਿਬ (26 ਦਸੰਬਰ, 2011): ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਿਦੁਆਰ ਦੀ ਜੱਦੀ ਜਗ੍ਹਾ ਤੇ ਮੁੜ ਉਸਾਰੀ ਵਾਸਤੇ ਅੱਜ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜਣ ਦੇ ਤੈਅ ਪ੍ਰੋਗਰਾਮ ਅਨੁਸਾਰ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਨੇ ਮੁੱਖ ਮੰਤਰੀ ਲਈ ਇੱਕ ਮੰਗ ਪੱਤਰ ਸ੍ਰੀ ਯਸਵੀਰ ਮਹਾਜਨ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਸੌਂਪਿਆ। ਸ੍ਰੀ ਮਹਾਜਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਮੰਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾ ਦਿੱਤੀ ਜਾਵੇਗੀ। ਡੀ.ਸੀ. ਨੂੰ ਮੰਗ ਪੱਤਰ ਸੌਂਪਣ ਵਾਲੇ ਵਫ਼ਦ ਵਿੱਚ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਯੂਥ ਆਗੂ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਪ੍ਰਮਿੰਦਰ ਸਿੰਘ ਕਾਲਾ, ਅਮਰਜੀਤ ਸਿੰਘ ਬਡਗੁਜਰਾਂ, ਹਰਪ੍ਰੀਤ ਸਿੰਘ ਹੈਪੀ, ਹਰਪਾਲ ਸਿੰਘ ਸ਼ਹੀਦਗੜ੍ਹ, ਆਦਿ ਸ਼ਾਮਿਲ ਸਨ। ਮੰਗ ਪੱਤਰ ਵਿੱਚ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਗਿਆ ਹੈ 1984 ਵਿਚ ਇਹ ਗੁਰਦੁਆਰਾ ਸਿੱਖ ਵਿਰੋਧੀ ਅਨਸਰਾਂ ਵੱਲੋਂ ਢਹਿ-ਢੇਰੀ ਕਰ ਦਿੱਤਾ ਗਿਆ।

ਬਾਅਦ ਵਿਚ ਉਥੇ ਉਤਰਾਖੰਡ ਦੀ ਸਰਕਾਰ ਨੇ ਕਬਜਾ ਕਰਕੇ ਸਰਕਾਰੀ ਦਫਤਰ ਅਤੇ ਦੁਕਾਨਾਂ ਉਸਾਰ ਦਿੱਤੀਆਂ ਅਤੇ ਇਸ ਪਾਵਨ ਅਸਥਾਨ ਗੁਰਦੁਆਰਾ ਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ। ਪੰਚ ਪ੍ਰਧਾਨੀ ਦੇ ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਦੇ ਜਜ਼ਬਾਤ ਜਖ਼ਮੀ ਹਨ ਅਤੇ ਉਹ ਆਪਣੇ ਇਸ ਪਾਵਨ ਅਸਥਾਨ ਨੂੰ ਗਵਾ ਕੇ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ। ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।ਸਮੇਂ-ਸਮੇਂ ਸਿਰ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉਤਰਾਖੰਡ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਦੱਸਿਆ ਗਿਆ ਅਤੇ ਚਿੱਠੀ ਪੱਤਰ ਵੀ ਕੀਤਾ ਗਿਆ ਪਰ ਕਿਸੇ ਤੋਂ ਵੀ ਕੋਈ ਤਸੱਲੀਬਖਸ਼ ਉ¤ਤਰ ਨਹੀਂ ਮਿਲਿਆ ਅਤੇ ਅਤੇ ਨਾ ਹੀ ਅੱਜ ਤੱਕ ਉਸ ਜਗ੍ਹਾ ਉਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣ ਸਕਿਆ ਹੈ। ਉਨ੍ਹਾਂ ਦੱਸਿਆ ਕਿ।7 ਨਵੰਬਰ 2011 ਨੂੰ ਹਜ਼ਾਰਾਂ ਸਿੱਖਾਂ ਦੀ ਰੋਸ ਯਾਤਰਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10 ਨਵੰਬਰ 2011 ਨੂੰ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਹਰਿਦੁਆਰ ਪੁੱਜੀ, ਜਿੱਥੇ ਉਤਰਾਖੰਡ ਦੀ ਬੀ ਜੇ ਪੀ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਬੀ ਜੇ ਪੀ ਹਾਈ ਕਮਾਂਡ ਦਾ ਦਿੱਲੀ ਮੁੱਖ ਦਫ਼ਤਰ ਵਿਖੇ 20 ਦਸੰਬਰ 2011 ਨੂੰ ਘਿਰਾਉ ਹੋ ਚੁੱਕਾ ਹੈ। ਮੰਗ ਪੱਤਰ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕ ਸਿੱਖ ਆਗੂ ਹੋਣ ਦੇ ਨਾਤੇ ਇਸ ਮਸਲੇ ਵਿਚ ਤੁਰੰਤ ਦਖਲ ਦੇਣ।ਉਤਰਾਖੰਡ ਭਾਜਪਾ ਦੀ ਸਰਕਾਰ ਸਰਕਾਰੀ ਦਫਤਰ ਅਤੇ ਦੁਕਾਨਾਂ ਹਟਾ ਕੇ ਸਿਖ ਕੌਮ ਦੇ ਹਵਾਲੇ ਕਰੇ ਤਾਂ ਜੋ ਉਸ ਜਗ੍ਹਾ ਮੁੜ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਸਕੇ ਅਤੇ ਗੰਗਾ ਦੇ ਕੰਢੇ ਹਰਿ ਕੀ ਪਉੜੀ ਹਰਿਦੁਆਰ ਵਿਖੇ ਉਸਰੇ ਇਸ ਗੁਰਧਾਮ ਨਾਲ ਹਿੰਦੂ-ਸਿੱਖ ਏਕਤਾ ਦਾ ਵੀ ਪ੍ਰਗਟਾਵਾ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: