ਆਮ ਖਬਰਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 23ਵੀਂ ਵਾਰ ਜਿੱਤੀ “ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ”

By ਸਿੱਖ ਸਿਆਸਤ ਬਿਊਰੋ

September 26, 2018

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਖੇਡਾਂ ਦੇ ਖੇਤਰ ਵਿਚ ਸਰਵਪੱਖੀ ਤੇ ਵਧੀਆ ਕਾਰਗੁਜ਼ਾਰੀ ਲਈ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ . ਜਸਪਾਲ ਸਿੰਘ ਸੰਧੂ ਨੂੰ ਖੇਡਾਂ ਦੀ ਸਰਵਉੱਚ ਵਕਾਰੀ “ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ” ਦਿੱਤੀ ਹੈ। ਇਹ ਮਾਣ ਮੱਤੀ ਟਰਾਫੀ 23ਵੀਂ ਵਾਰ ਯੂਨੀਵਰਸਿਟੀ ਦੀ ਝੋਲੀ ਪਈ ਹੈ।

ਭਾਰਤ ਦੇ ਰਾਸ਼ਟਰਪਤੀ ਭਵਨ ਵਿਖੇ ਬੀਤੇ ਕਲ੍ਹ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਮੌਕੇ ਵਾਈਸ-ਚਾਂਸਲਰ ਪ੍ਰੋ.ਸੰਧੂ ਨੂੰ ਖੇਡਾਂ ਦੇ ਵਿਕਾਸ ਅਤੇ ਤਰੱਕੀ ਲਈ 10 ਲੱਖ ਰੁਪਏ ਦੀ ਇਨਾਮੀ ਰਕਮ ਅਤੇ ਟਰਾਫੀ ਦੇਣ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਬਾਰੇ ਇੱਕ ਸ਼ਲਾਘਾ ਪੱਤਰ ਵੀ ਪੜ੍ਹਿਆ ਗਿਆ ਤਾਂ ਰਾਸ਼ਟਰਪਤੀ ਭਵਨ ਦਾ ਹਾਲ ਤਾਲੀਆਂ ਦੀ ਗੜਗੜਾਹਟ ਨਾਲ ਗੂੰਜ ਉਠਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਜਸਪਾਲ ਸਿੰਘ ਸੰਧੂ ਦੇ ਨਾਲ ਡਾਇਰੈਕਟਰ ਖੇਡਾਂ ਡਾ. ਸੁਖਦੇਵ ਸਿੰਘ, ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਅਤੇ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਖੇਡਾਂ, ਡਾ. ਕੰਵਲਜੀਤ ਸਿੰਘ ਵੀ ਹਾਜ਼ਰ ਸਨ।

ਵਾਈਸ-ਚਾਂਸਲਰ ਪ੍ਰੋ.ਸੰਧੂ ਨੇ ਕਿਹਾ ਕਿ ਇਸ ਅਨੂਠੀ ਪ੍ਰਾਪਤੀ ਲਈ ਅਸਲ ਹੱਕਦਾਰ ਸਾਡੇ ਉੱਘੇ ਖਿਡਾਰੀ ਹਨ, ਜਿਨ੍ਹਾਂ ਦੀ ਸਖਤ ਮਿਹਨਤ ਅਤੇ ਲਗਨ ਸਦਕਾ, ਯੂਨੀਵਰਸਿਟੀ ਇਹ ਟਰਾਫੀ ਹਾਸਲ ਕਰਨ ਵਿੱਚ 23ਵੀਂ ਵਾਰ ਕਾਮਯਾਬ ਹੋਈ ਹੈ।

ਜਿਕਰਯੋਗ ਹੈ ਕਿ  ਭਾਰਤ ਸਰਕਾਰ ਦੇ ਸਿਖਿਆ ਮੰਤਰਾਲੇ ਵਲੋਂ 1956-57 ਵਿਚ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ‘ਤੇ ਸ਼ੁਰੂ ਕੀਤੀ ਗਈ ਇਹ ਚਲੰਤ ਟਰਾਫੀ ਰਾਸ਼ਟਰਪਤੀ ਵੱਲੋਂ ਹਰ ਵਰ੍ਹੇ ਉਸ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ, ਜੋ ਖੇਡਾਂ ਦੇ ਖੇਤਰ ਵਿਚ ਸਰਵਪੱਖੀ ਤੇ ਵਧੀਆ ਕਾਰਗੁਜ਼ਾਰੀ ਦਿਖਾਉਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: