ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾਂ ਕਰਕੇ ਡੇਰਾ ਸਿਰਸਾ ਗਏ ਸਿਆਸੀ ਆਗੂਆਂ ਦੀ ਜਾਂਚ ਲਈ ਬਣੀ ਤਿੰਨ ਮੈਂਬਰੀ ਕਮੇਟੀ ਨੇ 6 ਮਾਰਚ ਨੂੰ ਇਸ ਸਬੰਧੀ ਆਪਣੀ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ ਸੀ। ਇਸ ਮੁੱਦੇ ਸਬੰਧੀ ਮੀਡੀਆ ਨਾਲ ਗੱਲ ਕਰਿਦਆਂ ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਵਿੱਚ ਲਗਪਗ 50 ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ਵੋਟਾਂ ਵਾਸਤੇ ਸਮਰਥਨ ਪ੍ਰਾਪਤ ਕਰਨ ਲਈ ਡੇਰਾ ਸਿਰਸਾ ਦੇ ਮੁਖੀ ਨਾਲ ਸੰਪਰਕ ਕੀਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ 50 ਵਿਅਕਤੀਆਂ ਵਿੱਚ ਕੁਝ ਸਿਆਸੀ ਆਗੂ ਗੁਰਸਿੱਖ ਹਨ ਅਤੇ ਕੁਝ ਪਤਿਤ ਹਨ। ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦੇ ਘੇਰੇ ਵਿੱਚ ਸਿਰਫ਼ ਗੁਰਸਿੱਖ ਵਿਅਕਤੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਪੱਸ਼ਟੀਕਰਨ ਲਈ ਤਲਬ ਕੀਤਾ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਭਾਵੇਂ ਪਤਿਤ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ’ਤੇ ਤਲਬ ਨਾ ਕੀਤਾ ਜਾਵੇ ਪਰ ਹੁਕਮਨਾਮੇ ਦੀ ਉਲੰਘਣਾ ਸਬੰਧੀ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਇਹ ਗੰਭੀਰ ਮਾਮਲਾ ਹੈ।
ਪਤਾ ਲੱਗਿਆ ਹੈ ਕਿ ਇਨ੍ਹਾਂ 50 ਵਿਅਕਤੀਆਂ ਵਿੱਚ ਵਧੇਰੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸ਼ਾਮਲ ਹਨ। ਇਹ ਨੁਮਾਇੰਦੇ 28 ਜਨਵਰੀ ਨੂੰ ਡੇਰਾ ਸਿਰਸਾ ਪੁੱਜੇ ਸਨ ਅਤੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਸੀ। ਇਸ ਮਗਰੋਂ ਪਹਿਲੀ ਜਨਵਰੀ ਨੂੰ ਡੇਰਾ ਸਿਰਸਾ ਨੇ ਆਪਣੀ ਹਮਾਇਤ ਬਾਦਲ ਦਲ ਨੂੰ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਡੇਰੇ ਵਿੱਚ ਸਮਾਗਮ ਸਮੇਂ ਐਲਾਨ ਕੀਤਾ ਗਿਆ ਸੀ। ਉਸ ਵੇਲੇ ਮੰਚ ’ਤੇ ਕਈ ਬਾਦਲ ਦਲ ਦੇ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਦੀਆਂ ਤਸਵੀਰਾਂ ਵੀ ਪ੍ਰਕਾਸ਼ਤ ਹੋਈਆਂ ਸਨ।
ਸਬੰਧਤ ਖ਼ਬਰ: ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ …