ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ ‘ਚ ਦੁਪਹਿਰ ਵੇਲੇ ਮੰਤਰੀ ਦੇ ਕਾਫ਼ਲੇ ‘ਤੇ ਗ੍ਰਨੇਡ ਨਾਲ ਹਮਲਾ ਕੀਤਾ, ਜੋ ਨਿਸ਼ਾਨੇ ‘ਤੋਂ ਭਟਕ ਕੇ ਸੜਕ ਕਿਨਾਰੇ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਜਿਸ ‘ਚ ਇਕ ਲੜਕੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 34 ਆਮ ਸ਼ਹਿਰੀ ਇਸ ਹਮਲੇ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਾਲ ਅਤੇ ਸ੍ਰੀਨਗਰ ਦੇ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 11:45 ਵਜੇ ਜੰਮੂ ਕਸ਼ਮੀਰ ਦੇ ਮੰਤਰੀ ਨਈਮ ਅਖ਼ਤਰ ਤਰਾਲ ਜਾ ਰਹੇ ਸਨ।
ਅਣਪਛਾਤੇ ਹਮਲਾਵਰ ਵਲੋਂ ਤਰਾਲ ਬੱਸ ਅੱਡੇ ਨੇੜੇ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ, ਜੋ ਭੀੜ ਵਾਲੇ ਸਥਾਨ ‘ਤੇ ਜਾ ਫਟਿਆ। ਜਿਸ ‘ਚ ਪਿੰਟੀ ਕੌਰ ਪੁੱਤਰੀ ਇਛਪਾਲ ਸਿੰਘ ਵਾਸੀ ਛਤਰੋਓ ਗ੍ਰਾਮ ਤਰਾਲ, ਗੁਲਾਮ ਨਬੀ ਅਤੇ ਮੁਹੰਮਦ ਇਕਬਾਲ ਖ਼ਾਨ ਦੀ ਮੌਤ ਹੋ ਗਈ। ਇਹ ਸਾਰੇ ਤਰਾਲ ਦੇ ਰਹਿਣ ਵਾਲੇ ਸਨ। ਇਸ ਹਮਲੇ ‘ਚ ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 30 ਸ਼ਹਿਰੀ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚ ਸੁਪਰਿੰਟੈਂਡਿੰਗ ਇੰਜੀਨੀਅਰ ਦਾ ਡਰਾਈਵਰ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਹੈ।
ਸਥਾਨਕ ਲੋਕਾਂ ਨੇ ਹਸਪਤਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਦੱਸਿਆ ਕਿ ਗ੍ਰਨੇਡ ਹਮਲੇ ਦੇ ਬਾਅਦ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਗ੍ਰਨੇਡ ਹਮਲੇ ਤੋਂ ਬਾਅਦ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਆਮ ਸ਼ਹਿਰੀਆਂ ਦੀ ਮੌਤ ਹੋਈ। ਜਦਕਿ ਪੁਲਿਸ ਬੁਲਾਰੇ ਨੇ ਐਸ.ਪੀ. ਅਵੰਤੀਪੋਰਾ ਜ਼ਾਹਿਦ ਮਲਿਕ ਦੇ ਹਵਾਲੇ ਨਾਲ ਦੱਸਿਆ ਕਿ ਗ੍ਰਨੇਡ ਹਮਲੇ ਦੇ ਬਾਅਦ ਨੀਮ ਫੌਜੀ ਦਸਤਿਆਂ ਨੇ ਮੰਤਰੀ ਦੇ ਕਾਫਲੇ ਨੂੰ ਸੁਰੱਖਿਅਤ ਕੱਢਣ ਲਈ ਹਵਾ ‘ਚ ਗੋਲੀਆਂ ਚਲਾਈਆਂ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ ਡਾ:ਐਸ. ਪੀ. ਵੈਦ ਨੇ ਤਰਾਲ ਗ੍ਰਨੇਡ ਹਮਲੇ ਦੇ ਸਬੰਧ ‘ਚ ਦਿੱਤੇ ਪਹਿਲੇ ਬਿਆਨ ਤੋਂ ਮੁਕਰਦੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਹਮਲਾਵਰਾਂ ਦੇ ਨਿਸ਼ਾਨੇ ‘ਤੇ ਮੰਤਰੀ ਨਈਮ ਅਖ਼ਤਰ ਹੀ ਸਨ।
ਹਿਜ਼ਬੁਲ ਮੁਜਹਾਦੀਨ ਨੇ ਆਮ ਸ਼ਹਿਰੀਆਂ ‘ਤੇ ਤਰਾਲ ‘ਚ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਭਾਰਤੀ ਖੁਫ਼ੀਆ ਏਜੰਸੀਆਂ ਦਾ ਕਾਰਾ ਦੱਸਿਆ ਹੈ। ਹਿਜ਼ਬੁਲ ਦੇ ਆਪ੍ਰੇਸ਼ਨ ਬੁਲਾਰੇ ਬੁਰਹਾਨ-ਓ-ਦੀਨ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਕਸ਼ਮੀਰ ਦੀ ਅਜ਼ਾਦੀ ਦੀ ਜੱਦੋਜਹਿਦ ਨੂੰ ਬਦਨਾਮ ਕਰਨ ਦਾ ਹਿੱਸਾ ਹੈ।