ਚੰਡੀਗੜ੍ਹ – ਅੱਜ ਮਿਤੀ 26 ਜੁਲਾਈ 2023 ਦਿਨ ਬੁਧਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੋਸਟਿ ਸਭਾ ਵਲੋਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਦੇ ਨਾਲ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ਉਪਰ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਕੀਤੀ ਗਈ ਅਤੇ ਸਵਾਗਤੀ ਸ਼ਬਦ ਰਵਿੰਦਰਪਾਲ ਸਿੰਘ ਨੇ ਕਹੇ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਗੋਸਟਿ ਸਭਾ ਦੇ ਅਜਿਹੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੇ ਪੱਧਰ ’ਤੇ ਮਨੁੱਖ ਜੀਅ ਰਿਹਾ ਹੈ, ਉਸ ਪੱਧਰ ’ਤੇ ਹੀ ਫੈਸਲੇ ਲਏ ਜਾਣ ਪਰ ਹੋ ਇਸ ਦੇ ਉਲਟ ਰਿਹਾ ਹੈ। ਇਸ ਸੰਬੰਧੀ ਸੰਵਾਦ ਨੂੰ ਤੋਰਨ ਲਈ ਉਨ੍ਹਾਂ ਨੇ ਪ੍ਰੇਰਿਆ।
ਡਾ. ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਮਨੁਖ ਆਪਣੇ ਲਈ ਬਿਹਤਰ ਜ਼ਿੰਦਗੀ ਦੇ ਅਰਥਾਂ ਦੀ ਪੜਚੋਲ ਵਿਚੋਂ ਫੈਸਲੇ ਲੈਣ ਦੇ ਤਰੀਕੇ ਈਜ਼ਾਦ ਕਰਦਾ ਆਇਆ ਹੈ।
ਡਾ. ਪਰਮਜੀਤ ਕੌਰ ਗਿੱਲ ਨੇ ਅੰਤਰਰਾਸ਼ਟਰੀ ਸੰਬੰਧਾਂ ਵਿਚ ਫੈਸਲੇ ਕਰਨ ਦੀਆਂ ਵਿਧੀਆਂ ਅਤੇ ਸਿਧਾਤਾਂ ਸੰਬੰਧੀ ਆਪਣਾ ਵਿਖਿਆਨ ਪੇਸ਼ ਕੀਤਾ। ਅਰਥਚਾਰੇ ਵਿਚ ਫੈਸਲਿਆਂ ਦੀ ਭੂਮਿਕਾ ਅਤੇ ਵਿਧੀਆਂ ਨੂੰ ਵਖ ਵਖ ਘਟਨਾਵਾਂ ਰਾਹੀਂ ਪੇਸ਼ ਕਰਦਿਆਂ ਡਾ. ਸੁਮਿਤ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਸਤਨਾਮ ਸਿੰਘ ਦਿਉਲ ਨੇ ਮਨੁਖੀ ਜੀਵਨ ਦੇ ਵੱਖ ਵੱਖ ਪੜਾਵਾਂ ਵਿਚ ਫੈਸਲਿਆਂ ਦੀ ਅਹਿਮੀਅਤ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਉਤੇ ਚਾਨਣਾ ਪਾਇਆ। ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਕੇਹਰ ਸਿੰਘ ਨੇ ਪ੍ਰਧਾਨਗੀ ਸ਼ਬਦ ਕਹਿੰਦਿਆਂ ਫੈਸਲੇ ਲੈਣ ਦੀਆਂ ਪੰਥਕ ਰਿਵਾਇਤਾਂ ਦੀ ਪੁਨਰ ਸੁਰਜੀਤੀ ਅਤੇ ਸਰੂਪ ਦੀ ਵਿਆਖਿਆ ਪੇਸ਼ ਕੀਤੀ।
ਅਖੀਰ ਵਿਚ ਡਾ. ਸਿਕੰਦਰ ਸਿੰਘ ਨੇ ਆਏ ਹੋਏ ਸਮੂਹ ਸਰੋਤਿਆਂ ਅਤੇ ਵਿਦਵਾਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸੈਮੀਨਾਰ ਦੇ ਸਾਰ ਨੁਕਤੇ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਇਹ ਗਲ ਅਹਿਮ ਤੌਰ ਤੇ ਸਮਝਣੀ ਚਾਹੀਦੀ ਹੈ ਕਿ ਲੋਕ ਆਪਣੇ ਮੂਲ ਅਨੁਸਾਰ ਕਿੰਨੇ ਕੁ ਫੈਸਲੇ ਲੈਂਦੇ ਹਨ ਜਾਂ ਇਹ ਫੈਸਲੇ ਦੂਜਿਆਂ ਤੋਂ ਪ੍ਰਭਾਵਿਤ ਹੋ ਕੇ ਲੈਂਦੇ ਹਨ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਵਖ ਵਖ ਵਿਭਾਗਾਂ ਦੇ ਮੁਖੀ, ਅਧਿਆਪਕ, ਖੋਜਾਰਥੀ, ਵਿਦਿਆਰਥੀ, ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਕਾਰਕੁਨ ਹਾਜ਼ਰ ਹੋਏ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸਿਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ, ਜਥੇਦਾਰ ਸ. ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ, ਅਦਾਰਾ ਸਿਖ ਸਿਆਸਤ, ਅਦਾਰਾ ਬਿਬੇਕਗੜ੍ਹ ਆਦਿ ਵੀ ਹਾਜ਼ਰ ਹੋਏ। ਸਟੇਜ ਦਾ ਸੰਚਾਲਨ ਵਿਕਰਮਜੀਤ ਸਿੰਘ ਤਿਹਾੜਾ ਨੇ ਕੀਤਾ।