"ਉੱਡਤਾ ਪੰਜਾਬ" 'ਤੇ ਪਾਬੰਦੀ ਲਾਉਣ ਖਿਲਾਫ ਪੰਜਾਬ ਸਰਕਾਰ ਨੂੰ ਚੇਤਾਵਨੀ

ਪੰਜਾਬ ਦੀ ਰਾਜਨੀਤੀ

ਸਰਕਾਰ ਅਤੇ ਸਿਆਸਤਦਾਨ ‘ਉੜਤਾ ਪੰਜਾਬ’ ਬਾਰੇ ਸ਼ੋਰ-ਸ਼ਰਾਬਾ ਨਾ ਕਰਨ: ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ

By ਸਿੱਖ ਸਿਆਸਤ ਬਿਊਰੋ

June 13, 2016

ਜਲੰਧਰ: ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰੀ ਏਜੰਸੀਆਂ ਤੇ ਸਿਆਸਤਦਾਨ ਉੜਤਾ ਪੰਜਾਬ ਫ਼ਿਲਮ ਦੇ ਮਾਮਲੇ ’ਚ ਸ਼ੋਰ-ਸ਼ਰਾਬ ਨਾ ਕਰਨ। ਸੰਸਥਾ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਕਿਹਾ ਹੈ ਕਿ ਉੜਤਾ ਪੰਜਾਬ ਫ਼ਿਲਮ ਪੰਜਾਬ ਨੂੰ ਦਰਪੇਸ਼ ਇੱਕ ਵੱਡੇ ਸੰਕਟ ਬਾਰੇ ਮੁੱਦੇ ਨੂੰ ਉਭਾਰਦੀ ਹੈ।

ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਇਹ ਇੱਕ ਚੰਗੀ ਫ਼ਿਲਮ ਹੈ ਜੋ ਸਾਡਾ ਧਿਆਨ ਪੰਜਾਬ ਦੇ ਨੌਜਵਾਨਾਂ ਵਿੱਚ ਫ਼ੈਲੇ ਨਸ਼ਿਆਂ ਦੀ ਵੱਡੀ ਸਮੱਸਿਆ ਵੱਲ ਖਿੱਚਦੀ ਹੈ ਜੇ ਅਸੀਂ ਇਸ ਪਾਸੇ ਲਾਪ੍ਰਵਾਹੀ ਜਾਰੀ ਰੱਖੀ ਤਾਂ ਬੇਹੱਦ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਇਹ ਫਿਲਮ ਪੰਜਾਬ ਨੂੰ ਬਦਨਾਮ ਨਹੀਂ ਕਰਦੀ ਸਗੋਂ ਇਹ ਇੱਕ ਸ਼ਲਾਘਾਯੋਗ ਕਦਮ ਹੈ। ਇਹ ਦੁੱਖ ਦੀ ਗੱਲ ਹੈ ਕਿ ਕੁੱਝ ਲੋਕ ਇਸ ਫ਼ਿਲਮ ਦੀ ਗਲਤ ਵਿਆਖਿਆ ਕਰ ਰਹੇ ਹਨ ਤੇ ਇਹ ਪ੍ਰਭਾਵ ਪਾਉਣ ਦਾ ਯਤਨ ਕਰ ਰਹੇ ਹਨ ਕਿ ਇਹ ਫ਼ਿਲਮ ਪੰਜਾਬ ਵਿਰੋਧੀ ਹੈ ਜਦ ਕਿ ਅਜਿਹਾ ਨਹੀਂ ਹੈ।

ਇਨ੍ਹਾਂ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਕਿ ਨਸ਼ੇ ਨੂੰ ਪੰਜਾਬ ਦਾ ਮੁੱਖ ਮੁੱਦਾ ਬਣਾਉਣ ਲਈ ਇਹ ਫ਼ਿਲਮ ਆਗਾਮੀ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਲਈ ਤਿਆਰ ਕੀਤੀ ਗਈ ਹੈ। ਚਾਹਲ ਨੇ ਕਿਹਾ ਕਿ ਇਹ ਪੰਜਾਬ ਵਿੱਚ ਥਾਂ-ਥਾਂ ’ਤੇ ਹੋ ਰਿਹਾ ਹੈ ਜਿਵੇਂ ਕਿ ਫਿਲਮ ਵਿੱਚ ਅਭਿਨੇਤਾ ਸ਼ਾਹਿਦ ਨੂੰ ਹਵਾਲਾਤ ਵਿੱਚ ਦਿਲਜੀਤ ਦੁਸਾਂਝ ਗਾਲਾਂ ਕੱਢਦਾ ਹੋਇਆ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦਾ ਦੋਸ਼ ਦਿੰਦਿਆਂ ਕੁੱਟਮਾਰ ਕਰਦਾ ਹੈ।

ਚਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਫਿਲਮ ਨਿਰਮਾਤਾ ਨੇ ਇਸ ਫ਼ਿਲਮ ਨੂੰ ਬਣਾਉਣ ਲਈ ਕਿਸੇ ਰਾਜਸੀ ਪਾਰਟੀ ਤੋਂ ਕੋਈ ਪੈਸਾ ਲਿਆ ਹੈ ਜਾਂ ਨਹੀਂ ਪਰ ਜੇ ਉਨ੍ਹਾਂ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਇੱਕ ਵੱਡੀ ਬੁਰਾਈ ਖਿਲਾਫ ਜਾਗਰੂਕਤਾ ਪੈਦਾ ਕਰਨ ਦੇ ਚੰਗੇ ਉਦੇਸ਼ ਲਈ ਕਿਸੇ ਤੋਂ ਪੈਸਾ ਲੈ ਵੀ ਲਿਆ ਤਾਂ ਇਸ ਵਿੱਚ ਕੁੱਝ ਵੀ ਗਲਤ ਨਹੀਂ। ਫਿਲਮ ਨਿਰਮਾਤਾ ਨੇ ਨਿਡਰ ਹੋ ਕੇ ਸਮਾਜਿਕ ਰਾਜਨੀਤਿਕ ਮੁੱਦੇ ਨੂੰ ਹੱਥ ’ਚ ਲੈ ਕੇ ਇਕ ਗੰਭੀਰ ਮੁੱਦੇ ਨੂੰ ਛੂਹਿਆ ਹੈ ਜਿਸਦੀ ਸਮਾਜ ਦੇ ਸਭ ਵਰਗਾਂ ਵੱਲੋਂ ਸ਼ਲਾਘਾ ਹੋਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: