ਅੰਮ੍ਰਿਤਸਰ: ਭਾਰਤ ਨੇ ਅਮਰੀਕੀ ਨਾਗਰਿਕ ਅਤੇ ਸਿਖਸ ਫਾਰ ਜਸਟਿਸ ਦੇ ਕਨਵੀਨਰ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਦੇ ਦੋਸ਼ਾਂ ਤੋਂ ਖੁਦ ਨੂੰ ਬਰੀ ਕਰ ਲਿਆ ਹੈ, ਇਸ ਗੱਲ ਦਾ ਖੁਲਾਸਾ ਕੇਂਦਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਤੋਂ ਹੋਇਆ ਹੈ। ਦਲ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਜਾਂਚ ਦੇ ਖੁਲਾਸੇ ਨੂੰ ਰੱਦ ਕਰਦਿਆਂ ਕਿਹਾ ਕਿ ਅਸੀਂ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਅਤੇ ਭਾਰਤ ਦੀ ਅਖੌਤੀ ਜਾਂਚ ‘ਤੇ ਵਿਸ਼ਵਾਸ ਨਾ ਕਰਨ।
ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਬਣਾਈ ਕਮੇਟੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਚ ਭਾਰਤ ਦੀ ਬਾਹਰੀ ਖੁਫੀਆ ਏਜੰਸੀ ਰਾਅ ਦੇ ਕਿਸੇ ਮਜੂਦਾ ਅਧਿਕਾਰੀ ਦਾ ਹੱਥ ਨਹੀਂ ਹੈ । ਪ੍ਰੈਸ ਨੂੰ ਸੰਬੋਧਨ ਕਰਦਿਆਂ ਦਲ ਖ਼ਲਾਸਾ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਇਹ ਸੋਚਣਾ ਵੀ ਬੇਤੁਕਾ ਹੈ ਕਿ ਭਾਰਤ ਆਪਣੀ ਸਿੱਧੀ ਸ਼ਮੂਲੀਅਤ ਸਵੀਕਾਰ ਕਰੇਗਾ।
ਆਪਣੀ ਰਿਪੋਰਟ ਵਿੱਚ ਮੋਦੀ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਕਥਿਤ ਅਣਅਧਿਕਾਰਤ ਸਾਜ਼ਿਸ਼ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਵਿਅਕਤੀ ਹੁਣ ਇਸਦੀ ਬਾਹਰੀ ਖੁਫੀਆ ਏਜੰਸੀ ਰਾਅ ਲਈ ਕੰਮ ਨਹੀਂ ਕਰ ਰਿਹਾ ਸੀ ਹਾਲਾਂਕਿ ਉਹ ਅਜੇ ਵੀ ਇੱਕ ਸਰਕਾਰੀ ਮੁਲਾਜਮ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੱਸੇ ਕਿ ਉਹ ਅਧਿਕਾਰੀ ਕੌਣ ਹਨ ਅਤੇ ਕਦੋਂ ਤੋਂ ਉਹ ਸਰਕਾਰ ਦੇ ਕਾਨੂੰਨ ਤੋਂ ਬਾਹਰ ਜਾਕੇ ਕੰਮ ਕਰਦੇ ਰਹੇ ਅਤੇ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਦੇ ਪਰਦਾਫਾਸ਼ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਉੱਹਨਾਂ ਵਿਰੁੱਧ ਕੀ ਕਾਰਵਾਈ ਕੀਤੀ?
