ਅੰਮ੍ਰਿਤਸਰ ਸਾਹਿਬ: ਸਿੱਖ ਪੰਥ ਦੇ ਸਤਿਕਾਰਤ ਤਖਤ ਸਾਹਿਬਾਨ ਵਿਖੇ ਸੇਵਾ ਨਿਭਾਉਣ ਵਾਲੇ ਜਥੇਦਾਰਾਂ ਅਤੇ ਪੰਜ ਪਿਆਰਿਆਂ ਦੇ ਸਤਿਕਾਰਤ ਅਹੁੱਦਿਆਂ ਨੂੰ ਪ੍ਰਬੰਧਕੀ ਸੰਸਥਾਵਾਂ ਦੀ ਨਿਯਮਾਵਲੀ ਗੁਲਾਮੀ ਤੋਂ ਮੁਕਤ ਕਰਾਉਣ ਸਬੰਧੀ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਵਲੋਂ ਦਿੱਤੇ ਬਿਆਨ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ,ਰਾਗੀ ਜਥੇ,ਅਰਦਾਸੀਏ ਸਿੰਘ ਅਤੇ ਹੋਰ ਜਾਗਰੂਕ ਮੁਲਾਜਮ ਖੁੱਲਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਅੱਜ ਇਥੇ ਕਾਹਲੀ ਨਾਲ ਬੁਲਾਈ ਗਈ ਇੱਕ ਸਾਂਝੀ ਇੱਕਤਰਤਾ ਵਿੱਚ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਵਲੋਂ ਜਲੰਧਰ ਵਿਖੇ ਕਥਾ ਕਰਦਿਆਂ ਉਪਰੋਕਤ ਵਿਸ਼ੇ ਤੇ ਪ੍ਰਗਟਾਏ ਵਿਚਾਰਾਂ ਬਾਰੇ ਖੁੱਲ ਕੇ ਵਿਚਾਰ ਹੋਈ। ਵਿਚਾਰ ਪ੍ਰਗਟ ਕਰਦਿਆਂ ਸਭ ਤੋਂ ਪਹਿਲਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ ਨੇ ਕਿਹਾ ਕਿ ਗਿਆਨੀ ਜਗਤਾਰ ਸਿਘ ਹੁਰੀਂ ਅਤਿਅੰਤ ਗੰਭੀਰ ਬਿਰਤੀ ਦੇ ਮਾਲਕ ਹਨ ,ਉਨ੍ਹਾਂ ਗੁਰਬਾਣੀ ਦੀ ਕਥਾ ਕਰਦਿਆਂ ਤਖਤ ਸਾਹਿਬਾਨ ਦੇ ਜਥੇਦਾਰਾਂ ਅਤੇ ਪੰਜ ਪਿਆਰਿਆਂ ਨੂੰ ਪ੍ਰਬੰਧਕੀ ਗੁਲਾਮੀ ਤੋਂ ਮੁਕਤ ਕਰਨ ਦੀ ਜੋ ਗੱਲ ਕਹੀ ਹੈ ਇਹ ਹਰ ਸੂਝਵਾਨ ਤੇ ਸ਼ਰਧਾਵਾਨ ਸਿੱਖ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤ ਅਤੇ ਪ੍ਰੰਪਰਾ ਬਾਰੇ ਗਿਆਨੀ ਜੀ ਵਲੋਂ ਕਥਨ ਕੀਤਾ ਗਿਆ ਕੋਈ ਵੀ ਸ਼ਬਦ ਗਲਤ ਨਹੀ ਹੈ ,ਇਹ ਇੱਕਲੀ ਗਿਆਨੀ ਜੀ ਦੀ ਹੀ ਨਹੀ ਬਲਕਿ ਸਮੁੱਚੇ ਸਿੱਖ ਚਿੰਤਕਾਂ ਦੀ ਰਾਏ ਹੈ।