ਅਜਨਾਲਾ: ਪਿਛਲ਼ੇ ਸਾਲ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈਆਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਸ਼ਰਾਰਤੀ ਅਨਸਰਾਂ ਅਤੇ ਗੁਰਬਾਣੀ ਦੇ ਸਰਬ ਸਾਂਝੇ ਉਪਦੇਸ਼ ਦੇ ਵਿਰੋਧੀਆਂ ਵੱਲੋਂ ਗੁਰਬਾਣੀ ਦਾ ਅਪਮਾਨ ਕਰਨ ਦੀਆਂ ਘਟਨਾਵਾਂ ਲਗਾਤਾਰ ਪੰਜਾਬ ਦੀ ਗੂਰਾਂ ਸਵਾਰੀ ਧਰਤ ‘ਤੇ ਵਾਪਰ ਰਹੀਆਂ ਹਨ। ਅੱਜ ਇੱਥੋਂ ਨੇੜਲੇ ਪਿੰਡ ਭਿੱਟੇਵੱਢ ਵਿੱਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 3 ਅਪਰੈਲ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਦੇ 20 ਤੋਂ 25 ਪਾਵਨ ਪੱਤਰਿਆਂ ਨੂੰ ਅੱਧਸੜੀ ਹਾਲਤ ਵਿੱਚ ਗਲੀ ‘ਚ ਖਿਲਾਰ ਦਿੱਤਾ। ਸਵੇਰੇ ਪਿੰਡ ਦੇ ਲੋਕਾਂ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਪੱਤਰੇ ਅੱਧਸੜੀ ਹਾਲਤ ਵਿੱਚ ਖਿੱਲਰੇ ਵੇਖੇ ਤਾਂ ਉਨ੍ਹਾਂ ਇਨ੍ਹਾਂ ਪੱਤਰਿਆਂ ਨੂੰ ਇਕੱਠਾ ਕਰ ਲਿਆ ਅਤੇ ਪਿੰਡ ਦੇ ਗੁਰਦੁਆਰੇ ਦੇ ਸੇਵਾਦਾਰ ਦਿਲਬਾਗ ਸਿੰਘ ਨੂੰ ਸੌਂਪ ਦਿੱਤੇ,। ਘਟਨਾ ਦੀ ਜਾਣਕਾਰੀ ਮਿਲਦਿਆਂ ਡੀਐਸਪੀ ਰਾਜਾਸਾਂਸੀ ਬੀਬੀ ਅਮਨਦੀਪ ਕੌਰ ਪੁਲੀਸ ਪਾਰਟੀ ਸਮੇਤ ਪਿੰਡ ਭਿੱਟੇਵੱਢ ਪੁੱਜੇ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਢ ਨੇ ਕਿਹਾ ਕਿ ਇਹ ਘਟਨਾ ਬਹੁਤ ਨਿੰਦਣਯੋਗ ਹੈ ਅਤੇ ਉਹ ਪੁਲੀਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹ ਅਸਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।