ਗੁਰਦਾਸਪੁਰ, ਪੰਜਾਬ (20 ਜੂਨ, 2012): ਗੁਰਦਾਸਪੁਰ ਸ਼ਹਿਰ ‘ਚ 29 ਮਾਰਚ ਨੂੰ ਹੋਏ ਗੋਲੀ ਕਾਂਡ, ਜਿਸ ਵਿਚ ਇੰਜੀਨੀਅਰਿੰਗ ਦੇ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ, ਦੇ ਦੋਸ਼ੀ ਪੁਲਿਸ ਮੁਲਜਮਾਂ ਖਿਲਾਫ ਕਾਰਵਾਈ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਇਨਸਾਫ਼ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹੀਦ ਭਾਈ ਜਸਪਾਲ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਡੀ. ਸੀ. ਦਫਤਰ ਪੁੱਜਾ।
ਜਦੋਂ ਇਹ ਸੰਗਤਾਂ ਕਰੀਬ 80 ਗੱਡੀਆਂ ਅਤੇ 100 ਦੇ ਕਰੀਬ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਨਬੀਪੁਰ ਬਾਈਪਾਸ ਚੌਂਕ ਵਿਖੇ ਪਹੁੰਚੀਆਂ ਤਾਂ ਇੱਥੇ ਐਸ. ਐਸ. ਪੀ. ਗੁਰਦਾਸਪੁਰ ਰਵਚਰਨ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਫੋਰਸ ਵੱਲੋਂ ਇਨ੍ਹਾਂ ਨੂੰ ਰੋਕ ਲਿਆ ਗਿਆ। ਇਸ ਦੇ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਅਗਾਂਹ ਗੁਰਦਾਸਪੁਰ ਸ਼ਹਿਰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।
ਜਦੋਂ ਇਹ ਮਾਰਚ ਕਾਹਨੂੰਵਾਨ ਚੋਂਕ ਨੇੜੇ ਜੀ. ਟੀ. ਰੋਡ ‘ਤੇ ਨਗਰ ਕੌਂਸਲ ਗੁਰਦਾਸਪੁਰ ਦੇ ਮੂਹਰੇ ਪਹੁੰਚਾ ਤਾਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੱਡੀਆਂ ਵਿਚੋਂ ਉੱਤਰ ਕੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨਕਾਰੀ ਸ਼ਹਿਰ ਦੀਆਂ ਸੜਕਾਂ ਤੋਂ ਹੁੰਦੇ ਹੋਏ ਜੇਲ੍ਹ ਰੋਡ ‘ਤੇ ਪੈਂਦੇ ਗੁਰੂ ਨਾਨਕ ਪਾਰਕ ਨਜ਼ਦੀਕ ਤੋਂ ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਅੰਦਰ ਦਾਖਲ ਹੋਏ। ਇਸ ਉਪਰੰਤ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਡੀ. ਸੀ. ਗੁਰਦਾਸਪੁਰ ਦੇ ਦਫ਼ਤਰ ਮੂਹਰੇ ਧਰਨਾ ਦੇ ਦਿੱਤਾ।
ਇਸ ਮੌਕੇ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ, ਗੁਰਤੇਜ ਸਿੰਘ, ਪ੍ਰੋ. ਮਹਿੰਦਰ ਸਿੰਘ, ਹਰਪਾਲ ਸਿੰਘ ਚੀਮਾ, ਭਾਈ ਧਿਆਨ ਸਿੰਘ ਮੰਡ, ਬਾਬਾ ਅਮਰਜੀਤ ਸਿੰਘ, ਬਾਬਾ ਅਜੀਤ ਸਿੰਘ, ਪ੍ਰੋ. ਮਹਿੰਦਰ ਸਿੰਘ, ਬਾਬਾ ਹਰਪਾਲ ਸਿੰਘ ਨਿੱਕੇ ਘੁੰਮਣਾਂ ਤੋਂ ਇਲਾਵਾ ਭਾਈ ਜਸਪਾਲ ਸਿੰਘ ਦੇ ਦਾਦਾ ਗਿਆਨ ਸਿੰਘ, ਪਿਤਾ ਗੁਰਚਰਨਜੀਤ ਸਿੰਘ ਅਤੇ ਮਾਤਾ ਸਰਬਜੀਤ ਕੌਰ ਆਦਿ ਵੀ ਸ਼ਾਮਿਲ ਸਨ।
ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ ਦਾ ਐਲਾਨ ਸ੍ਰ. ਸਿਮਰਨਜੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅ), ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਸ੍ਰ. ਹਰਚਰਨਜੀਤ ਸਿੰਘ ਧਾਮੀ ਦੀ ਅਗਵਾਈ ਵਾਲੇ ਦਲ ਖਾਲਸਾ ਵੱਲੋਂ ਸਾਂਝੇ ਤੌਰ ਉੱਤੇ ਦਿੱਤਾ ਗਿਆ ਸੀ।
ਇਸ ਮੌਕੇ ਹੋਏ ਇਕ ਅਹਿਮ ਫੈਸਲੇ ਵਿਚ ਭਾਈ ਜਸਪਾਲ ਸਿੰਘ ਦੇ ਕਾਤਲਾਂ ਖਿਲਾਫ ਢੁਕਵੀਂ ਕਾਰਵਾਈ ਯਕੀਨੀ ਬਣਾਉਨ ਲਈ ਇਨ੍ਹਾਂ ਜਥੇਬੰਦੀਆਂ ਅਤੇ ਸਥਾਨਕ ਲੋਕਾਂ/ਆਗੂਆਂ ਅਤੇ ਪਰਵਾਰਕ ਮੈਂਬਰਾਂ ਉੱਤੇ ਅਧਾਰਤ ਇਕ ਸਾਂਝੀ ਕਮੇਟੀ ਬਣਾਈ ਗਈ ਹੈ ਜੋ ਅਗਲੀ ਕਾਰਵਾਈ ਦੀ ਰੂਪ-ਰੇਖਾ ਉਲੀਕੇਗੀ।