ਸਿੱਖ ਖਬਰਾਂ

ਹਰਿਆਣਾ ਕਮੇਟੀ ਮਾਮਲਾ: ਪੰਜ ਸਿੰਘ ਸਹਿਬਾਨ ਵੱਲੋਂ ਦੋਹਾਂ ਧਿਰਾਂ ਨਾਲ ਗੱਲਬਾਤ ਕਰਨ ਲਈ ਤਾਲਮੇਲ ਕਮੇਟੀ ਬਣਾਉਣ ਦਾ ਐਲਾਨ

By ਸਿੱਖ ਸਿਆਸਤ ਬਿਊਰੋ

August 08, 2014

ਅੰਮਿ੍ਤਸਰ ( 7 ਅਗਸਤ 2014) ਹਰਿਆਣਾ ਗੁਰਦੁਆਰਾ ਕਮੇਟੀ ਅਤੇ ਸ਼ਰੋਮਣੀ ਗੁਰਦੁਆਰਾ ਕਮੇਟੀ ਵਿੱਚਕਾਰ  ਹਰਿਆਣਾ ਦੇ ਗੁਰਦੁਆਰਾ ਸਹਿਬਾਨ ਦੇ ਪ੍ਰਬੰਧ ਦੇ ਮਸਲੇ ‘ਤੇ ਵੱਧਦੇ ਟਕਰਾਅ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਹਿਬਾਨਾਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਦੋਹਾਂ ਧਿਰਾਂ ਨਾਲ ਗੱਲਬਾਤ ਕਰਨ ਲਈ ਤਾਲਮੇਲ ਕਮੇਟੀ ਬਣਾਉਣ ਦਾ ਐਲਾਨ ਕੀਤਾ ਅਤੇ ਧਿਰਾਂ ਨੂਮ ਹਰ ਹੀਲੇ ਸ਼ਾਤੀ ਬਣਾਈ ਰੱਖਜ਼ ਨੂੰ ਕਿਹਾ ਗਿਆ।

ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੌਰਾਨ ਸਲਾਹ ਮਸ਼ਵਰੇ ਲਈ ਕੁਝ ਬੁੱਧੀਜੀਵੀਆਂ ਨੂੰ ਵੀ ਬੁਲਾਇਆ ਗਿਆ ਸੀ।

ਬੈਠਕ ਦੌਰਾਨ ਸਿੰਘ ਸਾਹਿਬਾਨ ਨੇ ਕੁੱਝ ਸਿੱਖ ਬੁੱਧੀਜੀਵੀਆਂ ਜਿਨ੍ਹਾਂ ‘ਚ ਬੀਬੀ ਕਿਰਨਜੋਤ ਕੌਰ, ਡਾ: ਇੰਦਰਜੀਤ ਸਿੰਘ ਗੋਗੋਆਣੀ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ: ਬਲਵੰਤ ਸਿੰਘ ਢਿੱਲੋਂ, ਸ: ਵਰਿਆਮ ਸਿੰਘ ਸ਼ਾਮਿਲ ਸਨ, ਤੋਂ ਵੀ ਰਾਏ ਲਈ, ਜਿਨ੍ਹਾਂ ਸਿੱਖ ਕੌਮ ‘ਚ ਵਧਦੇ ਵਖਰੇਵਿਆਂ ਨੂੰ ਰੋਕਣ ਲਈ ਕਿਸੇ ਸਾਂਝੇ ਫ਼ੈਸਲੇ ਦੀ ਅਪੀਲ ਕੀਤੀ ।

ਭਾਰਤੀ ਸਰਵਉੱਚ ਅਦਾਲਤ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧ ਮੁੱਦੇ ‘ਤੇ ਵਿਗੜੇ ਹਾਲਾਤਾਂ ਦੀ ਨਜ਼ਰਸਾਨੀ ਕਰਦਿਆਂ ਅੱਜ ਦਿੱਤੇ ‘ਸਟੇਟਸ-ਕੋ’ (ਜਿਵੇਂ ਦਾ ਤਿਵੇਂ ਰੱਖਣਾ) ਦੇ ਫ਼ੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਾਨੂੰਨ ਨੇ ਭਾਵੇਂ ਆਪਣੇ ਰਾਹ ਚੱਲਣਾ ਹੈ ਪਰ ਅਦਾਲਤ ਵੱਲੋਂ ਸ਼ਾਂਤੀ ਬਣਾਈ ਰੱਖਣ ਲਈ ਹਰਿਆਣਾ ਸਰਕਾਰ ਨੂੰ ਦਿੱਤੇ ਨਿਰਦੇਸ਼ ਢੁੱਕਵੇਂ ਹਨ ।

ਉਨ੍ਹਾਂ ਕਿਹਾ ਕਿ ਜਲਦ ਹੀ ਮਾਮਲੇ ਦੇ ਸਥਾਈ ਅਤੇ ਸਮਰੱਥ ਹੱਲ ਸਬੰਧੀ ਦੋਵੇਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਤਾਲਮੇਲ ਕਮੇਟੀ ਬਣਾਈ ਜਾਵੇਗੀ।

ਸਿੰਘ ਸਾਹਿਬਾਨ ਦੀ ਬੈਠਕ ‘ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ਼ਾਮਿਲ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: