ਲੁਧਿਆਣਾ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਬਲਵਿੰਦਰ ਕੌਰ ਘਵੱਦੀ ਦਾ ਕਤਲ ਕਰਨ ਦੇ ‘ਦੋਸ਼’ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਵਿਚੋਂ ਤਿੰਨ ਨੂੰ ਅੱਜ ਜੁਡੀਸ਼ੀਅਲ ਮੈਜੀਸਟ੍ਰੇਟ ਲਵਜਿੰਦਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਅਤੇ ਨਿਹਾਲ ਸਿੰਘ (ਉਰਫ ਜਸਪ੍ਰੀਤ ਸਿੰਘ) ਨੇ ਅਦਾਲਤ ਦੇ ਸਾਹਮਣੇ ਸਮਰਪਣ ਕਰ ਦਿੱਤਾ ਸੀ। ਬਾਅਦ ਵਿਚ ਪੁਲਿਸ ਨੇ ਇਸੇ ਕੇਸ ਵਿਚ 3 ਅਗਸਤ ਨੂੰ ਤਿੰਨ ਹੋਰ ਸਿੱਖਾਂ ਹਰਬੰਸ ਸਿੰਘ ਕੱਲੇ ਮਾਜਰਾ (ਨਾਭਾ), ਗੁਰਵਿੰਦਰ ਸਿੰਘ ਅਤੇ ਜਗਜੀਤ ਸਿੰਘ ਹਰੀਕੇ (ਸੰਗਰੂਰ) ਦੀ ਗ੍ਰਿਫਤਾਰੀ ਦਿਖਾਈ ਸੀ।
ਇਨ੍ਹਾਂ ਸਿੱਖਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਪੁਲਿਸ ਨੇ ਅਦਾਲਤ ਖੁਲ੍ਹਣ ਸਾਰ ਹੀ ਇਨ੍ਹਾਂ ਨੂੰ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ, ਤਾਂ ਜੋ ਇੱਥੇ ਸਿੱਖ ਸੰਗਤ ਦਾ ਇਕੱਠ ਨਾ ਹੋ ਸਕੇ।