ਉਨ੍ਹਾਂ ਕਿਹਾ ਕਿ ਉਪਰੋਕਤ ਬਿਆਨ ਨੂੰ ਸਿਰਫ ਗਿਆਨੀ ਜਗਤਾਰ ਸਿੰਘ ਜੀ ਨਾਲ ਹੀ ਜੋੜਨਾ ਕਦਾਚਿਤ ਸਹੀ ਨਹੀ ਹੋਵੇਗਾ ਇਸਨੂੰ ਉਸ ਹਰ ਸਿੱਖ ਨਾਲ ਜੋੜਕੇ ਵੇਖਿਆ ਜਾਏ ਜੋ ਸਿੱਖ ਸਿਧਾਤਾਂ ਅਤੇ ਪ੍ਰੰਪਰਾਵਾਂ ਦੀ ਰਾਖੀ ਲਈ ਯਤਨਸ਼ੀਲ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਦਸਮੇਸ਼ ਪਿਤਾ ਦੇ ਹੁਕਮਾਂ ਅਨੁਸਾਰ ਸਿੱਖ ਧਰਮ ਵਿੱਚ ਜੋ ਜੋਤਿ ਅਤੇ ਜੁਗਤਿ ਦਾ ਸੰਕਲਪ ਹੈ ਉਸ ਵਿੱਚ ਦਸ ਪਾਤਸ਼ਾਹੀਆਂ ਦੁਆਰਾ ਦੱਸੀ ਜੀਵਨ ਜਾਚ ਦੀ ਜੋਤਿ ਵਿੱਚ ਤਰਜਮਾਨੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ ਤੇ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਗੁਰਮਤਿ ਅਨੁਸਾਰ ਫੈਸਲੇ ਲੈਣ ਤੇ ਅਗਵਾਈ ਕਰਨ ਦਾ ਹੱਕ ਪੰਜ ਪਿਆਰਿਆਂ ਪਾਸ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਕੋਈ ਵੀ ਅਜੇਹਾ ਕਾਰਜ ਨਹੀ ਕੀਤਾ ਜੋ ਕਿ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਦੀ ਉਲੰਘਣਾ ਹੋਵੇ ਇਸ ਲਈ ਉਨ੍ਹਾਂ ਦੇ ਅਹੁਦੇ ਦੀ ਆੜ ਹੇਠ ਸਤਿਕਾਰ ਨੂੰ ਚਣੌਤੀ ਦੇਣਾ ਕੌਮ ਲਈ ਘਾਤਕ ਹੈ।
ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ,ਭਾਈ ਹਰਚਰਨ ਸਿੰਘ ਖਾਲਸਾ,ਭਾਈ ਜਗਤਾਰ ਸਿੰਘ,ਭਾਈ ਗੁਰਕੀਰਤ ਸਿੰਘ,ਭਾਈ ਕਰਨੈਲ ਸਿੰਘ ,ਭਾਈ ਹਰਪ੍ਰੀਤ ਸਿੰਘ,ਭਾਈ ਲਖਵਿੰਦਰ ਸਿੰਘ ਨੇ ਇੱਕ ਅਵਾਜ ਹੋਕੇ ਕਿਹਾ ਕਿ ਪੈਦਾ ਹੋਏ ਕੌਮੀ ਸੰਕਟ ਦੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ,ਕਥਾਵਾਚਕਾਂ,ਢਾਡੀ ਸਾਹਿਬਾਨ ਅਤੇ ਪ੍ਰਚਾਰਕਾਂ ਨੂੰ ਅਕਸਰ ਸਵਾਲ ਪੁਛੇ ਜਾਂਦੇ ਹਨ ਇਸ ਲਈ ਸਾਨੂੰ ਇੱਕਜੁੱਟ ਹੋਕੇ ਪੰਥ ਦੀ ਚੜ੍ਹਦੀ ਕਲਾ ਲਈ ਫੈਸਲਾ ਲੈਣਾ ਪਵੇਗਾ, ਜਿਸਤੇ ਜੈਕਾਰਿਆਂ ਦੀ ਗੂੰਜ ਦਰਮਿਆਨ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਵਲੋਂ ਪੰਥਕ ਸਿਧਾਤਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਭਾਈ ਬਲਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਇੰਚਾਰਜ ਗੱਡੀਆਂ ਵੀ ਮੌਜੂਦ ਸਨ।