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਚਾਹੁੰਦਾ ਹੈ ਕਿ ਵਿਸ਼ਵ ਅਤੇ ਸਿੱਖ ਭਾਈਚਾਰਾ ਉਸ ਦੇ ਸ਼ਬਦਾਂ ‘ਤੇ ਭਰੋਸਾ ਕਰੇ ਤਾਂ ਨਵੀਂ ਦਿੱਲੀ ਨੂੰ ਚਾਹੀਦਾ ਹੈ ਕਿ ਉਹ ਉਸ ਸਾਬਕਾ ਰਾਅ ਅਧਿਕਾਰੀ ਨੂੰ ਅਮਰੀਕੀ ਅਦਾਲਤ ਵਿਚ ਅਪਰਾਧਿਕ ਕਾਰਵਾਈ ਲਈ ਅਮਰੀਕੀ ਅਧਿਕਾਰੀਆਂ ਨੂੰ ਸੌਂਪੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗੱਲ ਸਾਫ ਹੈ ਕਿ ਪਿਛਲੇ ਸਾਲ ਮਈ ਤੋਂ ਸਿੱਖਾਂ ‘ਤੇ ਹੋ ਰਹੇ ਅੰਤਰਰਾਸ਼ਟਰੀ ਜਬਰ ਵਿਚ ਭਾਰਤ ਦੀ ਸਿੱਧੀ ਸ਼ਮੂਲੀਅਤ ਮੰਨੀ ਜਾਵੇਗੀ।
ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੀਤ ‘ਚ ਪਾਕਿਸਤਾਨ ਉੱਤੇ ਦੋਸ਼ ਲਗਾਉਂਦਾ ਰਿਹਾ ਹੈ ਕਿ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਆਪਣੇ ਗ਼ੈਰ-ਸਰਕਾਰੀ ਜਹਾਦੀਆਂ ਦਾ ਇਸਤੇਮਾਲ ਕਰਦਾ ਰਿਹਾ ਹੈ ਜਦਕਿ ਹੁਣ ਭਾਰਤ ਖੁਦ ਆਪ ਉਸੇ ਰਾਹ ਤੇ ਤੁਰਿਆ ਹੈ।
ਉਹਨਾਂ ਕਿਹਾ ਕਿ ਅਮਰੀਕਾ ਦੀ ਧਰਤੀ ‘ਤੇ ਸਿੱਖ ਅਮਰੀਕੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਅਮਰੀਕਾ ਨੂੰ ਭਾਰਤ ਦੀ ਤਾਨਾਸ਼ਾਹੀ ਸ਼ਾਸਨ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਉੱਤੇ ਅਮਰੀਕੀ ਕਾਨੂੰਨ ਅਨੁਸਾਰ ਕਾਰਵਾਈ ਕਰੇ।
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਬਿਨਾਂ ਸ਼ੱਕ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਡੂੰਘੀ ਤਰ੍ਹਾਂ ਭ੍ਰਿਸ਼ਟਾਚਾਰ ਨਾਲ ਗ੍ਰਸਤ ਹੈ। ਸਿਆਸੀ ਪ੍ਰਣਾਲੀ ਨੂੰ ਭ੍ਰਿਸ਼ਟਾਚਾਰ ਦੀਆਂ ਡੂੰਘੀਆਂ ਜੜ੍ਹਾਂ ਤੋਂ ਮੁਕਤ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨਾਲ ਸਿਆਸਤਦਾਨ ਬਣੇ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹੀ ਜੇਲ੍ਹ ਵਿੱਚ ਬੰਦ ਹੋ ਗਏ ਹਨ।
ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ” ਭਾਵ ਇਹ ਸਰੀਰ ਮਨੁੱਖ ਦੇ ਕੀਤੇ ਕਰਮਾ ਦਾ ਖੇਤ ਹੈ। ਜੋ ਮਨੁੱਖ ਏਸ ਵਿੱਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ। ( ਜਿਹੇ ਕਰਮ ਕਰਦਾ ਹੈ ਤੇਹਾ ਫਲ ਪਾਉਂਦਾ ਹੈ)
ਸੁਖਪਾਲ ਸਿੰਘ ਖਹਿਰਾ, ਡਿਬਰੂਗੜ੍ਹ ਦੇ ਨਜ਼ਰਬੰਦਾਂ ਨੂੰ ਐਨ.ਐਸ.ਏ. ਤਹਿਤ ਗਲਤ ਤਰੀਕੇ ਨਾਲ ਨਜ਼ਰਬੰਦ ਕਰਨ ਅਤੇ ਉਨ੍ਹਾਂ ਦੀ ਨਜ਼ਰਬੰਦੀ ਨੂੰ ਇੱਕ ਸਾਲ ਦੀ ਮਿਆਦ ਲਈ ਅੱਗੇ ਵਧਾਉਣ ਅਤੇ ਉਮਰ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਅੜਿੱਕਾ ਪੈਦਾ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਸਦੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜਸੀ ਵਿਰੋਧੀਆਂ ਅਤੇ ਆਜ਼ਾਦੀ-ਪਸੰਦ ਸਿੱਖਾਂ ਵਿਰੁੱਧ ਅਨਿਆਂ ਅਤੇ ਜਬਰ ਢਾਹਿਆ ਹੈ।