ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਦਿਲਚਸਪ ਗੱਲ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਅਸਤੀਫੇ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਈ ਖੁਲਾਸੇ ਵੀ ਕੀਤੇ।
ਗੁਰਪ੍ਰੀਤ ਘੁੱਗੀ ਨੇ ਕਿਹਾ ਪੰਜਾਬ ਵਿੱਚ ਚੋਣ ਹਾਰਨ ਤੋਂ ਬਾਅਦ ਕੇਜਰੀਵਾਲ ਇੱਕ ਵਾਰ ਪੰਜਾਬ ਨਹੀਂ ਆਏ, ਜਦਕਿ ਚੋਣਾਂ ਦੇ ਦਿਨਾਂ ਵਿੱਚ ਮਹੀਨੇ ਵਿੱਚ ਪੰਜ ਵਾਰ ਪੰਜਾਬ ਆਏ। ਗੁਰਪ੍ਰੀਤ ਨੇ ਭਗਵੰਤ ਮਾਨ ਦੇ ਪ੍ਰਧਾਨ ਚੁਣੇ ਜਾਣ ‘ਤੇ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਪ੍ਰਧਾਨਗੀ ਦੀ ਪ੍ਰਕਿਰਿਆ ਗਲਤ ਸੀ। ਹਾਰੇ ਹੋਏ ਕਿਸੇ ਵੀ ਉਮੀਦਵਾਰ ਦੀ ਰਾਏ ਨਹੀਂ ਲਈ ਗਈ। ਸਿਰਫ ਕੁਝ ਚੋਣਵੇਂ ਬੰਦਿਆਂ ਨੂੰ ਹੀ ਦਿੱਲੀ ਬੁਲਾਇਆ ਗਿਆ ਜਿਨ੍ਹਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਹੀ ਭੁਗਤਣਾ ਸੀ।
ਉਨ੍ਹਾਂ ਕਿਹਾ ਕਿ ਪ੍ਰਧਾਨਗੀ ਦੀ ਚੋਣ ਲਈ ਸਿਰਫ ਜਿੱਤੇ ਹੋਏ 20 ਵਿਧਾਇਕਾਂ ਦੀ ਹੀ ਰਾਏ ਲਈ ਗਈ। ਇਸ ਤੋਂ ਬਾਅਦ ਭਗਵੰਤ ਮਾਨ ਦੇ ਪ੍ਰਧਾਨ ਅਹੁਦੇ ‘ਤੇ ਮੋਹਰ ਲਾ ਦਿੱਤੀ ਗਈ। ਜਦੋਂਕਿ ਇਸ ਲਈ ਹਾਰੇ ਹੋਏ ਉਮੀਦਵਾਰਾਂ ਤੇ ਵਲੰਟੀਅਰਾਂ ਤੋਂ ਵੀ ਪੁੱਛਣਾ ਚਾਹੀਦਾ ਸੀ ਕਿ ਉਹ ਕਿਸ ਦੀ ਅਗਵਾਈ ਹੇਠ ਕੰਮ ਕਰਨਾ ਚਾਹੁੰਦੇ ਹਨ। ਘੁੱਗੀ ਨੇ ਕਿਹਾ ਕਿ ਪ੍ਰਧਾਨ ਬਣਾਉਣ ਮੌਕੇ ਭਗਵੰਤ ਮਾਨ ਨੂੰ ਕਿਹਾ ਕਿ ਹੁਣ ਤੁਸੀਂ ਸ਼ਰਾਬ ਪੀਣੀ ਛੱਡ ਦਿਓ। ਘੁੱਗੀ ਨੇ ਕਿਹਾ ਮੈਂ ਅਜਿਹੇ ਪ੍ਰਧਾਨ ਦੇ ਹੇਠ ਰਹਿ ਕੇ ਕੰਮ ਨਹੀਂ ਕਰ ਸਕਦਾ।
ਗੁਰਪ੍ਰੀਤ ਮੁਤਾਬਕ ਪਾਰਟੀ ਦੀ ਕਮਾਨ ਕਿਸੇ ਸਿਆਣੇ ਬੰਦੇ ਹੱਥ ਹੋਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਤੇ ਐਚਐਸ ਫੂਲਕਾ ਦਾ ਨਾਂ ਲਿਆ। ਗੁਰਪ੍ਰੀਤ ਨੇ ਕਿਹਾ ਕਿ ਖਹਿਰਾ ਪਾਰਟੀ ਵਿੱਚ ਸੀਨੀਅਰ ਲੀਡਰ ਹਨ। ਉਨ੍ਹਾਂ ਕਿਹਾ ਕਿ ਚੰਗੇ ਬੰਦਿਆਂ ਨੂੰ ਪਾਰਟੀ ਤੋਂ ਦੂਰ ਰੱਖਿਆ ਗਿਆ ਹੈ।
ਉਨ੍ਹਾਂ ਨੇ ਹਮੇਸ਼ਾਂ ਚੰਗੇ ਲੀਡਰਾਂ ਨੂੰ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਪਾਰਟੀ ਨੇ ਉਨ੍ਹਾਂ ਲਈ ਦਰਵਾਜ਼ੇ ਹਮੇਸ਼ਾ ਬੰਦ ਰੱਖੇ। ਡਾ. ਧਰਮਵੀਰ ਗਾਂਧੀ ਤੇ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਲੈਂਦਿਆਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਉਨ੍ਹਾਂ ਵਰਗੇ ਬੰਦਿਆਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੂੰ ਕਦੇ ਵੀ ਛੋਟੇਪੁਰ ਦਾ ਸਟਿੰਗ ਨਹੀਂ ਵਿਖਾਇਆ ਗਿਆ।
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Bhagwant Mann Removes Upkar Singh Sandhu from Aam Aadmi Party …