ਯਾਮਿਨੀ ਗੋਮਰ ਅਤੇ ਕਮਲਜੀਤ ਸਿੰਘ ਕੜਵਲ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ

ਪੰਜਾਬ ਦੀ ਰਾਜਨੀਤੀ

ਗੋਮਰ, ਕੜਵਲ ਕਾਂਗਰਸ ‘ਚ ਸ਼ਾਮਲ; ਸਿੱਧੂ ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਕੋਈ ਵਾਅਦਾ ਨਹੀਂ ਕੀਤਾ:ਕੈਪਟਨ

By ਸਿੱਖ ਸਿਆਸਤ ਬਿਊਰੋ

December 26, 2016

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਹੁੱਡਾ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹਰਿਆਣਾ ਨੂੰ ਪਾਣੀ ਦੇਣ ਦਾ ਭਰੋਸਾ ਦੇਣ ਤਾਂ ਹੀ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਇਸ ਦੇ ਜੁਆਬ ਵਿੱਚ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸੱਤਾ ਵਿੱਚ ਆਉਣ ਮਗਰੋਂ ਨਸ਼ੀਲੇ ਪਦਾਰਥਾਂ ਦੇ ਧੰਦੇ ਨੂੰ ਖ਼ਤਮ ਕਰਨ ਲਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਗੇ। ਨਾਜਾਇਜ਼ ਜਾਇਦਾਦਾਂ ਬਣਾਉਣ ਦੇ ਮਾਮਲੇ ਵਿੱਚ ਉਹ ਪਿਛਲੀ ਵਾਰ ਵਾਂਗ ਬਾਦਲਾਂ ਨੂੰ ਮੁੜ ਜੇਲ੍ਹਾਂ ਵਿੱਚ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ, ਰੇਤਾ, ਬੱਜਰੀ, ਟਰਾਂਸਪੋਰਟ, ਕੇਬਲ ਮਾਫ਼ੀਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ ਤੇ ਇਸ ਨੂੰ ਹਰ ਹਾਲਤ ਵਿੱਚ ਪੂਰਾ ਕਰਨਗੇ।

ਐਤਵਾਰ ਨੂੰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਤੇ ਸੀਨੀਅਰ ਆਗੂ ਯਾਮਨੀ ਗੋਮਰ, ਲੁਧਿਆਣਾ ਤੋਂ ਸਾਬਕਾ ਅਕਾਲੀ ਆਗੂ ਕਮਲਜੀਤ ਸਿੰਘ ਕੜਵਲ, ਇਨਕਮ ਟੈਕਸ ਵਿਭਾਗ ਦੇ ਸਾਬਕਾ ਕਮਿਸ਼ਨਰ ਐਲ.ਆਰ. ਨਈਅਰ ਅਤੇ ਸਾਹਨੇਵਾਲ ਨਗਰ ਕੌਂਸਲ ਦੇ ਭਾਜਪਾ ਦੇ ਕੁਝ ਕੌਂਸਲਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਸ਼ਕਤੀਸ਼ਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਜਲਦੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ। ਕਾਂਗਰਸ ਦੀ ਅਗਲੀ ਸੂਚੀ ਜਨਵਰੀ ਦੇ ਪਹਿਲੇ ਹਫ਼ਤੇ ਆ ਜਾਵੇਗੀ।

ਇਸ ਮੌਕੇ ਯਾਮਨੀ ਗੋਮਰ ਨੇ ਕਿਹਾ ਕਿ ਜਿਹੜੇ ਲੋਕ ‘ਆਪ’ ਦੀ ਵਿਚਾਰਧਾਰਾ ਅਤੇ ਪੰਜਾਬ ਨੂੰ ਬਦਲਣ ਦਾ ਸੁਪਨਾ ਲੈ ਕੇ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਨ੍ਹਾਂ ਵਿੱਚੋਂ 70 ਫ਼ੀਸਦੀ ਨੇ ਪਾਰਟੀ ਨੂੰ ਛੱਡ ਦਿੱਤਾ ਹੈ। ਇਸ ਮੌਕੇ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਪਰਗਟ ਸਿੰਘ ਆਦਿ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ। ਸਿੱਧੂ ਦੀ ਉਨ੍ਹਾਂ ਨਾਲ ਗੱਲਬਾਤ ਹੋਵੇਗੀ ਤੇ ਉਸ ਤੋਂ ਬਾਅਦ ਹੀ ਕੁਝ ਤੈਅ ਕੀਤਾ ਜਾਵੇਗਾ। ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਦੀ ਟਿਕਟ ਦਿੱਤੀ ਗਈ ਹੈ। ਡਾ. ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੱਧੂ ਵਿੱਚੋਂ ਕੋਈ ਵੀ ਇੱਥੋਂ ਚੋਣ ਲੜ ਸਕਦਾ ਹੈ। ਪਰਗਟ ਸਿੰਘ ਵੀ ਆਪਣੀ ਮਰਜ਼ੀ ਦੇ ਹਲਕੇ ਤੋਂ ਚੋਣ ਲੜ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: